Road Safety: ਹਾਦਸਿਆਂ ਤੋਂ ਬਾਅਦ ਨਹੀਂ, ਪਹਿਲਾਂ ਤੈਅ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ
ਹਾਦਸਿਆਂ ਤੋਂ ਬਾਅਦ ਨਹੀਂ, ਪਹਿਲਾਂ ਤੈਅ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ
ਦਿੱਲੀ ਵਿੱਚ ਇੱਕ ਹੋਰ ਇਮਾਰਤ ਦਾ ਢਹਿ ਜਾਣਾ ਸਿਰਫ਼ ਇੱਕ ਹਾਦਸਾ ਮੰਨ ਕੇ ਅੱਗੇ ਵਧ ਜਾਣਾ ਅਸਾਨ ਹੈ, ਪਰ ਇਸ ਦੇ ਪਿੱਛੇ ਲੁੁਕੀ ਲਾਪਰਵਾਹੀ ਅਤੇ ਵਿਵਸਥਾ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਨਾ ਕਿਤੇ ਵੱਧ ਭਿਆਨਕ ਹੈ। ਸੱਤਿਆ ਨਿਕੇਤਨ ਖੇਤਰ ਵਿੱਚ ਖਸਤਾ ਹਾਲਤ ਵਾਲੀ ਇਮਾਰਤ ਡਿੱਗਣ ਦੀ ਘਟਨਾ ਨੇ ਉਨ੍ਹਾਂ ਪਰਿਵਾਰਾਂ ਨੂੰ ਡੂੰਘੇ ਦੁੱਖ ਵਿੱਚ ਪਾ ਦਿੱਤਾ, ਜਿਨ੍ਹਾਂ ਦੇ ਬੱਚੇ ਬਿਹਤਰ ਸਿੱਖਿਆ ਅਤੇ ਸੁਨਹਿਰੇ ਭਵਿੱਖ ਦਾ ਸੁਫਨਾ ਲੈ ਕੇ ਰਾਜਧਾਨੀ ਦਿੱਲੀ ਪਹੁੰਚੇ ਸਨ। ਰਾਹਤ ਅਤੇ ਬਚਾਅ ਟੀਮਾਂ ਘਟਨਾ-ਸਥਾਨ ’ਤੇ ਪਹੁੰਚੀਆਂ, ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਪਰਿਵਾਰਾਂ ਦੀ ਬੇਚੈਨੀ ਵਧਦੀ ਰਹੀ। ਅਜਿਹੇ ਸਮੇਂ ਵਿੱਚ ਸ਼ਬਦ ਬਹੁਤ ਛੋਟੇ ਪੈ ਜਾਂਦੇ ਹਨ। ਰਾਜਧਾਨੀ ਦਿੱਲੀ ਦੇਸ਼ ਭਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਸਿੱਖਿਆ ਦਾ ਵੱਡਾ ਕੇਂਦਰ ਹੈ। ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਲੈ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਤੱਕ, ਹਜ਼ਾਰਾਂ ਪਰਿਵਾਰ ਆਪਣੇ ਬੱਚਿਆਂ ਨੂੰ ਦਿੱਲੀ ਭੇਜਦੇ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਸੀਮਿਤ ਆਰਥਿਕ ਸਾਧਨਾਂ ਵਾਲੇ ਪਰਿਵਾਰਾਂ ਤੋਂ ਆਉਂਦੇ ਹਨ। ਉਨ੍ਹਾਂ ਨੂੰ ਸੁਰੱਖਿਅਤ ਅਤੇ ਸਸਤਾ ਟਿਕਾਣਾ ਚਾਹੀਦਾ ਹੈ। ਇਸੀ ਲੋੜ ਦਾ ਫਾਇਦਾ ਉਠਾ ਕੇ ਕਈ ਥਾਵਾਂ ’ਤੇ ਮਕਾਨ ਮਾਲਕ ਅਤੇ ਸੰਚਾਲਕ ਨਿਯਮਾਂ ਨੂੰ ਅਣਗੋਲਿਆਂ ਕਰਦੇ ਹਨ। ਛੋਟੇ ਪਲਾਟਾਂ ’ਤੇ ਲੋੜ ਤੋਂ ਵੱਧ ਕਮਰੇ ਬਣਾ ਦਿੱਤੇ ਜਾਂਦੇ ਹਨ, ਰਸਤੇ ਤੰਗ-ਭੀੜੇ ਹੁੰਦੇ ਹਨ, ਸੰਕਟ-ਮੁਸੀਬਤ ’ਚੋਂ ਨਿਕਲਣ ਲਈ ਢੁੱਕਵੀਂ ਵਿਵਸਥਾ ਨਹੀਂ ਹੁੰਦੀ ਅਤੇ ਪੁਰਾਣੀਆਂ ਇਮਾਰਤਾਂ ਦੀ ਸਮੇਂ ਸਿਰ ਜਾਂਚ ਵੀ ਨਹੀਂ ਹੁੰਦੀ। ਸਵਾਲ ਇਹ ਹੈ ਕਿ ਅਜਿਹੀਆਂ ਇਮਾਰਤਾਂ ਇੱਕ ਦਿਨ ਵਿੱਚ ਖ਼ਤਰਨਾਕ ਨਹੀਂ ਬਣਦੀਆਂ। ਕੰਧਾਂ ਵਿੱਚ ਦਰਾਰਾਂ ਦਿਖਾਈ ਦਿੰਦੀਆਂ ਹਨ, ਛੱਤਾਂ ਤੋਂ ਪਾਣੀ ਟਪਕਦਾ ਹੈ, ਪੌੜੀਆਂ ਅਤੇ ਛੱਜਿਆਂ ਵਿੱਚ ਟੁੱਟ-ਫੁੱਟ ਹੁੰਦੀ ਹੈ ਅਤੇ ਬਾਰਸ਼ ਦੇ ਦਿਨਾਂ ਵਿੱਚ ਹੇਠਲੇ ਹਿੱਸਿਆਂ ਅੰਦਰ ਪਾਣੀ ਵੜਦਾ ਹੁੰਦਾ ਹੈ। ਇਹ ਸਾਰੇ ਸੰਕੇਤ ਕਿਸੇ ਵੱਡੇ ਖ਼ਤਰੇ ਵੱਲ ਇਸ਼ਾਰਾ ਕਰਦੇ ਹਨ। ਫਿਰ ਵੀ ਜਦੋਂ ਤੱਕ ਕੋਈ ਵੱਡੀ ਦੁਰਘਟਨਾ ਨਹੀਂ ਵਾਪਰੀ, ਜ਼ਿੰਮੇਵਾਰ ਤੰਤਰ ਅਕਸਰ ਸਰਗਰਮ ਨਹੀਂ ਹੁੰਦਾ।
ਇਹੀ ਉਦਾਸੀਨਤਾ ਸਭ ਤੋਂ ਵੱਡੀ ਚਿੰਤਾ ਹੈ।ਦਿੱਲੀ ਵਿੱਚ ਵਿਦਿਆਰਥੀਆਂ ਲਈ ਕਿਰਾਏ ਦੇ ਕਮਰਿਆਂ ਅਤੇ ਹੋਸਟਲ ਵਰਗੀਆਂ ਸਹੂਲਤਾਂ ਦੇਣ ਲਈ ਵੱਡਾ ਬਜ਼ਾਰ ਹੈ। ਕਈ ਮਕਾਨਾਂ ਨੂੰ ਵੱਧ ਆਮਦਨ ਦੇ ਲਾਲਚ ਵਿੱਚ ਉਨ੍ਹਾਂ ਦੀ ਮੂਲ ਸਮਰੱਥਾ ਤੋਂ ਕਿਤੇ ਵੱਧ ਲੋਕਾਂ ਦੇ ਰਹਿਣ ਲਈ ਵਰਤਿਆ ਜਾਂਦਾ ਹੈ। ਭਵਨ ਨਿਰਮਾਣ ਦੇ ਨਿਯਮਾਂ, ਅੱਗ ਸੁਰੱਖਿਆ ਅਤੇ ਢਾਂਚਾਗਤ ਮਜ਼ਬੂਤੀ ਦੀ ਨਜ਼ਰਅੰਦਾਜੀ ਲੋਕਾਂ ਦੀ ਜ਼ਿੰਦਗੀ ਨੂੰ ਸਿੱਧਾ ਖ਼ਤਰੇ ਵਿੱਚ ਪਾ ਦਿੰਦੀ ਹੈ। ਕਿਸੇ ਇਮਾਰਤ ਵਿੱਚ ਦਰਜਨਾਂ ਨੌਜਵਾਨਾਂ ਦਾ ਰਹਿਣਾ ਆਪਣੇ ਆਪ ਵਿੱਚ ਵੱਡੀ ਜ਼ਿੰਮੇਵਾਰੀ ਹੈ। ਉੱਥੇ ਸੁਰੱਖਿਆ ਵਿਵਸਥਾ ਵਿੱਚ ਛੋਟੀ ਜਿਹੀ ਭੁੱਲ-ਗਲਤੀ ਵੀ ਵੱਡੀ ਤ੍ਰਾਸਦੀ ਦਾ ਕਾਰਨ ਬਣ ਸਕਦੀ ਹੈ। ਦੁਰਘਟਨਾ ਤੋਂ ਬਾਅਦ ਅਕਸਰ ਉਹੀ ਜਾਣ-ਪਛਾਣ ਵਾਲੇ ਐਲਾਨ ਸੁਣਾਈ ਦਿੰਦੇ ਹਨ-ਮੁਲਜ਼ਮਾਂ ’ਤੇ ਸਖ਼ਤ ਕਾਰਵਾਈ ਹੋਵੇਗੀ, ਜਾਂਚ ਕਰਾਈ ਜਾਵੇਗੀ ਅਤੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਸਹਾਇਤਾ ਜ਼ਰੂਰੀ ਹੈ, ਮੁਲਜ਼ਮਾਂ ’ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Haryana News: ਹਰਿਆਣਾ ’ਚ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਹੋਵੇਗਾ ਮਜ਼ਬੂਤ: ਆਰਤੀ ਸਿੰਘ ਰਾਓ
ਪਰ ਇਸ ਨਾਲ ਕਿਸੇ ਪਰਿਵਾਰ ਦਾ ਗਿਆ ਹੋਇਆ ਬੱਚਾ ਵਾਪਸ ਨਹੀਂ ਆ ਸਕਦਾ। ਅਸਲ ਜ਼ਿੰਮੇਵਾਰੀ ਦੁਰਘਟਨਾ ਤੋਂ ਬਾਅਦ ਨਹੀਂ, ਦੁਰਘਟਨਾ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ। ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਿਨ੍ਹਾਂ ਇਮਾਰਤਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਹਿੰਦੇ ਹਨ, ਉਨ੍ਹਾਂ ਦੀ ਨਿਯਮਿਤ ਜਾਂਚ ਹੋਵੇ। ਖ਼ਤਰਨਾਕ ਇਮਾਰਤਾਂ ਨੂੰ ਖਾਲੀ ਕਰਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਸਮੇਂਬੱਧ ਹੋਣੀ ਚਾਹੀਦੀ ਹੈ। ਭ੍ਰਿਸ਼ਟਾਚਾਰ ਦੀ ਭੂਮਿਕਾ ਵੀ ਗੰਭੀਰਤਾ ਨਾਲ ਜਾਂਚੇ ਜਾਣ ਦੀ ਲੋੜ ਹੈ। ਜੇ ਕੋਈ ਇਮਾਰਤ ਨਿਯਮਾਂ ਦੀ ਉਲੰਘਣਾ ਕਰਕੇ ਖੜ੍ਹੀ ਹੁੰਦੀ ਹੈ, ਉਸ ਵਿੱਚ ਸਾਲਾਂ ਤੱਕ ਲੋਕ ਰਹਿੰਦੇ ਹਨ ਅਤੇ ਸਬੰਧਿਤ ਵਿਭਾਗਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ, ਤਾਂ ਜ਼ਿੰਮੇਵਾਰੀ ਸਿਰਫ਼ ਮਾਲਕ ਤੱਕ ਸੀਮਿਤ ਨਹੀਂ ਰਹਿ ਸਕਦੀ। ਨਿਗਰਾਨੀ ਕਰਨ ਵਾਲੇ ਤੰਤਰ ਦੀ ਭੂਮਿਕਾ ਵੀ ਤੈਅ ਹੋਣੀ ਚਾਹੀਦੀ ਹੈ। ਰਿਸ਼ਵਤ ਲੈ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਵਿਦਿਆਰਥੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਿੱਚ ਭਾਗੀਦਾਰ ਹੈ।
