Fake Currency Notes: ਵਿੱਤੀ ਪ੍ਰਣਾਲੀ ਦੀਆਂ ਜੜ੍ਹਾਂ ਖੋਖਲੀਆਂ ਕਰਦਾ ਨਕਲੀ ਨੋਟਾਂ ਦਾ ਜਾਲ

ਵਿੱਤੀ ਪ੍ਰਣਾਲੀ ਦੀਆਂ ਜੜ੍ਹਾਂ ਖੋਖਲੀਆਂ ਕਰਦਾ ਨਕਲੀ ਨੋਟਾਂ ਦਾ ਜਾਲ

Khushdeep Singh Picture
Published On

ਕਿਸੇ ਵੀ ਖ਼ੁਸ਼ਹਾਲ ਅਤੇ ਖੁਦਮੁਖਤਿਆਰ ਮੁਲਕ ਦੀ ਰੀੜ੍ਹ ਦੀ ਹੱਡੀ ਉਸ ਦੀ ਮਜ਼ਬੂਤ ਵਿੱਤੀ ਪ੍ਰਣਾਲੀ ਹੁੰਦੀ ਹੈ, ਪਰ ਅੱਜ ਦੇ ਦੌਰ ਵਿੱਚ ਜਾਅਲੀ ਨੋਟਾਂ ਦਾ ਫੈਲ ਰਿਹਾ ਜਾਲ ਇਸ ਬੁਨਿਆਦ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਸਾਲਾਨਾ ਅੰਕੜਿਆਂ ਮੁਤਾਬਕ ਸਾਲ 2025-26 ਦੌਰਾਨ ਬੈਂਕਿੰਗ ਪ੍ਰਣਾਲੀ ਵਿੱਚ ਜਾਅਲੀ ਨੋਟਾਂ ਦੀ ਬਰਾਮਦਗੀ ’ਚ ਪਿਛਲੇ ਸਾਲ ਦੇ ਮੁਕਾਬਲੇ 5.7 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ। ਇਹ ਲਗਾਤਾਰ ਵਾਧਾ ਸਾਬਤ ਕਰਦਾ ਹੈ ਕਿ ਯੂਪੀਆਈ ਅਤੇ ਡਿਜ਼ੀਟਲ ਲੈਣ-ਦੇਣ ਦੇ ਤੇਜ਼ੀ ਨਾਲ ਵਧ ਰਹੇ ਪ੍ਰਸਾਰ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੈਸ਼ ਦੀ ਵਰਤੋਂ ਤੇ ਜਾਅਲਸਾਜ਼ ਗਿਰੋਹਾਂ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਬੇਹੱਦ ਸਰਗਰਮ ਹਨ। ਜੇਕਰ ਪਿਛੋਕੜ ’ਤੇ ਝਾਤ ਮਾਰੀਏ ਤਾਂ ਨਵੰਬਰ 2016 ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦਾ ਇੱਕ ਮੁੱਖ ਉਦੇਸ਼ ਮਾਰਕੀਟ ਵਿੱਚੋਂ ਪੁਰਾਣੇ 500 ਅਤੇ 1000 ਦੇ ਨਕਲੀ ਨੋਟਾਂ ਦੇ ਪੂਰੇ ਨੈੱਟਵਰਕ ਨੂੰ ਤਬਾਹ ਕਰਨਾ ਸੀ। ਉਸ ਵੇਲੇ ਇੰਡੀਅਨ ਸਟੈਟੀਸਟੀਕਲ ਇੰਸਟੀਚਿਊਟ ਕੋਲਕਾਤਾ ਦੇ ਇੱਕ ਅਧਿਐਨ ਨੇ ਖੁਲਾਸਾ ਕੀਤਾ ਸੀ ਕਿ ਭਾਰਤੀ ਬਾਜ਼ਾਰ ਵਿੱਚ ਲਗਭਗ 400 ਕਰੋੜ ਦੀ ਜਾਅਲੀ ਕਰੰਸੀ ਘੁੰਮ ਰਹੀ ਸੀ ਅਤੇ ਹਰ ਸਾਲ 70 ਕਰੋੜ ਦੇ ਨਵੇਂ ਜਾਅਲੀ ਨੋਟ ਸਰਕੁਲੇਸ਼ਨ ਵਿੱਚ ਧੱਕੇ ਜਾ ਰਹੇ ਸਨ। Fake Currency Notes

ਨੋਟਬੰਦੀ ਤੋਂ ਬਾਅਦ ਜਾਰੀ ਹੋਏ ਨਵੇਂ 2000 ਅਤੇ 500 ਦੇ ਨੋਟਾਂ ਵਿੱਚ ਉੱਚ ਸੁਰੱਖਿਆ ਫ਼ੀਚਰ ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਸਿਰਫ਼ ਕੁਝ ਮਹੀਨਿਆਂ ਅੰਦਰ ਹੀ ਸਰਹੱਦ ਪਾਰੋਂ ਇਨ੍ਹਾਂ ਦੀਆਂ ਵੀ ਹੂ-ਬ-ਹੂ ਕਾਪੀਆਂ ਬਾਜ਼ਾਰ ਵਿੱਚ ਆਉਣ ਲੱਗ ਪਈਆਂ ਸਨ। ਮੌਜੂਦਾ ਬਰਾਮਦਗੀਆਂ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਹੈ ਕਿ ਜ਼ਬਤ ਕੀਤੀ ਗਈ ਕੁੱਲ ਜਾਅਲੀ ਕਰੰਸੀ ਵਿੱਚੋਂ 61.8 ਫ਼ੀਸਦੀ ਦੀ ਵੱਡੀ ਹਿੱਸੇਦਾਰੀ ਇਕੱਲੇ 500 ਤੇ 200 ਦੇ ਨੋਟਾਂ ਦੀ ਹੈ। ਮਈ 2023 ਵਿੱਚ ਆਰਬੀਆਈ ਵੱਲੋਂ 2000 ਦੇ ਗੁਲਾਬੀ ਨੋਟਾਂ ਨੂੰ ਚਲਣ ਵਿੱਚੋਂ ਹੌਲੀ-ਹੌਲੀ ਬਾਹਰ ਕਰਨ ਤੋਂ ਬਾਅਦ, ਜਾਅਲਸਾਜ਼ਾਂ ਨੇ ਆਪਣਾ ਪੂਰਾ ਧਿਆਨ 500 ਦੇ ਨੋਟਾਂ ਵੱਲ ਮੋੜ ਲਿਆ। ਠੱਗ ਗਿਰੋਹ ਆਮ ਨਾਗਰਿਕਾਂ ਅਤੇ ਛੋਟੇ ਦੁਕਾਨਦਾਰਾਂ ਦੀ ਭੀੜ-ਭੜੱਕੇ ਦੌਰਾਨ ਹੁੰਦੀ ਅਣਗਹਿਲੀ ਦਾ ਲਾਹਾ ਲੈ ਕੇ ਇਨ੍ਹਾਂ ਨਕਲੀ ਨੋਟਾਂ ਨੂੰ ਬੜੀ ਚਲਾਕੀ ਨਾਲ ਸਰਕੂਲੇਸ਼ਨ ਵਿੱਚ ਖਪਾ ਦਿੰਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਹਮਣੇ ਆਏ ਹਾਲੀਆ ਮਾਮਲੇ ਦਰਸਾਉਂਦੇ ਹਨ ਕਿ ਇਹ ਸਿੰਡੀਕੇਟ ਕਿੰਨਾ ਫੈਲ ਚੁੱਕਾ ਹੈ।

12 ਜੁਲਾਈ ਨੂੰ ਰਾਜਸਥਾਨ ਦੇ ਅਜਮੇਰ ਵਿੱਚ ਪੁਲਿਸ ਨੇ ਇੱਕ ਘਰ ਅੰਦਰ ਹਾਈ-ਰੈਜ਼ੋਲਿਊਸ਼ਨ ਪ੍ਰਿੰਟਰਾਂ ਨਾਲ ਨਕਲੀ ਕਰੰਸੀ ਛਾਪ ਰਹੇ ਵਿਅਕਤੀ ਨੂੰ ਕਾਬੂ ਕਰਕੇ 13.60 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਇਸੇ ਤਰ੍ਹਾਂ 17 ਜੁਲਾਈ ਨੂੰ ਮੁੰਬਈ ਪੁਲਿਸ ਨੇ ਇੱਕ ਅੰਤਰਰਾਜੀ ਰੈਕੇਟ ਦੇ ਸਰਗਨੇ ਅਮਿਤ ਜੈਸਵਾਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਨਵੀਂ ਮੁੰਬਈ ਸਥਿਤ ਟਿਕਾਣੇ ਤੋਂ ਆਧੁਨਿਕ ਕੰਪਿਊਟਰ ਸਾਫਟਵੇਅਰ, ਵਾਟਰਮਾਰਕ ਪੇਪਰ, ਵਿਸ਼ੇਸ਼ ਇੰਕਜੈੱਟ ਪ੍ਰਿੰਟਰ ਤੇ ਲੈਮੀਨੇਸ਼ਨ ਮਸ਼ੀਨਾਂ ਜ਼ਬਤ ਹੋਈਆਂ, ਜਿੱਥੇ 100 ਅਤੇ 500 ਦੇ ਸੈਂਕੜੇ ਨਕਲੀ ਨੋਟ ਮੌਕੇ ’ਤੇ ਬਰਾਮਦ ਕੀਤੇ ਗਏ। 21 ਅਗਸਤ 2026 ਨੂੰ ਜੈਪੁਰ ਪੁਲਿਸ ਨੇ 4.30 ਲੱਖ ਦੇ ਨਕਲੀ ਨੋਟਾਂ ਸਮੇਤ ਇੱਕ ਗਿਰੋਹ ਨੂੰ ਫੜਿਆ, ਜਿਸ ਦੀ ਸਪਲਾਈ ਲਾਈਨ ਬੰਗਲਾਦੇਸ਼ ਸਰਹੱਦ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ਨੈੱਟਵਰਕ ਨਾਲ ਜੁੜੀ ਹੋਈ ਸੀ। ਇਸ ਤੋਂ ਇਲਾਵਾ 31 ਅਗਸਤ ਨੂੰ ਕਰਨਾਟਕ ਦੇ ਰਾਮਨਗਰ ਵਿੱਚ ਪੁਲਿਸ ਨੇ ਇੱਕ ਨਵੇਂ ਬਣੇ ਮਕਾਨ ’ਤੇ ਛਾਪਾ ਮਾਰ ਕੇ 5 ਲੱਖ ਮੁੱਲ ਦੇ ਨਕਲੀ ਨੋਟ ਤਿਆਰ ਕਰਨ ਵਾਲੇ ਕੈਮੀਕਲ ਤੇ ਕੱਚਾ ਮਾਲ ਜ਼ਬਤ ਕਰਦਿਆਂ 7 ਦੋਸ਼ੀਆਂ ਨੂੰ ਦਬੋਚਿਆ। Fake Currency Notes

ਇਹ ਵੀ ਪੜ੍ਹੋ : Jagraon News: ਜਗਰਾਉਂ ’ਚ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਨਾਲ ਲੁੱਟ ਮਾਮਲੇ ’ਚ ਦੋ ਗ੍ਰਿਫਤਾਰ

