Sirsa News: ਜੰਮੂ ਕਸ਼ਮੀਰ ’ਚ ਸ਼ਹੀਦੀ ਪਾਉਣ ਵਾਲੇ ਸੁਖਚੈਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪੰਜ ਸਾਲ ਦੇ ਬੇਟੇ ਨੇ ਦਿੱਤੀ ਸ਼ਹੀਦ ਸੁਖਚੈਨ ਸਿੰਘ ਨੂੰ ਮੁੱਖ ਅਗਨੀ, ਸੇਜਲ ਅੱਖਾਂ ਨਾਲ ਪਿੰਡ ਵਾਸੀਆਂ ਨੇ ਦਿੱਤੀ ਅੰਤਿਮ ਵਿਦਾਈ

Ravinder Sharma Picture
Published On

ਸਰਸਾ (ਸੱਚ ਕਹੂੰ ਨਿਊਜ/ਸੁਨੀਲ ਵਰਮਾ)। ਜੰਮੂ-ਕਸ਼ਮੀਰ ’ਚ 3 ਸਤੰਬਰ ਨੂੰ ਸ਼ਹੀਦੀ ਪ੍ਰਾਪਤ ਕਰਦਿਆਂ ਪਿੰਡ ਕੁੱਤਾਵੱਢ ਨਿਵਾਸੀ ਕਰੀਬ 30 ਸਾਲਾ ਫੌਜੀ ਸੁਖਚੈਨ ਸਿੰਘ ਸ਼ਨਿੱਚਰਵਾਰ ਨੂੰ ਪੰਜ ਤੱਤਾਂ ’ਚ ਵਿਲੀਨ ਹੋ ਗਏ। ਫੌਜ ਅਤੇ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ ਸਰਕਾਰੀ ਸਨਮਾਨ ਲਾਲ ਅੰਤਿਮ ਸਲਾਮੀ ਦਿੱਤੀ। ਪੰਜ ਸਾਲਾ ਬੇਟੇ ਅਕਾਸ਼ਦੀਪ ਨੇ ਪਿਤਾ ਦੀ ਚਿਖਾ ਨੂੰ ਮੁੱਖ ਅਗਨੀ ਦਿੱਤੀ।

ਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚਦਿਆਂ ਹੀ ‘ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਸੁਖਚੈਨ ਫੌਜੀ ਅਮਰ ਰਹੇ’ ਦੇ ਨਾਅਰਿਆਂ ਨਾਲ ਮਾਹੌਲ ਗ਼ਮਗੀਨ ਹੋ ਗਿਆ। ਸੁਖਚੈਨ ਸਿੰਘ ਦੇ ਅੰਤਿਮ ਦਰਸ਼ਨ ਕਰਨ ਲਈ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕ ਪੁੱਜੇ। ਰਸਤੇ ’ਚ ਭੰਬੂਰ, ਮੰਗਾਲਾ, ਮੱਲੇਕਾਂ, ਮਾਧੋਸਿੰਘਾਨਾ ਅਤੇ ਢਾਣੀ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਪਿੰਡ ਵਾਸੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਪਿੰਡ ਪਹੁੰਚਣ ’ਤੇ ਮ੍ਰਿਤਕ ਦੇਹ ਨੂੰ ਪਹਿਲਾਂ ਘਰ ਲਿਆਂਦਾ ਗਿਆ, ਜਿੱਥੇ ਪਰਵਿਾਰ ਅਤੇ ਪਿੰਡ ਵਾਸੀਆਂ ਨੇ ਅੰਤਿਮ ਦਰਸ਼ਨ ਕੀਤੇ।

Read Also : ਪੰਜਾਬ ਕੈਬਨਿਟ ਦਾ ਫੈਸਲਾ: ਸਿਹਤ ਵਿਭਾਗ ’ਚ 138 ਨਵੀਆਂ ਅਸਾਮੀਆਂ ਸਣੇ 80 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ

ਪ੍ਰਸ਼ਾਸਨ ਵੱਲੋਂ ਰਾਣੀਆਂ, ਤਹਿਸੀਲਦਾਰ ਸ਼ੁਭਮ ਸ਼ਰਮਾ ਨੇ ਪੁਸ਼ਪਚੱਕਰ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਫੌਜ ਵੱਲੋਂ ਕਰਨਲ ਓਪੀ ਸੁਮੇਰਾ, ਕਰਨਲ ਇੰਦਰ ਸਿੰਘ, ਸੂਬੇਦਾਰ ਨਰਿੰਦਰ ਸਿੰਘ ਅਤੇ ਸੂਬੇਦਾਰ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਫੌਜੀ ਕਲਿਆਣ ਬੋਰਡ ਵੱਲੋਂ ਲਾਲ ਚੰਦ ਨੇ ਸ਼ਰਧਾਂਜਲੀ ਦਿੱਤੀ। ਐਲਨਾਬਾਦ ਵਿਧਾਇਕ ਭਰਤ ਸਿੰਘ ਬੈਨੀਵਾਲ, ਸੰਤ ਬ੍ਰਹਮਾਦਾਸ, ਸੰਤ ਹਰਿਨਾਮਦਾਸ, ਸੀਨੀਅਰ ਭਾਜਪਾ ਆਗੂ ਜਗਦੀਸ਼ ਚੋਪੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਸਰਪੰਚ ਬੇਅੰਤ ਸਿੰਘ ਸੰਧੂ, ਅਮੀਰ ਚੰਦ ਮਹਿਤਾ ਅਤੇ ਲਲਿਤ ਮੋਹਨ ਪੋਪਲੀ ਸਮੇਤ ਹੋਰ ਲੋਕਾਂ ਨੇ ਵੀ ਫੁੱੱਲ ਮਾਲਾਵਾਂ ਭੇਂਟ ਕੀਤੀਆਂ। ਏਐੱਸਪੀ ਆਦਰਸ਼ਦੀਪ ਸਿੰਘ ਅਤੇ ਡੀਐੱਸਪੀ ਸੁਭਾਸ਼ ਚੰਦਰ ਵੀ ਮੌਜ਼ੂਦ ਸਨ। 

2015 ’ਚ ਹੋਏ ਸਨ ਭਰਤੀ

ਸੁਖਚੈਨ ਸਿੰਘ ਸਾਲ 2015 ’ਚ ਫੌਜ ’ਚ ਭਰਤੀ ਹੋਏ ਸਨ। ਕਰੀਬ 11 ਸਾਲ ਦੀ ਸੇਵਾ ਦੌਰਾਨ ਉਨ੍ਹਾਂ ਨੇ ਦੇਸ਼ ਦੀ ਰੱਖਿਆ ਨੂੰ ਆਪਣਾ ਫਰਜ਼ ਮੰਨਿਆ। ਪਰਿਵਾਰ ਅਨੁਸਾਰ ਉਨ੍ਹਾਂ ਨੇ 10 ਦਿਨਾਂ ਦੀ ਛੁੱਟੀ ’ਤੇ ਘਰ ਆਉਣਾ ਸੀ। ਬੇਟੇ ਅਕਾਸ਼ਦੀਪ ਦਾ ਜਨਮ ਦਿਨ 1 ਅਕਤੂਬਰ ਨੂੰ ਹੈ ਅਤੇ ਪਰਿਵਾਰ ਉਨ੍ਹਾਂ ਦੇ ਘਰ ਪਰਤਣ ਦਾ ਇੰਤਜ਼ਾਰ ਕਰ ਰਿਹਾ ਸੀ। ਪਰਿਵਾਰ ’ਚ ਪਤਨੀ ਨਿਰਮਲ ਕੌਰ, ਮਾਤਾ ਅਮਰ ਕੌਰ, ਭਾਈ ਸਰਬਜੀਤ ਸਿੰਘ ਅਤੇ ਪੁੱਤਰ ਅਕਾਸ਼ਦੀਪ ਹਨ। 

About The Author

Related Posts