Raja Warring News: ਰਾਜਾ ਵੜਿੰਗ ਦੇ ਸਬਸਿਡੀ ਵਾਲੇ ਬਿਆਨ ’ਤੇ ਗਰਮਾਈ ਪੰਜਾਬ ਦੀ ਸਿਆਸਤ, ਆਪ ਆਗੂ ਭਖੇ
‘ਆਪ’ ਨੇ ਕਾਂਗਰਸ ਨੂੰ ਪੁੱਛਿਆ, ਕੀ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਪੰਜਾਬ ਦੀਆਂ ਸਬਸਿਡੀਆਂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਹੀ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਬਸਿਡੀਆਂ ਨੂੰ ਲੈ ਕੇ ਦਿੱਤੇ ਬਿਆਨ ਨੇ ਸੂਬੇ ਦੀ ਸਿਆਸਤ ’ਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਵੜਿੰਗ ਦੇ ਬਿਆਨ ਨੂੰ ਲੈ ਕੇ ਕਾਂਗਰਸ ’ਤੇ ਸਿੱਧਾ ਹਮਲਾ ਕਰਦਿਆਂ ਸਵਾਲ ਖੜ੍ਹਾ ਕੀਤਾ ਹੈ।
ਕਿ ਜੇਕਰ ਕਾਂਗਰਸ ਪੰਜਾਬ ’ਚ ਸਰਕਾਰ ਬਣਾਉਂਦੀ ਹੈ ਤਾਂ ਕੀ ਲੋਕਾਂ ਨੂੰ ਮਿਲ ਰਹੀਆਂ ਮੁਫ਼ਤ ਤੇ ਸਬਸਿਡੀ ਵਾਲੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ ਇਸ ਮਾਮਲੇ ’ਚ ਦੂਜੇ ਪਾਸੇ ਤੋਂ ਕਾਂਗਰਸ ਪਾਰਟੀ ਜਾਂ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੋਈ ਵੀ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਤੋਂ ਸਿੱਧਾ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਸਮੇਂ ਕਰੀਬ 22 ਹਜ਼ਾਰ ਕਰੋੜ ਰੁਪਏ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ’ਚ ਮੁਫ਼ਤ ਬਿਜਲੀ ਸਮੇਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਕਈ ਭਲਾਈ ਸਕੀਮਾਂ ਸ਼ਾਮਲ ਹਨ।
ਅਮਨ ਅਰੋੜਾ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਬਸਿਡੀਆਂ ਬਾਰੇ ਕਿਸ ਨੀਤੀ ਦੀ ਗੱਲ ਕਰ ਰਹੇ ਹਨ ਤੇ ਜੇਕਰ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਮੌਜ਼ੂਦਾ ਸਬਸਿਡੀਆਂ ਦਾ ਕੀ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਕਾਂਗਰਸ ਨੂੰ ਘੇਰਿਆ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕਾਂਗਰਸ ਸੱਤਾ ’ਚ ਆਉਣ ਤੋਂ ਬਾਅਦ ਮੁਫ਼ਤ ਬਿਜਲੀ ਤੇ ਮਹਿਲਾਵਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਸਮੇਤ ਹੋਰ ਸਹੂਲਤਾਂ ਜਾਰੀ ਰੱਖੇਗੀ ਜਾਂ ਨਹੀਂ।
ਇਸ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ’ਚ ਜਿਆਦਾ ਟੈਕਸ ਭਰਨ ਵਾਲੇ ਪੰਜਾਬੀਆਂ ਨਾਲ ਤਾਂ ਇਹ ਧੱਕਾ ਹੋਏਗਾ ਕਿ ਉਹ ਟੈਕਸ ਵੀ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਸਬਸਿਡੀਆਂ ਨਹੀਂ ਮਿਲਣ ਨਾਲ ਨੁਕਸਾਨ ਵੀ ਹੋਵੇ। ਉਨ੍ਹਾਂ ਕਿਹਾ ਕਿ ਉਹ ਇਹੋ ਜਿਹਾ ਨੁਕਸਾਨ ਨਹੀਂ ਹੋਣ ਦੇਣਗੇ ਤੇ ਆਮ ਆਦਮੀ ਪਾਰਟੀ ਦੀ ਅਗਲੀ ਸਰਕਾਰ ’ਚ ਵੀ ਇਹ ਸਾਰੀ ਸਬਸਿਡੀਆਂ ਹਰ ਵਰਗ ਲਈ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਭਵਿੱਖ ’ਚ ਨਵੀਂ ਸਬਸਿਡੀ ਜਰੂਰ ਦਿੱਤੀ ਜਾ ਸਕਦੀ ਹੈ ਪਰ ਮੌਜ਼ੂਦਾ ਸਮੇਂ ’ਚ ਦਿੱਤੀ ਜਾ ਰਹੀ ਕਿਸੇ ਵੀ ਸਬਸਿਡੀ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ ਪਰ ਕਾਂਗਰਸ ਪਾਰਟੀ ਸੱਤਾ ’ਚ ਆਈ ਤਾਂ ਪੰਜਾਬ ’ਚ ਸਾਰੀ ਸਬਸਿਡੀਆਂ ਬੰਦ ਹੋ ਜਾਣਗੀਆਂ।
ਇਹ ਵੀ ਪੜ੍ਹੋ : Rajbir Ghumman: ਜਾਂਚ ਏਜੰਸੀ ਅੱਗੇ ਤੀਜੀ ਪੇਸ਼ੀ, ਨਹੀਂ ਪਹੁੰਚੇ ਰਾਜਬੀਰ ਘੁੰਮਣ