Ludhiana School News: ਲੁਧਿਆਣਾ ਦੇ ਸਰਕਾਰੀ ਸਕੂਲ ’ਚ ਹੈੱਡ ਟੀਚਰ ਦੀ ਅਚਾਨਕ ਮੌਤ, ਬੱਚਿਆਂ ਨਾਲ ਗੱਲਬਾਤ ਦੌਰਾਨ ਵਿਗੜੀ ਤਬੀਅਤ
ਅਚਾਨਕ ਵਾਪਰੀ ਇਸ ਘਟਨਾ ਕਾਰਨ ਪਰਿਵਾਰ ਅਤੇ ਸਾਥੀ ਅਧਿਆਪਕਾਂ ਵਿੱਚ ਸੋਗ ਦੀ ਲਹਿਰ
Ludhiana School News: ਲੁਧਿਆਣਾ, (ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੇ ਹੈਬੋਵਾਲ ਖੁਰਦ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੁੱਧਵਾਰ ਨੂੰ ਉਸ ਸਮੇਂ ਸੋਗ ਦਾ ਮਾਹੌਲ ਬਣ ਗਿਆ, ਜਦੋਂ ਸਕੂਲ ਦੇ ਹੈੱਡ ਟੀਚਰ ਹਰਜੀਤ ਗਰੇਵਾਲ (49) ਦੀ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਦੀਆਂ ਕਲਾਸਾਂ ਦਾ ਦੌਰਾ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੇ ਕੰਮਕਾਜ ਦਾ ਜਾਇਜ਼ਾ ਲੈ ਰਹੇ ਸਨ।
ਜਾਣਕਾਰੀ ਅਨੁਸਾਰ ਹਰਜੀਤ ਗਰੇਵਾਲ ਸਵੇਰੇ ਸਕੂਲ ਪਹੁੰਚੇ, ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ ਅਤੇ ਇਸ ਤੋਂ ਬਾਅਦ ਦੋ ਕਲਾਸਾਂ ਵਿੱਚ ਪੜ੍ਹਾਈ ਕਰਵਾਈ। ਉਨ੍ਹਾਂ ਨੇ ਕੁਝ ਦਫ਼ਤਰੀ ਕੰਮ ਵੀ ਨਿਪਟਾਏ। ਦੁਪਹਿਰ ਕਰੀਬ 12:40 ਵਜੇ ਉਹ ਪ੍ਰੀ-ਪ੍ਰਾਇਮਰੀ ਕਲਾਸ ਵਿੱਚ ਪਹੁੰਚੇ, ਜਿੱਥੇ ਉਹ ਬੱਚਿਆਂ ਅਤੇ ਅਧਿਆਪਕਾ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਅਚਾਨਕ ਛਾਤੀ ਵਿੱਚ ਦਰਦ ਹੋਣ ਦੀ ਗੱਲ ਕਹੀ। ਕਲਾਸ ਵਿੱਚ ਮੌਜ਼ੂਦ ਇੱਕ ਅਧਿਆਪਕ ਨੇ ਉਨ੍ਹਾਂ ਨੂੰ ਪਾਣੀ ਦਿੱਤਾ ਪਰ ਗਿਲਾਸ ਹੱਥ ਵਿੱਚ ਫੜਦੇ ਹੀ ਉਹ ਅਚਾਨਕ ਜ਼ਮੀਨ ’ਤੇ ਡਿੱਗ ਪਏ। ਸਾਥੀ ਅਧਿਆਪਕ ਤੁਰੰਤ ਉਨ੍ਹਾਂ ਦੀ ਮੱਦਦ ਲਈ ਪਹੁੰਚੇ ਅਤੇ ਉਨ੍ਹਾਂ ਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਨੇੜਲੇ ਮੁਹੱਲਾ ਕਲੀਨਿਕ ਲਿਜਾਇਆ ਗਿਆ। ਉਥੋਂ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਾਥੀ ਅਧਿਆਪਕਾਂ ਮੁਤਾਬਕ ਹਰਜੀਤ ਗਰੇਵਾਲ ਸਕੂਲ ਦੀ ਡਿਊਟੀ ਤੋਂ ਇਲਾਵਾ SIR ਅਤੇ ਡਰੱਗ ਸਰਵੇ ਨਾਲ ਸਬੰਧਤ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਸਨ। ਅਧਿਆਪਕਾਂ ਨੇ ਦੱਸਿਆ ਕਿ ਉਹ ਆਪਣੀਆਂ ਸਰਕਾਰੀ ਡਿਊਟੀਆਂ ਨੂੰ ਲੈ ਕੇ ਕਾਫ਼ੀ ਗੰਭੀਰ ਸਨ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਸਨ। ਹਰਜੀਤ ਗਰੇਵਾਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਘਰੇਲੂ ਔਰਤ ਹੈ। ਪੁੱਤਰ ਖੇਤੀਬਾੜੀ ਦਾ ਕੰਮ ਸੰਭਾਲਦਾ ਹੈ, ਜਦੋਂਕਿ ਧੀ ਕੈਨੇਡਾ ਵਿੱਚ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੇ ਦੋ ਵੱਡੇ ਭਰਾ ਵੀ ਹਨ। ਹੈੱਡ ਟੀਚਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਡੀਐਮਸੀ ਹਸਪਤਾਲ ਪਹੁੰਚੇ। ਅਚਾਨਕ ਵਾਪਰੀ ਇਸ ਘਟਨਾ ਕਾਰਨ ਪਰਿਵਾਰ ਅਤੇ ਸਾਥੀ ਅਧਿਆਪਕਾਂ ਵਿੱਚ ਸੋਗ ਦੀ ਲਹਿਰ ਹੈ।