Sangrur News: ਮੋਹਨਜੀਤ ਦੀ ਕਥਿਤ ਮਾਰ-ਕੁੱਟ ਦਾ ਮਾਮਲਾ ਗਰਮਾਇਆ

ਪ੍ਰਤਾਪ ਬਾਜਵਾ, ਵਿਜੇ ਇੰਦਰ, ਸੁਖਬੀਰ ਬਾਦਲ ਨੇ ਹਸਪਤਾਲ ਪਹੁੰਚ ਕੇ ਜ਼ਖਮੀ ਮੋਹਨਜੀਤ ਦਾ ਪਤਾ ਲਿਆ

Ravinder Sharma Picture
Published On

ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸ਼ੇਰੋਂ ਪਿੰਡ ਦੇ ਨੌਜਵਾਨ ਮੋਹਨਜੀਤ ਸਿੰਘ ਦੀ ਕਥਿਤ ਮਾਰ-ਕੁੱਟ ਦਾ ਮਾਮਲਾ ਤੂਲ ਫੜ ਗਿਆ ਹੈ। ਮੋਹਨਜੀਤ ਨੂੰ ਜ਼ਖਮੀ ਹਾਲਤ ’ਚ ਸੰਗਰੂਰ ਦੇ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ। ਅੱਜ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੋਹਨਜੀਤ ਦਾ ਪਤਾ ਲੈਣ ਲਈ ਸਰਕਾਰੀ ਹਸਪਤਾਲ ਪੁੱਜੇ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਮੌਜ਼ੂਦ ਰਹੇ।

ਬਾਜਵਾ ਨੇ ਕਿਹਾ ਕਿ ਲੋਕਤੰਤਰ ’ਚ ਸਵਾਲ ਕਰਨ ਦਾ ਹੱਕ ਹਰੇਕ ਨੂੰ ਹੈ ਪਰ ਮੋਹਨਜੀਤ ਵੱਲੋਂ ਨਸ਼ਿਆਂ ਦੀ ਰੋਕਥਾਮ ਬਾਰੇ ਮੁੱਖ ਮੰਤਰੀ ਨੂੰ ਕੀਤਾ ਗਿਆ ਸਵਾਲ, ਉਨ੍ਹਾਂ ਨੂੰ ਪਸੰਦ ਨਹੀਂ ਆਇਆ, ਜਿਸ ਕਾਰਨ ਪੁਲਿਸ ਵੱਲੋਂ ਮੋਹਨਜੀਤ ਦੀ ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਮੋਹਨਜੀਤ ਦੀਆਂ ਵੀਡੀਓ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦਾ ਬੁਰੀ ਤਰ੍ਹਾਂ ਸਰੀਰਕ ਸ਼ੋਸ਼ਣ ਕੀਤਾ ਗਿਆ ਤੇ ਉਸ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ।  

Read Also : ਰੋਹਿਤ ’ਤੇ ਉਮਰ ’ਚ ਗੜਬੜ ਕਾਰਨ ਵੱਡੀ ਕਾਰਵਾਈ, ਲੱਗੀ ਦੋ ਸਾਲ ਦੀ ਪਾਬੰਦੀ

ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੰਘੀ ਦੇਰ ਸ਼ਾਮ ਉਨ੍ਹਾਂ ਨੇ ਮੋਹਨਜੀਤ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾ ਕੇ ਐੱਮਐੱਲਆਰ ਕਟਵਾਈ ਹੈ ਜਦੋਂ ਕਿ ਹਸਪਤਾਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੋਹਨਜੀਤ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਲੱਖਾ ਸਿਧਾਣਾ ਵੱਲੋਂ ਵੀ ਸੰਗਰੂਰ ਪਹੁੰਚ ਕੇ ਇਸ ਘਟਨਾ ਲਈ ਸਰਕਾਰ ਦੀ ਅਲੋਚਨਾ ਕੀਤੀ ਗਈ। ਦੂਜੇ ਪਾਸੇ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਸਪਤਾਲ ਪਹੁੰਚੇ ਤੇ ਮੋਹਨਜੀਤ ਦਾ ਪਤਾ ਲਿਆ ਉਨ੍ਹਾਂ ਨੇ ਵੀ ਕਿਹਾ ਕਿ ਧਰਨਿਆਂ ’ਚੋਂ ਨਿੱਕਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਖੁਦ ਸਵਾਲ ਕਰਨ ਵਾਲੇ ਚੁੱਭਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮੋਹਨਜੀਤ ਨਾਲ ਜਿਹੜਾ ਕੁਝ ਹੋਇਆ ਉਹ ਬਹੁਤ ਹੀ ਮੰਦਭਾਗਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਾਗਮ ’ਚ ਸ਼ੇਰੋਂ ਪਿੰਡ ਦੇ ਨੌਜਵਾਨ ਮੋਹਨਜੀਤ ਸਿੰਘ ਨੇ ਕਾਲੀਆਂ ਝੰਡੀਆਂ ਵਿਖਾ ਕੇ ਆਪਣਾ ਰੋਸ ਜ਼ਾਹਰ ਕੀਤਾ ਸੀ, ਜਿਸ ਪਿੱਛੋਂ ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਹਿਰਾਸਤ ’ਚ ਲੈ ਲਿਆ ਸੀ ਮੋਹਨਜੀਤ ਨੇ ਪੁਲਿਸ ’ਤੇ ਦੋਸ਼ ਲਾਇਆ ਕਿ ਹਿਰਾਸਤ ’ਚ ਲੈ ਕੇ ਪੁਲਿਸ ਨੇ ਉਸ ਨਾਲ ਅਣਮਨੁੱਖੀ ਤਸ਼ੱਦਦ ਕੀਤਾ, ਜਿਸ ਕਾਰਨ ਉਹ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਹੋਇਆ 

ਘਟਨਾ ਦੀ ਨਿੰਦਾ ਕਰਦਾ ਹਾਂ, ਪਰ ਮੈਡੀਕਲ ਰਿਪੋਰਟ ਤੋਂ ਸਾਹਮਣੇ ਆਵੇਗਾ ਸੱਚ : ਕਿਹਾ, ਪੁਲਿਸ ਅਧਿਕਾਰੀਆਂ ਨੇ ਕੁੱਟਮਾਰ ਤੋਂ ਕੀਤਾ ਇਨਕਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸੁਨਾਮ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਸਮਾਗਮ ਦੌਰਾਨ ਕਾਲਾ ਝੰਡਾ ਦਿਖਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਨਾਲ ਪੁਲਿਸ ਵੱਲੋਂ ਕਥਿਤ ਤੌਰ ’ਤੇ ਤਸ਼ੱਦਦ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ। ਮਾਮਲੇ ’ਤੇ ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਅਮਨ ਅਰੋੜਾ ਨੇ ਕਿਹਾ ਕਿ ਉਹ ਪੂਰੇ ਘਟਨਾਕ੍ਰਮ ਦੀ ਨਿੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਮੋਹਨਜੀਤ ਸਿੰਘ ਨਾਲ ਕੋਈ ਮਾਰ-ਕੁੱਟ ਨਹੀਂ ਕੀਤੀ ਗਈ। ਅਰੋੜਾ ਮੁਤਾਬਿਕ ਪੁਲਿਸ ਅਧਿਕਾਰੀਆਂ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕ ਕੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਮੋਹਨਜੀਤ ਸਿੰਘ ਦੀ ਮੈਡੀਕਲ ਜਾਂਚ ਇਸ ਮਾਮਲੇ ’ਚ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਮੈਡੀਕੋ-ਲੀਗਲ ਰਿਪੋਰਟ (ਐੱਮਐੱਲਆਰ) ਤੋਂ ਪਤਾ ਲੱਗੇਗਾ ਕਿ ਨੌਜਵਾਨ ਦੇ ਸਰੀਰ ’ਤੇ ਮੌਜੂਦ ਸੱਟਾਂ ਕਿਵੇਂ ਲੱਗੀਆਂ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਸਐੱਸਪੀ ਨਾਲ ਵੀ ਗੱਲ ਕੀਤੀ ਹੈ। ਐੱਸਐੱਸਪੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਨੌਜਵਾਨ ਦੇ ਸਰੀਰ ’ਤੇ ਦਿਖਾਈ ਦੇ ਰਹੀਆਂ ਸੱਟਾਂ ਬਹੁਤ ਤਾਜ਼ਾ ਹਨ ਤੇ ਇਹ ਦੋ ਦਿਨ ਪੁਰਾਣੀਆਂ ਨਹੀਂ ਲੱਗਦੀਆਂ। ਮੰਤਰੀ ਨੇ ਕਿਹਾ ਕਿ ਐੱਮਐੱਲਆਰ ’ੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਸੱਟਾਂ ਆਪਣੇ ਆਪ ਲੱਗੀਆਂ ਹਨ ਜਾਂ ਕਿਸੇ ਤਰ੍ਹਾਂ ਦੀ ਕਥਿਤ ਤਸ਼ੱਦਦ ਦੀ ਘਟਨਾ ਵਾਪਰੀ ਹੈ।

About The Author

Related Posts