Mansa ’ਚ ਵਾਪਰੀ ਇੱਕ ਹੋਰ ਦਰਦਨਾਕ ਘਟਨਾ, ਪੁਲਿਸ ਮੁਲਾਜ਼ਮ ਨੇ ਆਪਣੇ ਹੀ ਪਰਿਵਾਰ ’ਤੇ ਚਲਾਈਆਂ ਗੋਲੀਆਂ
ਮੁਲਾਜ਼ਮ ਨੇ ਖੁਦ ਵੀ ਕੀਤੀ ਖੁਦਕੁਸ਼ੀ, ਪੁੱਤ ਦੀ ਵੀ ਮੌਤ, ਪਤਨੀ ਤੇ ਇੱਕ ਹੋਰ ਪੁੱਤ ਦੀ ਹਾਲਤ ਗੰਭੀਰ
ਮਾਨਸਾ (ਸੁਖਜੀਤ ਮਾਨ)। ਮਾਨਸਾ ’ਚ ਅੱਜ ਦਿਨ ਚੜ੍ਹਦਿਆਂ ਹੀ ਇੱਕ ਦਰਦਨਾਕ ਘਟਨਾ ਵਾਪਰ ਗਈ। ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਪਰਿਵਾਰ ’ਤੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ’ਚ ਉਸਦੇ ਇੱਕ ਪੁੱਤਰ ਦੀ ਮੌਤ ਹੋ ਗਈ ਜਦੋਂਕਿ ਪਤਨੀ ਤੇ ਇੱਕ ਹੋਰ ਪੁੱਤ ਦੀ ਹਾਲਤ ਗੰਭੀਰ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਵੇਰਵਿਆਂ ਮੁਤਾਬਿਕ ਪੁਲਿਸ ਮੁਲਾਜ਼ਮ ਗੁਰਵਿੰਦਰ ਸਿੰਘ, ਜਿਸਨੇ ਲੰਘੇ ਸੋਮਵਾਰ ਹੀ ਆਪਣੇ ਨਵੇਂ ਘਰ ’ਚ ਰਿਹਾਇਸ਼ ਕੀਤੀ ਸੀ, ਨੇ ਕਿਸੇ ਘਰੇਲੂ ਕਲੇਸ਼ ਦੇ ਚਲਦਿਆਂ ਅੱਜ ਆਪਣੇ ਪਰਿਵਾਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ’ਚ ਉਸਦੇ ਇੱਕ ਪੁੱਤਰ ਜੋਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸਦੀ ਪਤਨੀ ਹਰਪ੍ਰੀਤ ਕੌਰ ਅਤੇ ਪੁੱਤਰ ਦਿਲਸ਼ਾਨ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੰਭੀਰ ਹਾਲਤ ’ਚ ਜ਼ਖਮੀਆਂ ਨੂੰ ਬਠਿੰਡਾ ਏਮਜ਼ ਰੈਫਰ ਕੀਤਾ ਗਿਆ ਹੈ। ਇਸ ਦਰਦਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਲਈ।
Read Also : ਮੈਟਾ ਨੂੰ ਫੇਸਬੁੱਕ-ਇੰਸਟਾਗ੍ਰਾਮ ਦੇ ਰਿਕਮੈਂਡੇਸ਼ਨ ਸਿਸਟਮ ’ਚ ਕਰਨੇ ਪੈਣਗੇ ਬਦਲਾਅ
ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿੰਨ੍ਹਾਂ ’ਚੋਂ ਇਲਾਜ਼ ਦੌਰਾਨ ਗੁਰਵਿੰਦਰ ਸਿੰਘ ਅਤੇ ਉਸਦੇ ਪੁੱਤਰ ਜੋਤ ਸਿੰਘ ਦੀ ਮੌਤ ਹੋ ਗਈ। ਗੁਰਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਅਤੇ ਪੁੱਤਰ ਦਿਲਸ਼ਾਨ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਹੈ। ਐਸ. ਐਸ. ਪੀ. ਮਾਨਸਾ ਵੈਭਵ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੁਰੂਆਤੀ ਜਾਂਚ ’ਚ ਉਨ੍ਹਾਂ ਦੇ ਘਰੇਲੂ ਕਲੇਸ਼ ਦਾ ਕਾਰਨ ਹੀ ਸਾਹਮਣੇ ਆਇਆ ਹੈ।