Health News: ਕੈਂਸਰ ਮਰੀਜ਼ਾਂ ਨੂੰ ਰਾਹਤ, 137 ਦਵਾਈਆਂ ’ਤੇ ਮੁਨਾਫਾ 30 ਫੀਸਦੀ ਤੈਅ
ਸਾਰੇ ਦਵਾ ਨਿਰਮਾਤਾਵਾਂ ਨੂੰ ਨੋਟੀਫਿਕੇਸ਼ਨ ਦੇ ਸੱਤ ਦਿਨਾਂ ਦੇ ਅੰਦਰ ਐੱਨਪੀਪੀਏ ਨੂੰ ਦੇਣੀ ਪਵੇਗੀ ਸੋਧੀਆਂ ਕੀਮਤਾਂ ਦੀ ਜਾਣਕਾਰੀ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ 137 ਗੈਰ-ਅਨੁਸੂਚਿਤ ਕੈਂਸਰ ਵਿਰੋਧੀ ਦਵਾਈਆਂ ’ਤੇ ਟਰੇਡ ਮਾਰਜਿਨ ਨੂੰ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐੱਮਆਰਪੀ) ਦੇ 30 ਫੀਸਦੀ ਤੱਕ ਸੀਮਤ ਕਰ ਦਿੱਤਾ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨਪੀਪੀਏ) ਦੇ ਇਸ ਫੈਸਲੇ ਨਾਲ ਕਈ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿੱਚ 70 ਫੀਸਦੀ ਤੱਕ ਦੀ ਕਮੀ ਆਉਣ ਦੀ ਉਮੀਦ ਹੈ। ਇਹ ਕਦਮ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੇ ਅਧੀਨ ਟਰੇਡ ਮਾਰਜਿਨ ਰੈਸ਼ਨਲਾਈਜ਼ੇਸ਼ਨ (ਟੀਐੱਮਆਰ) ਦਾ ਹਿੱਸਾ ਹੈ, ਜਿਸ ਦਾ ਉਦੇਸ਼ ਵੰਡ ਲੜੀ ਵਿੱਚ ਬਹੁਤ ਜ਼ਿਆਦਾ ਮਾਰਜਿਨ ਨੂੰ ਰੋਕਣਾ ਹੈ।
ਸਾਰੇ ਦਵਾ ਨਿਰਮਾਤਾਵਾਂ ਨੂੰ ਗਜ਼ਟ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੇ ਸੱਤ ਦਿਨਾਂ ਦੇ ਅੰਦਰ ਐੱਨਪੀਪੀਏ ਨੂੰ ਆਪਣੀਆਂ ਸੋਧੀਆਂ ਕੀਮਤਾਂ ਬਾਰੇ ਸੂਚਿਤ ਕਰਨਾ ਹੋਵੇਗਾ ਸੋਧੀਆਂ ਕੀਮਤਾਂ 9 ਨਵੰਬਰ, 2026 ਤੋਂ ਲਾਗੂ ਹੋਣਗੀਆਂ। ਨਿਰਮਾਤਾਵਾਂ ਨੂੰ ਆਪਣੀਆਂ ਵੈੱਬਸਾਈਟਾਂ ’ਤੇ ਕੀਮਤ ਸੂਚੀ ਪ੍ਰਦਰਸ਼ਿਤ ਕਰਨੀ ਹੋਵੇਗੀ ਅਤੇ ਸਾਰੇ ਪ੍ਰਚੂਨ ਵਿਕਰੇਤਾਵਾਂ ਅਤੇ ਹਸਪਤਾਲਾਂ ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ ਹਸਪਤਾਲ ਵੀ ਆਪਣੀਆਂ ਵੈੱਬਸਾਈਟਾਂ ’ਤੇ ਸੋਧੀਆਂ ਕੀਮਤਾਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਗੇ।
Read Also : ਮੁੰਬਈ ਵਿੱਚ ਟਾਈਗਰ ਸ਼ਰਾਫ ’ਤੇ ਫਾਈਰਿੰਗ, ਵਾਲ਼-ਵਾਲ਼ ਬਚੇ
ਖਪਤਕਾਰ ਸੋਧੀਆਂ ਕੀਮਤਾਂ ਦੀ ਜਾਂਚ ਕਰਨ ਲਈ ਫਾਰਮਾ ਸਹੀ ਦਾਮ ਐਪ ਅਤੇ ਐੱਨਪੀਪੀਏ ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹਨ। ਸਰਕਾਰ ਦਾ ਕਹਿਣਾ ਹੈ ਕਿ ਕੈਂਸਰ ਵਿਰੋਧੀ ਦਵਾਈਆਂ ਨੂੰ ਵਧੇਰੇ ਕਿਫਾਇਤੀ ਅਤੇ ਪਹੁੰਚਯੋਗ ਬਣਾ ਕੇ, ਇਹ ਪਹਿਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਵਿੱਤੀ ਬੋਝ ਘਟਾਉਣ ਵਿੱਚ ਮੱਦਦ ਕਰੇਗੀ। 137 ਪਛਾਣੀਆਂ ਗਈਆਂ ਦਵਾਈਆਂ ਵਿੱਚ 20 ਤੋਂ ਵੱਧ ਕਿਸਮਾਂ ਦੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਇਮਯੂਨੋਥੈਰੇਪੀ ਦਵਾਈਆਂ, ਛਾਤੀ ਅਤੇ ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਡੇਨੋਸੁਮੈਬ, ਕੈਂਸਰ ਦੇ ਮਰੀਜ਼ਾਂ ਵਿੱਚ ਨਿਊਟ੍ਰੋਪੇਨੀਆ ਨੂੰ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਪੇਗਫਿਲਗ੍ਰਾਸਟਿਮ ਅਤੇ ਕੋਲਨ, ਅੰਡਾਸ਼ਿਆ ਅਤੇ ਸਰਵਾਈਕਲ ਕੈਂਸਰ ਦੇ ਇਲਾਜ ਲਈ ਪ੍ਰਵਾਨਿਤ ਬੇਵਾਸੀਜ਼ੁਮੈਬ ਸ਼ਾਮਲ ਹਨ।
ਇਸ ਨੋਟੀਫਿਕੇਸ਼ਨ ਦੇ ਨਾਲ ਪੇਮਬ੍ਰੋਲੀਜ਼ੁਮੈਬ, ਡਰਵਾਲੁਮੈਬ ਅਤੇ ਓਸੀਮਰਟੀਨਿਬ ਵਰਗੀਆਂ ਵਿਆਪਕ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਕੈਂਸਰ ਵਿਰੋਧੀ ਦਵਾਈਆਂ ਦੀ ਐੱਮਆਰਪੀ ਮਰੀਜ਼ਾਂ ਲਈ ਵਧੇਰੇ ਪਹੁੰਚਯੋਗ ਹੋਣ ਦੀ ਉਮੀਦ ਹੈ।
- ਇਸ ਫੈਸਲੇ ਨਾਲ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ’ਚ 70 ਫੀਸਦੀ ਤੱਕ ਘਟਣ ਦੀ ਉਮੀਦ
- ਇਸ ਕਦਮ ਨਾਲ ਦੇਸ਼ ’ਚ ਕੈਂਸਰ ਦੇ ਮਰੀਜ਼ਾਂ ਨੂੰ ਹਰ ਸਾਲ ਲਗਭਗ 2,500 ਕਰੋੜ ਰੁਪਏ ਬਚਤ ਹੋਣ ਦੀ ਉਮੀਦ
- ਮੈਡੀਕਲ ਸਟੋਰਾਂ, ਹਸਪਤਾਲਾਂ ਅਤੇ ਵਿਚੋਲਿਆਂ ਵੱਲੋਂ ਕੈਂਸਰ ਦੀਆਂ ਜੀਵਨ ਬਚਾਉਣ ਵਾਲੀਆਂ ਦਵਾਈਆਂ ’ਤੇ ਬਹੁਤ ਜ਼ਿਆਦਾ ਮੁਨਾਫ਼ਾਖੋਰੀ ਨੂੰ ਰੋਕਣਾ ਉਦੇਸ਼