ਉਸੇ ਦਿਨ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿੱਚ ਬੀਐੱਸਐੱਫ ਨੇ ‘ਦਾਓਕੇ ਬਾਰਡਰ ਆਊਟਪੋਸਟ’ ਨੇੜਿਓਂ 1.98 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ, ਜੋ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਸੀ। ਜਾਂਚ ਏਜੰਸੀਆਂ ਅਨੁਸਾਰ ਭਾਰਤ ਵਿੱਚ ਜਾਅਲੀ ਕਰੰਸੀ ਘੁਸਪੈਠ ਕਰਵਾਉਣ ਦਾ ਇਤਿਹਾਸ ਕਈ ਦਹਾਕੇ ਪੁਰਾਣਾ ਹੈ, ਜਿਸ ਵਿੱਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੇ ਡੀ-ਕੰਪਨੀ ਦੇ ਅੰਤਰਰਾਸ਼ਟਰੀ ਸਿੰਡੀਕੇਟ ਸ਼ਾਮਲ ਰਹੇ ਹਨ। ਪੱਛਮੀ ਬੰਗਾਲ ਦਾ ਮਾਲਦਾ ਜ਼ਿਲ੍ਹਾ ਲੰਮੇ ਸਮੇਂ ਤੋਂ ਭਾਰਤ ਅੰਦਰ ਨਕਲੀ ਨੋਟਾਂ ਦੀ ਸਪਲਾਈ ਦਾ ਮੁੱਖ ਲਾਂਘਾ ਰਿਹਾ ਹੈ। ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਅਕਸ਼ਰਧਾਮ ਨੇੜੇ ਕਾਰਵਾਈ ਕਰਦਿਆਂ 50 ਲੱਖ ਦੇ 500 ਵਾਲੇ ਜਾਅਲੀ ਨੋਟ ਫੜੇ, ਜਿਨ੍ਹਾਂ ਦਾ ਰਿਸ਼ਤਾ ਪੱਛਮੀ ਉੱਤਰ ਪ੍ਰਦੇਸ਼ ਦੀਆਂ ਗੁਪਤ ਪ੍ਰਿੰਟਿੰਗ ਪ੍ਰੈੱਸਾਂ ਨਾਲ ਜੁੜਿਆ ਸੀ ਅਤੇ ਇਹ ਖੇਪ ਰੇਲ, ਸੜਕ ਤੇ ਕੋਰੀਅਰ ਸੇਵਾਵਾਂ ਰਾਹੀਂ ਵੱਖ-ਵੱਖ ਰਾਜਾਂ ਵਿੱਚ ਭੇਜੀ ਜਾਣੀ ਸੀ। ਆਰਥਿਕ ਨਜ਼ਰੀਏ ਤੋਂ ਜਾਅਲੀ ਕਰੰਸੀ ਸਿਰਫ਼ ਇੱਕ ਅਪਰਾਧ ਨਹੀਂ ਬਲਕਿ ਇੱਕ ਸਾਜ਼ਿਸ਼ੀ ਆਰਥਿਕ ਹਮਲਾ ਹੈ।

ਜਦੋਂ ਬਿਨਾਂ ਕਿਸੇ ਅਸਲ ਵਸਤੂ ਜਾਂ ਸੇਵਾ ਦੇ ਉਤਪਾਦਨ ਦੇ ਵੱਡੀ ਮਾਤਰਾ ਵਿੱਚ ਜਾਅਲੀ ਧਨ ਬਾਜ਼ਾਰ ਵਿੱਚ ਘੁੰਮਣ ਲੱਗਦਾ ਹੈ, ਤਾਂ ਇਹ ਸਿੱਕਾ ਪਸਾਰ (ਮਹਿੰਗਾਈ) ਨੂੰ ਅਸਮਾਨੀ ਚਾੜ੍ਹਦਾ ਹੈ ਅਤੇ ਰੁਪਏ ਦੀ ਅਸਲ ਖ਼ਰੀਦ ਸ਼ਕਤੀ ਨੂੰ ਢਾਹ ਲਾਉਂਦਾ ਹੈ। ਸਭ ਤੋਂ ਗੰਭੀਰ ਪਹਿਲੂ ਇਹ ਹੈ ਕਿ ਇਸ ਧੰਦੇ ਤੋਂ ਹੋਣ ਵਾਲੀ ਕਮਾਈ ਦੀ ਸਿੱਧੀ ਵਰਤੋਂ ਦੇਸ਼ ਵਿਰੋਧੀ ਅੱਤਵਾਦੀ ਜਥੇਬੰਦੀਆਂ, ਸਰਹੱਦ ਪਾਰੋਂ ਹਥਿਆਰਾਂ ਦੀ ਖ਼ਰੀਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤੀ ਜਾਂਦੀ ਹੈ। ਇਸੇ ਲਈ ਕੌਮੀ ਜਾਂਚ ਏਜੰਸੀ ਦਾ ‘ਟੈਰਰ ਫੰਡਿੰਗ ਐਂਡ ਫੇਕ ਕਰੰਸੀ ਸੈੱਲ’ ਵੱਡੇ ਰੈਕੇਟਾਂ ’ਤੇ ਭਾਰਤੀ ਨਿਆਂ ਸੰਹਿਤਾ ਦੇ ਨਾਲ-ਨਾਲ ‘ਗ਼ੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ’ ਦੀਆਂ ਸਖ਼ਤ ਧਾਰਾਵਾਂ ਲਾ ਰਿਹਾ ਹੈ, ਜਿਸ ਵਿੱਚ ਉਮਰ ਕੈਦ ਤੋਂ ਲੈ ਕੇ ਮੌਤ ਦੀ ਸਜ਼ਾ ਤੱਕ ਦੀ ਵਿਵਸਥਾ ਹੈ।

ਕਰੰਸੀ ਟੈਸਟਾਂ ਵਿੱਚ ਹੋਈਆਂ ਖ਼ਾਮੀਆਂ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਲਈ ਆਪਣੀਆਂ ਹਦਾਇਤਾਂ ਹੋਰ ਸਖ਼ਤ ਕਰ ਦਿੱਤੀਆਂ ਹਨ। ਆਰਬੀਆਈ ਨੇ ਖ਼ਾਸ ਕਰਕੇ ਸਰਹੱਦੀ ਖੇਤਰਾਂ ਦੀਆਂ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਉੱਨਤ ‘ਨੋਟ ਅਥੈਂਟੀਕੇਸ਼ਨ ਅਤੇ ਸੌਰਟਿੰਗ ਮਸ਼ੀਨਾਂ’ ਲਾਉਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਕੈਸ਼ੀਅਰਾਂ ਲਈ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂ ਕੀਤੇ ਹਨ। ਇਸ ਦੇ ਨਾਲ ਹੀ, ਆਮ ਨਾਗਰਿਕਾਂ ਨੂੰ ਵੀ 500 ਦੇ ਨੋਟਾਂ ’ਤੇ ਮੌਜੂਦ ਸੁਰੱਖਿਆ ਫ਼ੀਚਰਾਂ—ਜਿਵੇਂ ਕਿ ਟੇਢਾ ਕਰਨ ’ਤੇ ਹਰੇ ਤੋਂ ਨੀਲੇ ਰੰਗ ਵਿੱਚ ਬਦਲਣ ਵਾਲੀ ਆਪਟੀਕਲੀ ਵੈਰੀਏਬਲ ਸਿਆਹੀ, ਸੁਰੱਖਿਆ ਧਾਗੇ ’ਤੇ ‘ਭਾਰਤ’ ਤੇ ‘ਆਰਬੀਆਈ’ ਦੀ ਲਿਖਤ, ਦੇਵਨਾਗਰੀ ਅੰਕ ਅਤੇ ਮਹਾਤਮਾ ਗਾਂਧੀ ਦੇ ਵਾਟਰਮਾਰਕ- ਬਾਰੇ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਸ਼ੱਕੀ ਨੋਟ ਨੂੰ ਤੁਰੰਤ ਰੋਕ ਕੇ ਦੇਸ਼ ਦੀ ਆਰਥਿਕਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ

About The Author

Related Posts