Jalandhar News: ਜਲੰਧਰ ’ਚ ਬਿਸਕੁਟ ਤੇ ਨਮਕੀਨ ਫੈਕਟਰੀ ’ਚ ਭਿਆਨਕ ਅੱਗ, ਲੋਕਾਂ ਨੇ ਉੱਪਰਲੀ ਮੰਜ਼ਿਲ ’ਤੇ ਪਰਿਵਾਰ ਨੂੰ ਬਚਾਇਆ
ਤੇਜ਼ ਹਵਾਵਾਂ ਕਾਰਨ ਅੱਗ ਨੇ ਧਾਰਿਆ ਭਿਆਨਕ ਰੂਪ, ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਲੱਗੀਆਂ
ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। Jalandhar News: ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਇੰਡਸਟਰੀ ਏਰੀਆ ’ਚ ਸਥਿਤ ਬਿਸਕੁਟ ਅਤੇ ਨਮਕੀਨ ਬਣਾਉਣ ਵਾਲੀ ਫੈਕਟਰੀ ’ਚ ਦੇਰ ਰਾਤ ਕਰੀਬ 11 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਮੁੱਢਲੀ ਜਾਣਕਾਰੀ ਅਨੁਸਾਰ ਫੈਕਟਰੀ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਫੈਕਟਰੀ ਰਿਹਾਇਸ਼ੀ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਚੱਲ ਰਹੀ ਸੀ, ਜਦਕਿ ਉੱਪਰਲੀ ਮੰਜ਼ਿਲ ’ਤੇ ਫੈਕਟਰੀ ਮਾਲਕ ਦਾ ਪਰਿਵਾਰ ਰਹਿੰਦਾ ਹੈ। ਘਟਨਾ ਸਮੇਂ ਪਰਿਵਾਰ ਉੱਪਰਲੀ ਮੰਜ਼ਿਲ ’ਤੇ ਸੁੱਤਾ ਹੋਇਆ ਸੀ। ਹੇਠਾਂ ਤੋਂ ਅੱਗ ਤੇ ਧੂੰਆਂ ਨਿਕਲਦਾ ਦੇਖ ਕੇ ਪਰਿਵਾਰ ਨੂੰ ਬਾਹਰ ਕੱਢਿਆ ਗਿਆ। ਤੇਜ਼ ਹਵਾਵਾਂ ਕਾਰਨ ਅੱਗ ਨੇ ਕੁਝ ਹੀ ਸਮੇਂ ’ਚ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ। ਅੱਗ ਬੁਝਾਉਣ ਲਈ ਪਾਣੀ ਦੀਆਂ ਤਿੰਨ ਗੱਡੀਆਂ ਦੀ ਵਰਤੋਂ ਕੀਤੀ ਗਈ। ਕਾਫੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ। ਫੈਕਟਰੀ ਮਾਲਕ ਤੁਲਸੀ ਰਾਮ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲੰਮਾ ਪਿੰਡ ਚੌਕ ਨੇੜੇ ਇੰਡਸਟਰੀ ਏਰੀਆ ’ਚ ਬਿਸਕੁਟ ਤੇ ਨਮਕੀਨ ਦੀ ਫੈਕਟਰੀ ਚਲਾ ਰਹੇ ਹਨ। ਫੈਕਟਰੀ ਹੇਠਲੀ ਮੰਜ਼ਿਲ ’ਤੇ ਹੈ ਤੇ ਉੱਪਰ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਸਮੇਤ ਉੱਪਰਲੀ ਮੰਜ਼ਿਲ ’ਤੇ ਸੁੱਤੇ ਹੋਏ ਸਨ, ਜਦੋਂ ਉਨ੍ਹਾਂ ਨੂੰ ਹੇਠਾਂ ਤੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਨਿਕਲਦਾ ਦਿਖਾਈ ਦਿੱਤਾ। ਤੁਲਸੀ ਰਾਮ ਮੁਤਾਬਕ ਅੱਗ ਲੱਗਣ ਦਾ ਅਸਲ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅੱਗ ਕਾਰਨ ਫੈਕਟਰੀ ’ਚ ਪਿਆ ਸਾਮਾਨ ਸੜ ਗਿਆ ਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੂਮ ’ਚ ਲੰਮਾ ਪਿੰਡ ਚੌਕ ਨੇੜੇ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਤੇ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। Jalandhar News
ਇਹ ਵੀ ਪੜ੍ਹੋ : Delhi NCR Weather: ਦਿੱਲੀ-NCR ’ਚ ਮੀਂਹ ਤੋਂ ਬਾਅਦ ਹੁੰਮਸ ਭਰੀ ਗਰਮੀ ਨੇ ਕੀਤਾ ਪਰੇਸ਼ਾਨ