Jagraon News: ਜਗਰਾਉਂ ’ਚ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਨਾਲ ਲੁੱਟ ਮਾਮਲੇ ’ਚ ਦੋ ਗ੍ਰਿਫਤਾਰ

ਜਗਰਾਉਂ ’ਚ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਨਾਲ ਲੁੱਟ ਮਾਮਲੇ ’ਚ ਦੋ ਗ੍ਰਿਫਤਾਰ

Khushdeep Singh Picture
Published On

ਜਗਰਾਉਂ (ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੇ ਜਗਰਾਉਂ ਕਸਬੇ ’ਚ ਗੁਰਦੁਆਰਾ ਨਾਨਕਸਰ ਪੁਲ ਨੇੜੇ ਫਿਰੋਜ਼ਪੁਰ ਵਿੱਚ ਤਾਇਨਾਤ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਸੁਰਜੀਤ ਸਿੰਘ ਨਾਲ ਹੋਈ ਲੁੱਟ ਦੇ ਮਾਮਲੇ ’ਚ ਪੁਲਿਸ ਜਾਂਚ ਦੌਰਾਨ ਅਹਿਮ ਖੁਲਾਸੇ ਹੋਏ ਹਨ। ਪੁਲਿਸ ਨੇ ਮਾਮਲੇ ’ਚ ਦੋ ਮੁਲਜ਼ਮਾਂ ਪ੍ਰੀਤਪਾਲ ਸਿੰਘ ਵਾਸੀ ਪਿੰਡ ਕੋਟਮਾਨ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸ਼ੇਰੇਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਇਹ ਮਾਮਲਾ ਸਿਰਫ਼ ਲੁੱਟ ਦੀ ਵਾਰਦਾਤ ਨਹੀਂ ਸੀ, ਸਗੋਂ ਇਸ ਦੇ ਪਿੱਛੇ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਪ੍ਰੀਤਪਾਲ ਸਿੰਘ ਦੁੱਧ ਦਾ ਕਾਰੋਬਾਰ ਕਰਦਾ ਹੈ ਤੇ ਉਸ ਦੀਆਂ ਗੱਡੀਆਂ ਵੇਰਕਾ ਮਿਲਕ ਪਲਾਂਟ ’ਚ ਦੁੱਧ ਸਪਲਾਈ ਕਰਦੀਆਂ ਸਨ। ਪਲਾਂਟ ’ਚ ਕਿਸੇ ਕਮੀ ਦੇ ਚੱਲਦਿਆਂ ਜੀਐੱਮ ਸੁਰਜੀਤ ਸਿੰਘ ਵੱਲੋਂ ਉਸ ਦੀ ਇੱਕ ਗੱਡੀ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਗੱਲ ਨੂੰ ਲੈ ਕੇ ਪ੍ਰੀਤਪਾਲ ਸਿੰਘ ਕਥਿਤ ਤੌਰ ’ਤੇ ਜੀਐੱਮ ਨਾਲ ਰੰਜਿਸ਼ ਰੱਖਣ ਲੱਗ ਪਿਆ। Jagraon News

ਜਾਂਚ ਮੁਤਾਬਕ ਕਥਿਤ ਤੌਰ ’ਤੇ ਪ੍ਰੀਤਪਾਲ ਸਿੰਘ ਨੇ ਪਹਿਲਾਂ ਜੀਐੱਮ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਤੇ ਇਸ ਤੋਂ ਬਾਅਦ ਚਾਰ ਹੋਰ ਨੌਜਵਾਨਾਂ ਨੂੰ ਆਪਣੇ ਨਾਲ ਮਿਲਾਇਆ। ਗੁਰਦੁਆਰਾ ਨਾਨਕਸਰ ਪੁਲ ਨੇੜੇ ਮੁਲਜ਼ਮਾਂ ਨੇ ਜੀਐੱਮ ਨੂੰ ਘੇਰ ਕੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਜੀਐੱਮ ਦਾ ਮੋਬਾਈਲ ਫੋਨ ਆਪਣੇ ਕਬਜ਼ੇ ’ਚ ਲੈ ਲਿਆ ਤੇ ਕਥਿਤ ਤੌਰ ’ਤੇ ਦਬਾਅ ਪਾ ਕੇ ਉਸ ਦੇ ਖਾਤੇ ਵਿੱਚੋਂ ਆਨਲਾਈਨ ਦੋ ਲੱਖ ਰੁਪਏ ਟਰਾਂਸਫਰ ਕਰਵਾ ਲਏ। ਪੁਲਿਸ ਜਾਂਚ ਅਨੁਸਾਰ ਵਾਰਦਾਤ ਸਮੇਂ ਕੁੱਲ ਪੰਜ ਵਿਅਕਤੀ ਮੌਕੇ ’ਤੇ ਮੌਜੂਦ ਸਨ। ਪੁਲਿਸ ਨੇ ਫਿਲਹਾਲ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਦਿਲੀਪ੍ਰੀਤ ਸਿੰਘ ਸਮੇਤ ਤਿੰਨ ਹੋਰ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਵਾਰਦਾਤ ’ਚ ਸ਼ਾਮਲ ਹੋਰ ਵਿਅਕਤੀਆਂ, ਜੀਐੱਮ ਦੀ ਰੇਕੀ, ਲੁੱਟ ਦੀ ਯੋਜਨਾ ਤੇ ਆਨਲਾਈਨ ਟਰਾਂਸਫਰ ਕੀਤੀ ਗਈ ਰਕਮ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਸਕਦੀ ਹੈ। Jagraon News

ਇਹ ਵੀ ਪੜ੍ਹੋ : Punjab Electricity Crisis: ਕੋਲੇ ਦੀ ਕਮੀ ਕਾਰਨ ਪੰਜਾਬ 'ਚ ਵਧੇ ਬਿਜਲੀ ਕੱਟ, ਉਤਪਾਦਨ 1500 ਮੈਗਾਵਾਟ ਘਟਿਆ

About The Author

Related Posts