OMG! ਪਸ਼ੂ ਚਾਰੇ ’ਚ ਵਰਤੇ ਜਾਣ ਵਾਲੇ ਚੋਕਰ ਨਾਲ ਬਣ ਰਿਹਾ ਸੀ ਬਿਸਕੁਟ, ਤਿੰਨ ਕੰਪਨੀਆਂ ’ਤੇ ਚੱਲੇਗਾ ਕੇਸ
ਖੁਰਾਕ ਸੁਰੱਖਿਆ ਉਲੰਘਣਾਵਾਂ ’ਤੇ ਐੱਫਐੱਸਐੱਸਏਆਈ ਦੀ ਸਖ਼ਤ ਕਾਰਵਾਈ
ਨਵੀਂ ਦਿੱਲੀ (ਏਜੰਸੀ)। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੇ ਜਨਤਕ ਸਿਹਤ ਨੂੰ ਖਤਰੇ ਅਤੇ ਗੰਭੀਰ ਭੋਜਨ ਸੁਰੱਖਿਆ ਉਲੰਘਣਾਵਾਂ ਦੇ ਮਾਮਲਿਆਂ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਮੈਸਰਜ਼ ਸੂਰਿਆ ਫੂਡ ਐਂਡ ਐਗਰੋ ਲਿਮਟਿਡ (ਪ੍ਰਿਆਗੋਲਡ ਬਿਸਕੁਟ), ਮੈਸਰਜ਼ ਡੋਡਲਾ ਡੇਅਰੀ ਲਿਮਟਿਡ ਅਤੇ ਮੈਸਰਜ਼ ਯੂਈਆਈਆਰ ਆਰਗੈਨਿਕ ਫੂਡਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਮੁਕੱਦਮਾ ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਐੱਫਐੱਸਐੱਸ ਐਕਟ 2006 ਦੇ ਤਹਿਤ ‘ਜ਼ੀਰੋ ਟੌਲਰੈਂਸ’ ਨੀਤੀ ਦਾ ਹਵਾਲਾ ਦਿੰਦਿਆਂ ਅਥਾਰਟੀ ਨੇ ਨਰਪਧਮ ਫੂਡਜ਼, ਸਨ ਰਿਜੇਸ ਹੈਲਥ ਕਰੀਅਰਜ਼ ਅਤੇ ਮੈਸਰਜ਼ ਸ਼ਾਹ ਕਾਂਤੀਲਾਲ ਜਯੰਤੀਲਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ।
ਖਪਤਕਾਰਾਂ ਦੀ ਸ਼ਿਕਾਇਤ ’ਤੇ ਐੱਫਐੱਸਐੱਸਏਆਈ ਵੱਲੋਂ ਮੈਸਰਜ਼ ਸੂਰਿਆ ਫੂਡ ਐਂਡ ਐਗਰੋ ਲਿਮਟਿਡ ਦੇ ਪਲਾਂਟ ਦੇ ਨਿਰੀਖਣ ਵਿੱਚ ਗੰਭੀਰ ਬੇਨਿਯਮੀਆਂ ਦਾ ਖੁਲਾਸਾ ਹੋਇਆ। ਜਾਂਚ ਵਿੱਚ ਖੁਲਾਸਾ ਹੋਇਆ ਕਿ ਕੰਪਨੀ ਆਪਣੇ ਪ੍ਰਸਿੱਧ ‘ਪ੍ਰਿਆਗੋਲਡ’ ਬਿਸਕੁਟਾਂ ਵਿੱਚ ਫਾਈਬਰ ਦੇ ਸਰੋਤ ਵਜੋਂ ਇਨਸਾਨਾਂ ਦੇ ਖਾਣ ’ਚ ਵਰਤੋਂ ਨਾ ਹੋਣ ਲਾਇਕ ਅਤੇ ਪਸ਼ੂ ਚਾਰੇ ਲਈ ਨਿਰਧਾਰਿਤ ਚੋਕਰ ਦਾ ਕੱਚੇ ਮਾਲ ਵਜੋਂ ਵਰਤੋਂ ਕਰ ਰਹੀ ਸੀ ਪਲਾਂਟ ਤੋਂ ਮਿਲੀਆਂ ਬੋਰੀਆਂ ਵਿੱਚ ਜਾਨਵਰਾਂ ਦੇ ਚਾਰੇ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਕੀਟ ਕੰਟਰੋਲ, ਕੱਚੇ ਮਾਲ ਦੀ ਸਟੋਰੇਜ, ਰੱਖ-ਰਖਾਅ ਅਤੇ ਕਰਮਚਾਰੀਆਂ ਦੀ ਨਿੱਜੀ ਸਫਾਈ ਵਿੱਚ ਮਹੱਤਵਪੂਰਨ ਕਮੀਆਂ ਪਾਈਆਂ ਗਈਆਂ, ਜਿਸ ਕਾਰਨ ਕੰਪਨੀ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ।
ਇੱਕ ਹੋਰ ਕਾਰਵਾਈ ਵਿੱਚ ਮੈਸਰਜ਼ ਯੂਈਆਈਆਰ ਆਰਗੈਨਿਕ ਫੂਡਜ਼ ਪ੍ਰਾਈਵੇਟ ਲਿਮਟਿਡ ਦੁਆਰਾ ਵੇਚੇ ਗਏ ‘ਪੀਲੀ ਕਿਸ਼ਮਿਸ਼’ (ਜੋ ਆਰਗੈਨਿਕ ਉਤਪਾਦਨ ਵਜੋਂ ਵੇਚੀ ਜਾ ਰਹੀ ਸੀ) ਦੇ ਰੈਗੂਲੇਟਰੀ ਨਮੂਨੇ ਅਸੁਰੱਖਿਅਤ ਪਾਏ ਗਏ। ਫੂਡ ਐਨਾਲਿਸਟ ਅਤੇ ਰੈਫਰਲ ਫੂਡ ਲੈਬਾਰਟਰੀ ਦੋਵਾਂ ਵੱਲੋਂ ਕੀਤੇ ਗਏ ਟੈਸਟਾਂ ਵਿੱਚ ਕਿਸ਼ਮਿਸ਼ ਵਿੱਚ ਤੈਅ ਸੀਮਾ ਤੋਂ ਕਿਤੇ ਵੱਧ ਮਾਤਰਾ ’ਚ ਹਾਨੀਕਾਰਕ ਕੀਟਨਾਸ਼ਕ ਪਾਏ ਗਏ।
ਇਨ੍ਹਾਂ ਵਿੱਚ ਮੁੱਖ ਤੌਰ ’ਤੇ ਥਿਆਮੇਥੋਕਸਮ, ਫਲੂਓਪਾਈਰਾਮ, ਐਜ਼ੋਕਸੀਸਟ੍ਰੋਬਿਨ, ਇਮੀਡਾਕਲੋਪ੍ਰਿਡ, ਅਤੇ ਮਾਈਕਲੋਬਿਊਟਾਨਿਲ ਵਰਗੇ ਖਤਰਨਾਕ ਕੀਟਨਾਸ਼ਕ ਸ਼ਾਮਲ ਸਨ। ਅਥਾਰਟੀ ਨੇ ਪ੍ਰਮੁੱਖ ਡੇਅਰੀ ਉਤਪਾਦ ਨਿਰਮਾਤਾ ਕੰਪਨੀ ਮੈਸਰਜ਼ ਡੋਡਲਾ ਡੇਅਰੀ ਲਿਮਟਿਡ (ਦੁੱਧ, ਦਹੀਂ, ਘਿਓ ਅਤੇ ਹੋਰ ਡੇਅਰੀ ਉਤਪਾਦ) ਦੇ ਵਿਰੁੱਧ ਵੀ ਭੋਜਨ ਸੁਰੱਖਿਆ ਮਾਪਦੰਡਾਂ ਦੀ ਗੰਭੀਰ ਉਲੰਘਣਾ ਲਈ ਕਾਨੂੰਨੀ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਹੈ।