Punjab Pollution Control Board: ਪੰਜਾਬ ਦੀਆਂ ਸਾਫ਼ ਹਵਾ ਸਬੰਧੀ ਪਹਿਲਕਦਮੀਆਂ ਰਾਸ਼ਟਰੀ ਸਰਵੋਤਮ ਅਭਿਆਸਾਂ ਦੀ ਸੂਚੀ ’ਚ ਸ਼ਾਮਲ

ਪਟਿਆਲਾ ਅੰਦਰ ਰਵਾਇਤੀ ਸ਼ਮਸ਼ਾਨਘਾਟ ’ਚ ਏਪੀਸੀਡੀ ਸਥਾਪਿਤ

Khushdeep Singh Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੀਤੀਆਂ ਆਪਣੀਆਂ ਨਵੀਨਤਮ ਪਹਿਲਕਦਮੀਆਂ ਰਾਹੀਂ ਰਾਸ਼ਟਰੀ ਪੱਧਰ ’ਤੇ ਮਾਨਤਾ ਹਾਸਲ ਕੀਤੀ ਹੈ। ਪਟਿਆਲਾ ਦੇ ਇੱਕ ਸ਼ਮਸ਼ਾਨਘਾਟ ਵਿੱਚ ਏਅਰ ਪਾਲਿਊਸ਼ਨ ਕੰਟਰੋਲ ਡਿਵਾਈਸ (ਏਪੀਸੀਡੀ) ਦੀ ਸਥਾਪਨਾ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ (ਐਨਕੈਪ), 2026 ਤਹਿਤ ਜਾਰੀ ਕੀਤੇ ਗਏ ‘ਬੈਸਟ ਪ੍ਰੈਕਟਿਸਿਜ਼’ ਸੰਕਲਨ ਵਿੱਚ ਸ਼ਾਮਲ ਕੀਤਾ ਗਿਆ ਹੈ। Punjab Pollution Control Board

ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਦਾ ਗੈਸ ਆਧਾਰਿਤ ਸ਼ਮਸ਼ਾਨਘਾਟ ਅਤੇ ਗੋਬਿੰਦਗੜ੍ਹ ਦਾ ਬਾਇਓ-ਮੀਥੇਨੇਸ਼ਨ ਪਲਾਂਟ ਵੀ ਪੰਜਾਬ ਦੀਆਂ ਸਰਵੋਤਮ ਪਹਿਲਕਦਮੀਆਂ ਵਿੱਚ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪਟਿਆਲਾ ਦੇ ਇੱਕ ਰਵਾਇਤੀ ਲੱਕੜ ਅਧਾਰਿਤ ਸ਼ਮਸ਼ਾਨਘਾਟ ਵਿੱਚ ਏਅਰ ਪਾਲਿਊਸ਼ਨ ਕੰਟਰੋਲ ਡਿਵਾਈਸ ਦੀ ਸਥਾਪਨਾ ਧਾਰਮਿਕ ਅਤੇ ਸੱਭਿਆਚਾਰਕ ਰਵਾਇਤਾਂ ਦਾ ਸਨਮਾਨ ਕਰਦੇ ਹੋਏ ਹਵਾ ਵਿੱਚ ਪੈਦਾ ਹੋਣ ਵਾਲੇ ਪਾਰਟੀਕੁਲੇਟ ਪ੍ਰਦੂਸ਼ਣ ਨੂੰ ਘਟਾਉਣ ਦੀ ਕੋਸ਼ਿਸ਼ ਹੈ। ਐਨਕੈਪ ਤਹਿਤ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤੀ ਗਈ।

ਇਹ ਪਹਿਲਕਦਮੀ ਰਵਾਇਤੀ ਅੰਤਿਮ ਸੰਸਕਾਰ ਦੌਰਾਨ ਪੈਦਾ ਹੋਣ ਵਾਲੇ ਪਾਰਟੀਕੁਲੇਟ ਪ੍ਰਦੂਸ਼ਣ ਨੂੰ ਘਟਾਉਣ ਲਈ ਤਿਆਰ ਕੀਤੀ ਗਈ ਹੈ। ਇਹ ਪਹਿਲਕਦਮੀ ਦਰਸਾਉਂਦੀ ਹੈ ਕਿ ਤਕਨਾਲੋਜੀ ਅਧਾਰਿਤ ਹੱਲ ਮੌਜ਼ੂਦਾ ਰਵਾਇਤਾਂ ਦੇ ਨਾਲ ਤਾਲਮੇਲ ਬਣਾ ਕੇ ਸਾਫ਼ ਹਵਾ ਲਈ ਯੋਗਦਾਨ ਪਾ ਸਕਦੇ ਹਨ, ਬਿਨਾਂ ਭਾਈਚਾਰੇ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤੇ। ਇਸੇ ਤਰ੍ਹਾਂ ਹੀ ਮੰਡੀ ਗੋਬਿੰਦਗੜ੍ਹ ਵਿੱਚ ਗੈਸ ਅਧਾਰਿਤ ਸ਼ਮਸ਼ਾਨਘਾਟਾਂ ਨੂੰ ਸ਼ਾਮਲ ਕੀਤਾ ਜਾਣਾ ਰਵਾਇਤੀ ਲੱਕੜ ਅਧਾਰਿਤ ਅੰਤਿਮ ਸੰਸਕਾਰ ’ਤੇ ਨਿਰਭਰਤਾ ਘਟਾਉਣ ਅਤੇ ਇਸ ਨਾਲ ਜੁੜੇ ਪ੍ਰਦੂਸ਼ਣ ਨੂੰ ਘਟਾਉਣ ਵੱਲ ਇੱਕ ਬਦਲਵੀਂ ਪਹੁੰਚ ਨੂੰ ਦਰਸਾਉਂਦਾ ਹੈ।

ਗੋਬਿੰਦਗੜ੍ਹ ਦਾ ਬਾਇਓ-ਮੀਥੇਨੇਸ਼ਨ ਪਲਾਂਟ ਟਿਕਾਊ ਸ਼ਹਿਰੀ ਵਾਤਾਵਰਨ ਪ੍ਰਬੰਧਨ ਦੀ ਇੱਕ ਉਦਾਹਰਨ ਹੈ। ਇਹ ਜੈਵਿਕ ਕੂੜੇ ਦੀ ਪ੍ਰੋਸੈਸਿੰਗ ਕਰਕੇ ਬਾਇਓਗੈਸ ਪੈਦਾ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਢੁਕਵੇਂ ਕੂੜੇ ਨੂੰ ਰਵਾਇਤੀ ਨਿਪਟਾਰੇ ਦੇ ਤਰੀਕਿਆਂ ਤੋਂ ਹਟਾ ਕੇ ਸਰੋਤਾਂ ਦੀ ਮੁੜ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਪ੍ਰਭਾਵਸ਼ਾਲੀ ਕੂੜਾ ਵੱਖਰੀਕਰਨ ਅਤੇ ਪਲਾਂਟ ਦੇ ਸੁਚਾਰੂ ਸੰਚਾਲਨ ਨਾਲ ਅਜਿਹੀਆਂ ਸਹੂਲਤਾਂ ਬਿਹਤਰ ਕੂੜਾ ਪ੍ਰਬੰਧਨ ਅਤੇ ਵਾਤਾਵਰਨ ’ਤੇ ਘੱਟ ਪ੍ਰਭਾਵ ਪਾਉਣ ਵਿੱਚ ਯੋਗਦਾਨ ਪਾ ਸਕਦੀਆਂ ਹਨ।

ਪ੍ਰਦੂਸ਼ਣ ਨੂੰ ਰੋਕਣ ’ਤੇ ਅਜਿਹੇ ਮਾਡਲ ਪੰਜਾਬ ’ਚ ਲਾਗੂ ਕਰਨ ’ਤੇ ਜ਼ੋਰ : ਰੀਨਾ ਗੁਪਤਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਸਾਫ਼ ਹਵਾ ਸਬੰਧੀ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਿਲੀ ਮਾਨਤਾ ਸਾਡੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ। ਮਿਸ਼ਨ ਕਲੀਨ ਪਟਿਆਲਾ ਰਾਹੀਂ ਸਫ਼ਾਈ ਨੂੰ ਸਾਂਝੀ ਨਾਗਰਿਕ ਜ਼ਿੰਮੇਵਾਰੀ ਬਣਾਉਣ ਤੋਂ ਲੈ ਕੇ ਰਵਾਇਤੀ ਸ਼ਮਸ਼ਾਨਘਾਟਾਂ ਵਿੱਚ ਪ੍ਰਦੂਸ਼ਣ ਕੰਟਰੋਲ ਤਕਨਾਲੋਜੀ ਦੀ ਵਰਤੋਂ ਤੱਕ ਸਾਡਾ ਧਿਆਨ ਪ੍ਰਦੂਸ਼ਣ ਨੂੰ ਇਸ ਦੇ ਸਰੋਤ ’ਤੇ ਹੀ ਰੋਕਣ ਅਤੇ ਅਜਿਹੇ ਮਾਡਲ ਤਿਆਰ ਕਰਨ ’ਤੇ ਹੈ, ਜਿਨ੍ਹਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾ ਸਕੇ। ਸਾਡਾ ਟੀਚਾ ਪੰਜਾਬ ਜਿਸ ਦੀ ਪਛਾਣ ਸਾਫ਼ ਹਵਾ, ਸਿਹਤਮੰਦ ਭਾਈਚਾਰਿਆਂ ਅਤੇ ਟਿਕਾਊ ਵਿਕਾਸ ਨਾਲ ਹੋਵੇ। Punjab Pollution Control Board

ਇਹ ਵੀ ਪੜ੍ਹੋ : Punjab Political News: ਸਰਕਾਰੀ ਜਾਇਦਾਦ ’ਤੇ ਸਿਆਸੀ ਪ੍ਰਚਾਰ ਸਬੰਧੀ ਮੁੱਖ ਚੋਣ ਅਧਿਕਾਰੀ ਸਖ਼ਤ, ਡੀਸੀਜ਼ ਨੂੰ ਤੁਰੰਤ ਕਾਰਵਾਈ ਦੇ ਹੁਕਮ

About The Author

Related Posts