BJP Punjab: ਹੁਣ ਨਸ਼ਾ ਤੇ ਕਾਨੂੰਨ ਪ੍ਰਬੰਧ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰੇਗੀ ਭਾਜਪਾ, ਪੰਜਾਬ ’ਚ ਕਰੇਗੀ ’ਚ ਮਹਾਂ ਯਾਤਰਾ
ਨਰਿੰਦਰ ਮੋਦੀ, ਨਿਤਿਨ ਨਬੀਨ ਤੇ ਅਮਿਤ ਸ਼ਾਹ ਲੈਣਗੇ ਭਾਗ, 18 ਤੋਂ ਚਾਰ ਥਾਵਾਂ ਤੋਂ ਸ਼ੁਰੂ ਹੋਵੇਗੀ ਯਾਤਰਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਸਭ ਤੋਂ ਵੱਡੇ ਮੁੱਦੇ ਨਸ਼ੇ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਸ਼ੁਰੂ ਕਰ ਲਈ ਗਈ ਹੈ। ਇਸ ਨਾਲ ਹੀ ਕਾਨੂੰਨ ਪ੍ਰਬੰਧ ਤੋਂ ਲੈ ਕੇ ਅੱਧੀ ਦਰਜ਼ਨ ਹੋਰ ਮੁੱਦੇ ਵੀ ਸ਼ਾਮਲ ਕਰਦੇ ਹੋਏ ਭਾਜਪਾ ਵੱਲੋਂ ਪੰਜਾਬ ’ਚ ਮਹਾਂ ਯਾਤਰਾ ਕੀਤੀ ਜਾ ਰਹੀ ਹੈ ਤੇ ਇਸ ਮਹਾਂ ਯਾਤਰਾ ਦੀ ਖ਼ਾਸ ਗੱਲ ਇਹ ਹੈ ਕਿ ਇਸ ਯਾਤਰਾ ਰਾਹੀਂ ਪੰਜਾਬ ਦੇ 117 ਵਿਧਾਨ ਸਭਾ ਹਲਕੇ ਕਵਰ ਕਰਨ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਸ਼ਰੇਆਮ ਵਿੱਕ ਰਹੇ ਚਿੱਟੇ ਤੇ ਨਸ਼ੇ ਨੂੰ ਆਮ ਜਨਤਾ ਅੱਗੇ ਰੱਖਿਆ ਜਾਏਗਾ। ਇਸ ਮਹਾਂ ਯਾਤਰਾ ’ਚ ਕੌਮੀ ਪ੍ਰਧਾਨ ਨਿਤਿਨ ਨਬੀਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੁੱਜਣਗੇ। ਇਹ ਯਾਤਰਾ 18 ਤੋਂ 30 ਸਤੰਬਰ ਤੱਕ 12 ਦਿਨਾਂ ਲਈ ਕੱਢੀ ਜਾਵੇਗੀ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਇਸ ਮਹਾਂ ਯਾਤਰਾ ਦੀ ਸ਼ੁਰੂਆਤ ਕਰਨਗੇ। ਯਾਤਰਾ ਨੂੰ ਪੰਜਾਬ ਦੇ ਚਾਰ ਵੱਖ-ਵੱਖ ਖੇਤਰਾਂ ’ਚੋਂ ਇੱਕੋ ਸਮੇਂ ਸ਼ੁਰੂ ਕਰਨ ਦੀ ਯੋਜਨਾ ਹੈ, ਜਿਸ ਤੋਂ ਬਾਅਦ ਇਹ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ। ਭਾਜਪਾ ਨੇ ਯਾਤਰਾ ਦੀ ਸ਼ੁਰੂਆਤ ਲਈ ਪੰਜਾਬ ਦੀ ਧਾਰਮਿਕ, ਇਤਿਹਾਸਕ ਤੇ ਰਾਸ਼ਟਰੀ ਭਾਵਨਾ ਨਾਲ ਜੁੜੀਆਂ ਚਾਰ ਥਾਵਾਂ ਦੀ ਚੋਣ ਕੀਤੀ ਹੈ। ਪਹਿਲਾ ਜੱਥਾ ਪਠਾਨਕੋਟ ਖੇਤਰ ਵਿੱਚ ਜੰਮੂ-ਕਸ਼ਮੀਰ ਸਰਹੱਦ ਨੇੜੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਯਾਦਗਰ ਤੋਂ ਰਵਾਨਾ ਹੋਵੇਗਾ।
ਦੂਜਾ ਜੱਥਾ ਸ੍ਰੀ ਆਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ। ਤੀਜਾ ਜੱਥਾ ਤਲਵੰਡੀ ਸਾਬੋ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤੇ ਚੌਥੀ ਯਾਤਰਾ ਫਾਜ਼ਿਲਕਾ ਦੇ ਆਸਫ ਵਾਲਾ ਜੰਗੀ ਯਾਦਗਾਰ ਤੋਂ ਸ਼ੁਰੂ ਕਰਨ ਦੀ ਤਿਆਰੀ ਹੈ। ਪਾਰਟੀ ਵੱਲੋਂ ਇਨ੍ਹਾਂ ਥਾਵਾਂ ਦੀ ਚੋਣ ਰਾਹੀਂ ਧਾਰਮਿਕ ਆਸਥਾ, ਦੇਸ਼ ਦੀ ਸੁਰੱਖਿਆ ਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਆਪਣੀ ਮੁਹਿੰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਜਪਾ ਦੀ ਯੋਜਨਾ ਇਸ ਮਹਾਂ ਯਾਤਰਾ ਨੂੰ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਰੱਖਣ ਦੀ ਨਹੀਂ ਹੈ। ਪਾਰਟੀ ਵੱਲੋਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਜਨਤਾ ਤੱਕ ਪਹੁੰਚ ਬਣਾਉਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਜਨ ਸਭਾਵਾਂ, ਵਰਕਰ ਮਿਲਣੀਆਂ ਤੇ ਨੌਜਵਾਨਾਂ ਨੂੰ ਜੋੜਨ ਲਈ ਮੋਟਰਸਾਈਕਲ ਰੈਲੀਆਂ ਕਰਵਾਉਣ ਦੀ ਤਿਆਰੀ ਹੈ।
ਇਸ ਮੁਹਿੰਮ ਲਈ ਕੇਂਦਰੀ ਮੰਤਰੀਆਂ, ਭਾਜਪਾ ਦੇ ਕੌਮੀ ਅਹੁਦੇਦਾਰਾਂ ਅਤੇ ਸੂਬਾਈ ਆਗੂਆਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਇਸ ਤਰਾਂ ਪਾਰਟੀ ਇਸ ਯਾਤਰਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿੱਧੀ ਜ਼ਮੀਨੀ ਤਿਆਰੀ ਵਜੋਂ ਵਰਤਣ ਦੇ ਰਾਹ ’ਤੇ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਪਹਿਲਾਂ ਹੀ ਭਗਵੰਤ ਮਾਨ ਸਰਕਾਰ ’ਤੇ ਹਮਲੇ ਕਰਦੀ ਰਹੀ ਹੈ। ਹੁਣ ਮਹਾਂ ਯਾਤਰਾ ਦੌਰਾਨ ਨਸ਼ਾ ਤਸਕਰੀ, ਨੌਜਵਾਨਾਂ ਵਿੱਚ ਵਧ ਰਹੀ ਨਸ਼ੇ ਦੀ ਲਤ ਅਤੇ ਕਾਨੂੰਨ-ਵਿਵਸਥਾ ਦੇ ਮੁੱਦਿਆਂ ਨੂੰ ਮੁੱਖ ਤੌਰ ’ਤੇ ਉਭਾਰਨ ਦੀ ਤਿਆਰੀ ਹੈ।
ਭਾਜਪਾ ਵੱਲੋਂ ਇਸ ਮੁਹਿੰਮ ਰਾਹੀਂ ਲੋਕਾਂ ਨਾਲ ਸਿੱਧਾ ਸੰਵਾਦ ਕਰਕੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਜਾਣਗੇ। ਪਾਰਟੀ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਸਰਹੱਦੀ ਇਲਾਕਿਆਂ ਨਾਲ ਸਬੰਧਿਤ ਮੁੱਦਿਆਂ ਨੂੰ ਵੀ ਆਪਣੀ ਮੁਹਿੰਮ ਦਾ ਹਿੱਸਾ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਜਲੰਧਰ ’ਚ ਅਮਿਤ ਸ਼ਾਹ ਦੀ ਰੈਲੀ ਨਾਲ ਸਮਾਪਤੀ
12 ਦਿਨਾਂ ਦੀ ਇਹ ਮਹਾਂ ਯਾਤਰਾ 29 ਜਾਂ 30 ਸਤੰਬਰ ਨੂੰ ਜਲੰਧਰ ’ਚ ਵੱਡੀ ਰੈਲੀ ਨਾਲ ਸਮਾਪਤ ਕਰਨ ਦੀ ਤਿਆਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਭਾਜਪਾ ਇਸ ਸਮਾਗਮ ਨੂੰ ਸੂਬੇ ’ਚ ਆਪਣੇ ਚੋਣ ਅਭਿਆਨ ਦੇ ਵੱਡੇ ਆਗਾਜ਼ ਵਜੋਂ ਪੇਸ਼ ਕਰਨ ਦੀ ਤਿਆਰੀ ’ਚ ਹੈ। ਪਾਰਟੀ ਪੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਤੂਬਰ ’ਚ ਪੰਜਾਬ ਦੌਰੇ ਦੀ ਵੀ ਚਰਚਾ ਹੈ। ਹਾਲਾਂਕਿ ਉਨ੍ਹਾਂ ਦੇ ਦੌਰੇ ਸਬੰਧੀ ਤੈਅ ਪ੍ਰੋਗਰਾਮ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ। ਸੰਭਾਵਨਾ ਹੈ ਕਿ ਇਸ ਦੌਰੇ ਦੌਰਾਨ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਸਮੇਤ ਵੱਖ-ਵੱਖ ਥਾਵਾਂ ’ਤੇ ਸਮਾਗਮ ਕੀਤੇ ਜਾ ਸਕਦੇ ਹਨ।