Punjab Electricity Crisis: ਕੋਲੇ ਦੀ ਕਮੀ ਕਾਰਨ ਪੰਜਾਬ 'ਚ ਵਧੇ ਬਿਜਲੀ ਕੱਟ, ਉਤਪਾਦਨ 1500 ਮੈਗਾਵਾਟ ਘਟਿਆ
Punjab Electricity Crisis: ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ- ਨਾਭਾ ਪਾਵਰ ਅਤੇ ਤਲਵੰਡੀ ਸਾਬੋ ਪਲਾਂਟ ਅੱਧੀ ਸਮਰੱਥਾ ’ਤੇ ਚੱਲ ਰਹੇ; ਕੇਂਦਰ ਤੋਂ ਤੁਰੰਤ ਦਖ਼ਲ ਦੀ ਮੰਗ
Punjab Electricity Crisis: ਚੰਡੀਗੜ੍ਹ (ਹਿੰ.ਸ.)। ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਕੱਟਾਂ ਵਿੱਚ ਵਾਧਾ ਹੋਣ ਕਾਰਨ ਆਮ ਲੋਕਾਂ ਅਤੇ ਉਦਯੋਗਾਂ ਲਈ ਚਿੰਤਾ ਵਧ ਗਈ ਹੈ। ਸੂਬੇ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਸਥਿਤੀ ਲਈ ਦੇਸ਼ ਪੱਧਰ ’ਤੇ ਕੋਲੇ ਦੀ ਪੈਦਾ ਹੋਈ ਕਮੀ ਨੂੰ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੋਲੇ ਦੀ ਘਾਟ ਕਾਰਨ ਪੰਜਾਬ ਨੂੰ ਘਰੇਲੂ ਅਤੇ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਕੱਟ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੰਤਰੀ ਅਨੁਸਾਰ ਦੇਸ਼ ਭਰ ਵਿੱਚ ਕਰੀਬ 63 ਗੀਗਾਵਾਟ ਸਮਰੱਥਾ ਵਾਲੇ ਥਰਮਲ ਪਾਵਰ ਪਲਾਂਟ ਕੋਲੇ ਦੀ ਕਮੀ ਨਾਲ ਪ੍ਰਭਾਵਿਤ ਹਨ। ਕਈ ਨਿੱਜੀ ਬਿਜਲੀ ਉਤਪਾਦਨ ਇਕਾਈਆਂ ਕੋਲ ਸਿਰਫ਼ ਤਿੰਨ ਤੋਂ ਚਾਰ ਦਿਨ ਦਾ ਕੋਲਾ ਸਟਾਕ ਬਚਿਆ ਹੈ। ਇਸ ਕਾਰਨ ਕਈ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਕਰਨ ਦੀ ਬਜਾਏ ਲਗਭਗ ਅੱਧੀ ਸਮਰੱਥਾ ’ਤੇ ਚੱਲ ਰਹੇ ਹਨ।
ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਦੇ ਪ੍ਰਮੁੱਖ ਨਿੱਜੀ ਥਰਮਲ ਪਾਵਰ ਪਲਾਂਟਾਂ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਅਤੇ ਮਾਨਸਾ ਦਾ ਤਲਵੰਡੀ ਸਾਬੋ ਪਾਵਰ ਪਲਾਂਟ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਕੋਲੇ ’ਤੇ ਨਿਰਭਰ ਹਨ। ਉਨ੍ਹਾਂ ਅਨੁਸਾਰ ਕੇਂਦਰ ਤੋਂ ਲੋੜੀਂਦੀ ਮਾਤਰਾ ਵਿੱਚ ਕੋਲਾ ਨਾ ਮਿਲਣ ਕਾਰਨ ਦੋਵੇਂ ਪਲਾਂਟ ਇਸ ਸਮੇਂ ਆਪਣੀ ਲਗਭਗ ਅੱਧੀ ਸਮਰੱਥਾ ’ਤੇ ਹੀ ਬਿਜਲੀ ਉਤਪਾਦਨ ਕਰ ਰਹੇ ਹਨ।
ਹਾਲਾਂਕਿ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਥਰਮਲ ਪਲਾਂਟਾਂ ਨੂੰ ਪੰਜਾਬ ਸਰਕਾਰ ਵੱਲੋਂ ਖੁਦ ਕੋਲਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਕੋਲ ਫਿਲਹਾਲ ਕਰੀਬ 10 ਦਿਨ ਦਾ ਕੋਲਾ ਸਟਾਕ ਮੌਜੂਦ ਹੈ।
ਬਿਜਲੀ ਸੰਕਟ ਨੂੰ ਲੈ ਕੇ ਮੰਤਰੀ ਨੇ ਕੇਂਦਰ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੋਲੇ ਦੀ ਕੌਮੀ ਪੱਧਰ ’ਤੇ ਪੈਦਾ ਹੋਈ ਘਾਟ ਕਦੋਂ ਤੱਕ ਦੂਰ ਹੋਵੇਗੀ।
Read Also : ਵਾਸ਼ਿੰਗਟਨ ਤੇ ਈਰਾਨ ਵਿਚਕਾਰ ਫੌਜੀ ਟਕਰਾਅ ਵਧਿਆ, ਹੋਰਮੁਜ਼ ’ਚ ਇੱਕ-ਦੂਜੇ ਦੇ ਤੇਲ ਟੈਂਕਰਾਂ 'ਤੇ ਹਮਲਾ
ਮੰਤਰੀ ਨੇ ਕਿਹਾ ਕਿ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਉਤਪਾਦਨ ਵਿੱਚ ਕਰੀਬ 1500 ਮੈਗਾਵਾਟ ਦੀ ਕਮੀ ਆਈ ਹੈ। ਉਨ੍ਹਾਂ ਇਸ ਨੂੰ ਗੰਭੀਰ ਮਸਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਸਿੱਧਾ ਅਸਰ ਆਮ ਖਪਤਕਾਰਾਂ ਦੇ ਨਾਲ-ਨਾਲ ਉਦਯੋਗਿਕ ਖੇਤਰ ’ਤੇ ਵੀ ਪੈ ਰਿਹਾ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਕੋਲੇ ਦੀ ਸਪਲਾਈ ਸੁਚਾਰੂ ਬਣਾਉਣ ਲਈ ਤੁਰੰਤ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ, ਤਾਂ ਜੋ ਪੰਜਾਬ ਵਿੱਚ ਘਰੇਲੂ ਖਪਤਕਾਰਾਂ ਅਤੇ ਉਦਯੋਗਾਂ ਨੂੰ ਬਿਨਾਂ ਰੁਕਾਵਟ ਬਿਜਲੀ ਮੁਹੱਈਆ ਕਰਵਾਈ ਜਾ ਸਕੇ। ਮੰਤਰੀ ਨੇ ਕਿਹਾ ਕਿ ਬਿਜਲੀ ਸੰਕਟ ਦਾ ਸਥਾਈ ਹੱਲ ਕਰਨ ਲਈ ਕੋਲੇ ਦੀ ਸਪਲਾਈ ਬਹਾਲ ਕਰਨਾ ਬੇਹੱਦ ਜ਼ਰੂਰੀ ਹੈ।