ਦਿੱਲੀ ਵਿੱਚ ਵਿਦਿਆਰਥੀਆਂ ਨਾਲ ਜੁੜੀਆਂ ਕਈ ਦੁਰਘਟਨਾਵਾਂ ਪਹਿਲਾਂ ਵੀ ਵਿਵਸਥਾ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰ ਚੁੱਕੀਆਂ ਹਨ। ਕਦੇ ਅੱਗ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਆਉਂਦੀ ਹੈ ਤਾਂ ਕਦੇ ਇਮਾਰਤਾਂ ’ਚ ਪਾਣੀ ਭਰ ਜਾਣਾ ਅਤੇ ਨਿਕਾਸੀ ਪ੍ਰਬੰਧ ਦੀਆਂ ਖਾਮੀਆਂ ਸਾਹਮਣੇ ਆਉਂਦੀਆਂ ਹਨ। ਹਰ ਘਟਨਾ ਤੋਂ ਬਾਅਦ ਜਾਂਚ ਬੈਠਦੀ ਹੈ, ਪਰ ਕੁਝ ਸਮਾਂ ਬੀਤਦਿਆਂ ਹੀ ਜਨਤਕ ਯਾਦ ਤੋਂ ਮਾਮਲਾ ਧੁੰਦਲਾ ਪੈ ਜਾਂਦਾ ਹੈ। ਇਹੀ ਚੱਕਰ ਤੋੜਨਾ ਪਵੇਗਾ। ਵਿਦਿਆਰਥੀ ਆਪਣੇ ਘਰਾਂ ਤੋਂ ਦੂਰ ਭਵਿੱਖ ਬਣਾਉਣ ਆਉਂਦੇ ਹਨ। ਉਨ੍ਹਾਂ ਨੂੰ ਅਜਿਹੀ ਇਮਾਰਤ ’ਚ ਰਹਿਣ ਦੀ ਮਜ਼ਬੂਰੀ ਨਹੀਂ ਹੋਣੀ ਚਾਹੀਦੀ, ਜਿੱਥੇ ਹਰ ਰਾਤ ਇੱਕ ਅਣਜਾਣ ਡਰ ਨਾਲ ਸੌਂਦਾ ਹੋਵੇ। ਸਸਤਾ ਕਮਰਾ ਕਿਸੇ ਪਰਿਵਾਰ ਦੇ ਸੁਫਨਿਆਂ ਦੀ ਕੀਮਤ ਨਹੀਂ ਬਣ ਸਕਦਾ।
ਸਰਕਾਰ, ਸਥਾਨਕ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਮਿਲ ਕੇ ਕਿਰਾਏ ਦੇ ਰਿਹਾਇਸ਼ਾਂ ਤੇ ਵਿਦਿਆਰਥੀਆਂ ਦੇ ਰਿਹਾਇਸ਼ ਦੀ ਸੁਰੱਖਿਆ ਵਿਵਸਥਾ ਨੂੰ ਗੰਭੀਰਤਾ ਨਾਲ ਵੇਖਣਾ ਹੋਵੇਗਾ। ਇਸ ਹਾਦਸੇ ਦਾ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਕਿਸੇ ਇਮਾਰਤ ਦੇ ਡਿੱਗਣ ਦਾ ਇੰਤਜ਼ਾਰ ਕਰਕੇ ਕਾਰਵਾਈ ਕਰਨਾ ਸ਼ਾਸਨ ਨਹੀਂ ਹੈ। ਸੁਰੱਖਿਅਤ ਭਵਨ, ਨਿਯਮਿਤ ਨਿਰੀਖਣ ਤੇ ਜਵਾਬਦੇਹੀ ਕਿਸੇ ਉਪਕਾਰ ਦਾ ਨਾਂਅਨਹੀਂ, ਨਾਗਰਿਕਾਂ ਦਾ ਅਧਿਕਾਰ ਹਨ। ਜੇ ਇਸ ਘਟਨਾ ਤੋਂ ਬਾਅਦ ਵੀ ਕਮਜ਼ੋਰ ਇਮਾਰਤਾਂ ’ਤੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਅਗਲੀ ਤ੍ਰਾਸਦੀ ਤੋਂ ਬਾਅਦ ਵੀ ਉਹੀ ਸਵਾਲ ਖੜ੍ਹਾ ਹੋਵੇਗਾ— ਜ਼ਿੰਮੇਵਾਰ ਕੌਣ ਹੈ? ਤੇ ਉਦੋਂ ਸ਼ਾਇਦ ਜਵਾਬ ਦੇਣ ਲਈ ਬਹੁਤ ਦੇਰ ਹੋ ਚੁੱਕੀ ਹੋਵੇਗੀ।
ਇਹ ਲੇਖਕ ਦੇ ਆਪਣੇ ਵਿਚਾਰ ਹਨ।
ਡਾ. ਰਮੇਸ਼ ਠਾਕੁਰ