Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ‘ਮਾਨਸਿਕ ਸਿਹਤ ਮਾਇਨੇ ਰੱਖਦੀ ਹੈ’ ’ਤੇ ਵਿਸ਼ੇਸ਼ ਸੈਮੀਨਾਰ

ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ, ਮਾਨਸਿਕ ਲਚਕਤਾ ਨੂੰ ਮਜ਼ਬੂਤ ਕਰਨਾ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ : ਉਪ-ਕੁਲਪਤੀ ਪ੍ਰੋ. 

Satinder Mathur  Picture
Published On

Amritsar News: (ਰਾਜਨ ਮਾਨ) ਅੰਮ੍ਰਿਤਸਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਮਨੁੱਖ ਦੀ ਮਾਨਸਿਕ ਪੀੜ ਅਤੇ ਤਣਾਅ ਦਾ ਇੱਕ ਵੱਡਾ ਕਾਰਨ ਆਪਣੀਆਂ ਰੂਹਾਨੀ ਜੜ੍ਹਾਂ, ਆਪਣੀ ਅਸਲੀ ਪਛਾਣ ਅਤੇ ਸਿਰਜਣਹਾਰ ਨਾਲੋਂ ਟੁੱਟਣਾ ਹੈ। ਜਦੋਂ ਮਨੁੱਖ ਆਪਣੇ-ਆਪ ਨੂੰ ਪਛਾਣਦਾ, ਆਤਮ-ਗਿਆਨ ਪ੍ਰਾਪਤ ਕਰਦਾ ਅਤੇ ਸਿਰਜਣਹਾਰ ਨਾਲ ਜੁੜਦਾ ਹੈ ਤਾਂ ਉਸ ਦੇ ਜੀਵਨ ਵਿੱਚ ਤਣਾਅ ਅਤੇ ਚਿੰਤਾਵਾਂ ਘਟਣ ਲੱਗਦੀਆਂ ਹਨ। 

ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਆਰ.ਯੂ.ਐੱਸ.ਏ. 2.0 (ਆਊਟਰੀਚ ਗਤੀਵਿਧੀਆਂ) ਅਧੀਨ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਖੇ “ਮਾਨਸਿਕ ਸਿਹਤ ਮਾਇਨੇ ਰੱਖਦੀ ਹੈ” ਵਿਸ਼ੇ ’ਤੇ ਕਰਵਾਏ ਵਿਸ਼ੇਸ਼ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕਰ ਰਹੇ ਸਨ। ਸੈਮੀਨਾਰ ਵਿੱਚ ਗੁਰਬਾਣੀ ਦੇ ਦਾਰਸ਼ਨਿਕ ਵਿਚਾਰਾਂ, ਆਧੁਨਿਕ ਮਨੋਵਿਗਿਆਨ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਰਾਹੀਂ ਮਾਨਸਿਕ ਸਿਹਤ ਨਾਲ ਜੁੜੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ, ਮਾਨਸਿਕ ਲਚਕਤਾ ਨੂੰ ਮਜ਼ਬੂਤ ਕਰਨ ਅਤੇ ਸਿਹਤਮੰਦ ਜੀਵਨ ਪ੍ਰਤੀ ਸਕਾਰਾਤਮਕ ਸੋਚ ਪੈਦਾ ਕਰਨਾ ਸੀ। ਪ੍ਰੋਗਰਾਮ “ਇੱਕ ਸਿਹਤਮੰਦ ਮਨ, ਇੱਕ ਸਿਹਤਮੰਦ ਕੱਲ੍ਹ” ਦੇ ਸੰਕਲਪ ਨੂੰ ਸਮਰਪਿਤ ਸੀ।

ਸੈਮੀਨਾਰ ਦੌਰਾਨ ਭਾਟੀਆ ਨਿਊਰੋ ਸਾਈਕਿਆਟ੍ਰਿਕ ਹਸਪਤਾਲ, ਅੰਮ੍ਰਿਤਸਰ ਦੇ ਪ੍ਰਸਿੱਧ ਮਨੋ-ਰੋਗ ਵਿਸ਼ੇਸ਼ਜ ਡਾ. ਜੇ.ਪੀ.ਐੱਸ. ਭਾਟੀਆ ਨੇ ਵਿਦਿਆਰਥੀਆਂ ਨਾਲ ਵਿਲੱਖਣ ਸਵਾਲ-ਜਵਾਬ ਸੈਸ਼ਨ ਕੀਤਾ। ਉਨ੍ਹਾਂ ਨੇ ‘ਆਪਣੇ ਆਪ’, ‘ਹੋਂਦ’ ਅਤੇ ‘ਜੀਵਨ ਦੇ ਉਦੇਸ਼’ ਨਾਲ ਸਬੰਧਤ ਵਿਚਾਰਸ਼ੀਲ ਸਵਾਲ ਵਿਦਿਆਰਥੀਆਂ ਸਾਹਮਣੇ ਰੱਖੇ। ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਅਤੇ ਨਿੱਜੀ ਅਨੁਭਵਾਂ ਦੇ ਆਧਾਰ ’ਤੇ ਸਵਾਲਾਂ ਦੇ ਜਵਾਬ ਦਿੱਤੇ। ਡਾ. ਭਾਟੀਆ ਨੇ ਵਿਦਿਆਰਥੀਆਂ ਦੇ ਜਵਾਬਾਂ ਨੂੰ ਮਨੋਵਿਗਿਆਨਕ ਨਜ਼ਰੀਏ ਤੋਂ ਸਮਝਾਉਂਦਿਆਂ ਕਿਹਾ ਕਿ ਆਪਣੇ-ਆਪ ਦੀ ਪਛਾਣ, ਆਪਣੀਆਂ ਭਾਵਨਾਵਾਂ ਦੀ ਸਮਝ ਅਤੇ ਜੀਵਨ ਦੇ ਉਦੇਸ਼ ਦੀ ਪਛਾਣ ਮਾਨਸਿਕ ਤੰਦਰੁਸਤੀ ਲਈ ਅਹਿਮ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਦੁਬਿਧਾਵਾਂ ਅਤੇ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ: Khedan Watan Punjab Diyan: ਅਜਨਾਲਾ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦਾ ਆਗਾਜ਼, ਧਾਲੀਵਾਲ ਨੇ ਕਰਵਾਈ ਸ਼ੁਰੂਆਤ

ਡੀ.ਆਰ.ਡੀ.ਓ., ਜਲੰਧਰ ਦੀ ਵਿਗਿਆਨੀ ‘ਡੀ’ ਡਾ. ਨਿਸ਼ਠਾ ਮਹਿਰਾ ਨੇ ਮਾਨਸਿਕ ਲਚਕਤਾ ਅਤੇ ਤਣਾਅ ਪੈਦਾ ਕਰਨ ਵਾਲੇ ਕਾਰਨਾਂ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਜ਼ਿੰਦਗੀ ਵਿੱਚ ਕੁਝ ਘਟਨਾਵਾਂ, ਸ਼ਬਦ, ਹਾਲਾਤ ਜਾਂ ਵਾਤਾਵਰਣ ਅਜਿਹੇ ਹੋ ਸਕਦੇ ਹਨ ਜੋ ਤਣਾਅ, ਚਿੰਤਾ ਜਾਂ ਗੁੱਸੇ ਦਾ ਕਾਰਨ ਬਣਦੇ ਹਨ। ਉਨ੍ਹਾਂ ਬੋਧਾਤਮਕ ਅਤੇ ਭਾਵਨਾਤਮਕ ਲਚਕਤਾ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਕਾਰਨਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਸਵੀਕਾਰਨ ਅਤੇ ਸਹੀ ਢੰਗ ਨਾਲ ਨਜਿੱਠਣ ਦੇ ਤਰੀਕੇ ਦੱਸੇ। ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਸੰਤੁਲਨ ਬਣਾਈ ਰੱਖਣ ਲਈ ਕੁਝ ਵਿਹਾਰਕ ਅਭਿਆਸ ਅਤੇ ਸਚੇਤਤਾ ਆਧਾਰਿਤ ਤਕਨੀਕਾਂ ਵੀ ਕਰਵਾਈਆਂ।

ਸੈਮੀਨਾਰ ਦੇ ਅੰਤ ਵਿੱਚ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਰੂਪਨ ਢਿੱਲੋਂ ਨੇ ਬੁਲਾਰਿਆਂ, ਮਹਿਮਾਨਾਂ, ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੰਵਾਦ ਨੌਜਵਾਨਾਂ ਨੂੰ ਆਪਣੀਆਂ ਭਾਵਨਾਵਾਂ, ਸੋਚ ਅਤੇ ਜੀਵਨ ਦੇ ਉਦੇਸ਼ ਨੂੰ ਸਮਝਣ ਲਈ ਉਤਸ਼ਾਹਿਤ ਕਰਦੇ ਹਨ।

About The Author

Related Posts