Ghagga Road Accident: ਘੱਗਾ ਨੇੜੇ ਸੜਕ ਹਾਦਸਿਆਂ ਚ ਤਿੰਨ ਵਿਅਕਤੀਆਂ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ
ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਕੀਤੇ
Ghagga Road Accident: (ਵਿਸ਼ਾਲ ਕੁਮਾਰ ਗੋਇਲ) ਘੱਗਾ। ਘੱਗਾ ਨੇੜੇ ਦੋ ਵੱਖਵੱਖ ਸੜਕ ਹਾਦਸਿਆਂ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿੱਚ ਕਾਰ ਹੌਡਾ ਅਮੇਜ ਅਤੇ ਸਪਲੈਂਡਰ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਕੀਤੇ।
ਇਹ ਵੀ ਪੜ੍ਹੋ: Kavya Maran Marriage News: ਅਨਿਰੁਧ ਰਵੀਚੰਦਰ ਦੀ ਦੁਲਹਨ ਬਣੇਗੀ ਸਨਰਾਈਜ਼ਰਜ਼ ਦੀ ਮਾਲਕਣ ਕਾਵਿਆ ਮਾਰਨ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਹਾਦਸੇ ਦੀ ਸੂਚਨਾ ਮਿਲੀ ਅਤੇ ਮੌਕੇ 'ਤੇ ਪਹੁੰਚ ਕੇ ਏਐਸਆਈ ਸ਼ੇਰ ਸਿੰਘ ਅਤੇ ਐਸਐਸਐਫ ਦੇ ਮੁਲਾਜ਼ਿਮ ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਹਰਵਿੰਦਰ ਕੌਰ ਨੇ ਦੇਖਿਆ ਕਿ ਇੱਕ ਕਾਰ ਹੌਡਾ ਅਮੇਜ ਨੰਬਰ ਪੀ ਬੀ -13 ਬੀ ਐੱਸ 6076 ਨੇ ਮੋਟਰਸਾਈਕਲ ਨੰਬਰ ਪੀ ਬੀ 19 ਐਕਸ 6141 ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ ਹੈ। ਤੇਜ਼ ਰਫ਼ਤਾਰ ਕਾਰ ਸਵਾਰ ਪਟਿਆਲਾ ਤੋਂ ਪਾਤੜਾਂ ਵੱਲ ਅਤੇ ਮੋਟਰਸਾਈਕਲ ਸਵਾਰ ਪਾਤੜਾਂ ਤੋਂ ਪਟਿਆਲਾ ਵੱਲ ਜਾ ਰਹੇ ਸਨ । ਮ੍ਰਿਤਕਾਂ ਦੀ ਪਛਾਣ ਬਲਵੀਰ ਸਿੰਘ ਉਰਫ ਸੂਬਾ ਪੁੱਤਰ ਸੋਹਣ ਸਿੰਘ ਅਤੇ ਰਾਜਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸ਼ੇਰ ਖਾਂਵਾਲਾ ਮਘਾਣੀਆ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਕਾਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਰਾਜਵਿੰਦਰ ਸਿੰਘ ਦੇ ਭਰਾ ਜਗਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਦੂਜੇ ਹਾਦਸੇ ਵਿੱਚ ਧਰਮ ਕੰਡਾ ਘੱਗਾ ਨਜ਼ਦੀਕ ਪਿਕਅੱਪ ਅਤੇ ਡੀਲਕਸ ਮੋਟਰਸਾਈਕਲ ਦਰਮਿਆਨ ਹੋਏ ਭਿਆਨਕ ਹਾਦਸੇ ਵਿੱਚ 1 ਦੀ ਮੌਤ ਅਤੇ 1 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਇਕ ਪਿਕਅੱਪ ਗੱਡੀ ਨੰਬਰ ਐੱਚ ਆਰ 68 ਏ -5111 ਨੇ ਦੁਪਹਿਰ ਲਗਭਗ 2 ਵਜੇ ਦੇ ਕਰੀਬ ਡੀਲਕਸ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਜਸਪਾਲ ਸਿੰਘ ਪੁੱਤਰ ਬਲਜੀਤ ਸਿੰਘ ਪਿੰਡ ਕਕਰਾਲਾ ਦੀ ਮੌਤ ਹੋ ਗਈ । ਜਦੋਂਕਿ ਉਸ ਦਾ ਸਾਥੀ ਗੁਰਨੈਬ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਕਲਵਾਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਗੰਭੀਰ ਹਾਲਤ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਹਾਦਸਾਗ੍ਰਸਤ ਪਿੱਕਅਪ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ ।