Punjab
Sangrur News: ਗੁਲਜਾਰ ਸਿੰਘ ਮੌਤ ਮਾਮਲੇ ’ਚ ਵੱਡਾ ਐਕਸ਼ਨ, ਸਰਪੰਚ ਸਮੇਤ ਪੰਜ ਖ਼ਿਲਾਫ਼ ਕੇਸ ਦਰਜ
ਤੂਰਬਣਜਾਰਾ ਪਿੰਡ ਦੇ ਵਿਅਕਤੀਆਂ ’ਤੇ ਡਰਾ-ਧਮਕਾ ਕੇ ਸਲਫਾਸ ਖਾਣ ਲਈ ਮਜਬੂਰ ਕਰਨ ਦੇ ਦੋਸ਼; ਸਰਪੰਚ ਦੇ ਪਤੀ ਦੀ ਗ੍ਰਿਫ਼ਤਾਰੀ
ਸੰਗਰੂਰ (ਨਰੇਸ਼ ਕੁਮਾਰ)। ਪਿੰਡ ਤੂਰਬਣਜਾਰਾ ਦੇ ਰਹਿਣ ਵਾਲੇ ਗੁਲਜਾਰ ਸਿੰਘ ਵੱਲੋਂ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਚੀਜ਼ ਖਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਡੀਐਮਸੀ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕੱਲ੍ਹ ਉਸ ਦੀ ਮੌਤ ਹੋ ਗਈ।
ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਪਿੰਡ ਤੂਰਬਣਜਾਰਾ ਦੇ ਕੁਝ ਵਿਅਕਤੀਆਂ ਵੱਲੋਂ ਗੁਲਜਾਰ ਸਿੰਘ ਨੂੰ ਕਥਿਤ ਤੌਰ ’ਤੇ ਡਰਾ-ਧਮਕਾ ਕੇ ਸਲਫਾਸ ਖਾਣ ਲਈ ਮਜਬੂਰ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
Read Also : ਸੰਗਰੂਰ ’ਚ ਨਸ਼ੇ ਦੀ ਵਿਕਰੀ ’ਤੇ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਵਿਅਕਤੀ ਦੀ ਮੌਤ
ਪੁਲਿਸ ਵੱਲੋਂ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਬਲਜੀਤ ਸਿੰਘ, ਬਲਜਿੰਦਰ ਕੌਰ (ਸਰਪੰਚ), ਸੁਖਦੇਵ ਸਿੰਘ, ਵਿੱਕੀ ਸਿੰਘ (ਪੰਚਾਇਤ ਮੈਂਬਰ) ਅਤੇ ਗੋਨਾ ਸਿੰਘ, ਸਾਰੇ ਵਾਸੀ ਤੂਰਬਣਜਾਰਾ, ਸ਼ਾਮਲ ਹਨ। ਪੁਲਿਸ ਨੇ ਇਸ ਮਾਮਲੇ ਵਿੱਚ BNS ਦੀ ਧਾਰਾ 108 ਅਤੇ SC/ST ਐਕਟ ਦੀਆਂ ਧਾਰਾਵਾਂ 3(1)(r) ਅਤੇ 3(1)(s) ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸਰਪੰਚ ਦੇ ਪਤੀ ਬਲਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਤੱਥਾਂ ਅਤੇ ਦੋਸ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ।