Traffic News: ਹੁਣ ਗੈਰ-ਕਾਨੂੰਨੀ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ ਸੀਐੱਨਜੀ

ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਬੀਐਨਐਸਐਸ ਦੀ ਧਾਰਾ 163 ਤਹਿਤ ਜਾਰੀ ਕੀਤੇ ਹੁਕਮ

Khushdeep Singh Picture
Published On

ਅੰਮ੍ਰਿਤਸਰ (ਸੱਚ ਕਹੂੰ ਨਿਊਜ਼/ਹਿੰ.ਸ.)। ਅੰਮ੍ਰਿਤਸਰ ’ਚ ਹੁਣ ਗੈਰ-ਕਾਨੂੰਨੀ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ, ਡੀਜ਼ਲ ਤੇ ਸੀਐੱਨਜੀ ਨਹੀਂ ਮਿਲੇਗੀ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਕਮਿਸ਼ਨਰੇਟ ਅੰਮ੍ਰਿਤਸਰ ਸਿਟੀ ਦੇ ਅਧਿਕਾਰ ਖੇਤਰ ’ਚ ਲਾਗੂ ਹੋਵੇਗਾ। ਪੁਲਿਸ ਅਨੁਸਾਰ ਕਈ ਵਾਹਨ ਮਾਲਕ ਨੰਬਰ ਪਲੇਟਾਂ ਨੂੰ ਹਟਾ ਕੇ, ਮੋੜ ਕੇ, ਤੋੜ ਕੇ, ਢਕ ਕੇ ਜਾਂ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਕਰਕੇ ਵਾਹਨ ਚਲਾ ਰਹੇ ਹਨ। ਇਸ ਕਾਰਨ ਟ੍ਰੈਫਿਕ ਪੁਲਿਸ ਤੇ ਸਥਾਨਕ ਪੁਲਿਸ ਨੂੰ ਵਾਹਨਾਂ ਦੀ ਪਛਾਣ ਕਰਨ ’ਚ ਮੁਸ਼ਕਲ ਆਉਂਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸਪਸ਼ਟ ਜਾਂ ਬਦਲੀ ਹੋਈਆਂ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਵਰਤੋਂ ਹਿੱਟ ਐਂਡ ਰਨ, ਚੇਨ ਸਨੈਚਿੰਗ, ਚੋਰੀ, ਲੁੱਟ-ਖੋਹ ਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਕੀਤੀ ਜਾ ਸਕਦੀ ਹੈ। Traffic News

ਹੁਕਮਾਂ ਅਨੁਸਾਰ, ਜਿਨ੍ਹਾਂ ਵਾਹਨਾਂ ਦੇ ਅੱਗੇ ਤੇ ਪਿੱਛੇ ਵੈਧ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਨਹੀਂ ਲੱਗੀ ਹੋਵੇਗੀ, ਉਨ੍ਹਾਂ ਨੂੰ ਪੈਟਰੋਲ, ਡੀਜ਼ਲ ਜਾਂ ਸੀਐੱਨਜੀ ਨਹੀਂ ਦਿੱਤੀ ਜਾਵੇਗੀ। ਨੰਬਰ ਪਲੇਟ ਹਟਾਈ, ਟੁੱਟੀ, ਮੁੜੀ, ਢਕੀ ਜਾਂ ਉਸ ਵਿੱਚ ਬਦਲਾਅ ਕੀਤਾ ਹੋਣ ਦੀ ਸੂਰਤ ’ਚ ਵੀ ਈਂਧਨ ਦੇਣ ’ਤੇ ਰੋਕ ਰਹੇਗੀ। ਨਵੇਂ ਵਾਹਨਾਂ ’ਤੇ ਵੈਧ ਰਜਿਸਟ੍ਰੇਸ਼ਨ ਨੰਬਰ ਜਾਂ ਵੈਧ ਅਸਥਾਈ ਰਜਿਸਟ੍ਰੇਸ਼ਨ ਨੰਬਰ ਲੱਗਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਂਬੂਲੈਂਸ, ਫਾਇਰ ਬ੍ਰਿਗੇਡ ਤੇ ਹੋਰ ਜ਼ਰੂਰੀ ਐਮਰਜੈਂਸੀ ਵਾਹਨਾਂ ਨੂੰ ਵੀ ਛੋਟ ਮਿਲੇਗੀ। ਸਾਰੇ ਪੈਟਰੋਲ ਪੰਪ ਤੇ ਸੀਐੱਨਜੀ ਸਟੇਸ਼ਨ ਸੰਚਾਲਕਾਂ ਨੂੰ ਪ੍ਰਵੇਸ਼ ਦੁਆਰ ਤੇ ਈਂਧਨ ਭਰਨ ਵਾਲੀ ਥਾਂ ਦੇ ਨੇੜੇ ਘੱਟੋ-ਘੱਟ 3 ਗੁਣਾ 3 ਫੁੱਟ ਦਾ ਸੂਚਨਾ ਬੋਰਡ ਲਾਉਣਾ ਹੋਵੇਗਾ।

ਇਹ ਵੀ ਪੜ੍ਹੋ : Pension Scheme: ਪੈਨਸ਼ਨ ਹੋਈ ਬੰਦ!, ਸਰਕਾਰੀ ਵਿਭਾਗ ਨੂੰ ਅਪੀਲ, ਸਾਹਿਬ! ਹੁਣ ਤਾਂ ਮੈਨੂੰ ਜਿਉਂਦਾ ਸਮਝੋ!, ਜਾਣੋ ਕੀ ਹੈ ਮਾਮਲਾ

ਬੋਰਡ ’ਤੇ ਸਪਸ਼ਟ ਤੌਰ ’ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਬਿਨਾਂ ਵੈਧ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਈਂਧਨ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੈਟਰੋਲ ਪੰਪਾਂ ਤੇ ਸੀਐੱਨਜੀ ਸਟੇਸ਼ਨਾਂ ’ਤੇ ਲੱਗੇ ਸੀਸੀਟੀਵੀ ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਹਰ ਸਮੇਂ ਚਾਲੂ ਰੱਖਣੇ ਲਾਜ਼ਮੀ ਹੋਣਗੇ। ਆਉਣ-ਜਾਣ ਵਾਲੇ ਵਾਹਨਾਂ ਦੀਆਂ ਅੱਗੇ ਤੇ ਪਿੱਛੇ ਦੀਆਂ ਨੰਬਰ ਪਲੇਟਾਂ ਕੈਮਰਿਆਂ ’ਚ ਸਪਸ਼ਟ ਤੌਰ ’ਤੇ ਰਿਕਾਰਡ ਹੋਣੀਆਂ ਚਾਹੀਦੀਆਂ ਹਨ। ਕੈਮਰਿਆਂ ਦੀ ਰਿਕਾਰਡਿੰਗ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਹੋਵੇਗੀ ਤੇ ਪੁਲਿਸ ਵੱਲੋਂ ਲੋੜ ਪੈਣ ’ਤੇ ਇਹ ਫੁਟੇਜ ਮੁਹੱਈਆ ਕਰਵਾਉਣੀ ਲਾਜ਼ਮੀ ਹੋਵੇਗੀ। ਹੁਕਮਾਂ ’ਚ ਪੈਟਰੋਲ ਤੇ ਡੀਜ਼ਲ ਪੰਪਾਂ ’ਤੇ ਕਿਸੇ ਗੈਰ-ਅਧਿਕਾਰਤ ਵਿਅਕਤੀ ਨੂੰ ਬੋਤਲ, ਕੰਟੇਨਰ ਜਾਂ ਕਿਸੇ ਹੋਰ ਬਰਤਨ ’ਚ ਪੈਟਰੋਲ-ਡੀਜ਼ਲ ਦੇਣ ’ਤੇ ਵੀ ਰੋਕ ਲਾਈ ਗਈ ਹੈ। Traffic News

ਜੇਕਰ ਬਿਨਾਂ ਨੰਬਰ ਪਲੇਟ ਵਾਲੇ ਵਾਹਨ ਨੂੰ ਈਂਧਨ ਦੇਣ ਤੋਂ ਇਨਕਾਰ ਕਰਨ ’ਤੇ ਕੋਈ ਚਾਲਕ ਵਿਵਾਦ, ਹੰਗਾਮਾ ਕਰਦਾ ਹੈ ਤਾਂ ਪੈਟਰੋਲ ਪੰਪ ਸੰਚਾਲਕ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ 112 ’ਤੇ ਸੂਚਨਾ ਦੇ ਸਕਦਾ ਹੈ। ਪੁਲਿਸ ਅਨੁਸਾਰ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਮਾਲਕਾਂ, ਚਾਲਕਾਂ, ਪੈਟਰੋਲ ਪੰਪ ਸੰਚਾਲਕਾਂ ਜਾਂ ਕਰਮਚਾਰੀਆਂ ਖਿਲਾਫ਼ ਬੀਐੱਨਐੱਸਐੱਸ ਦੀ ਧਾਰਾ 223 ਤੇ ਮੋਟਰ ਵਹੀਕਲ ਐਕਟ ਦੀਆਂ ਲਾਗੂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪੁਲਿਸ ਨੇ ਕਿਹਾ ਕਿ ਇਸ ਹੁਕਮ ਦਾ ਮੁੱਖ ਉਦੇਸ਼ ਵਾਹਨਾਂ ਦੀ ਪਛਾਣ ਯਕੀਨੀ ਬਣਾਉਣਾ, ਟ੍ਰੈਫਿਕ ਨਿਯਮਾਂ ਦੀ ਨਿਗਰਾਨੀ ਮਜ਼ਬੂਤ ਕਰਨਾ ਤੇ ਅਪਰਾਧਿਕ ਗਤੀਵਿਧੀਆਂ ’ਚ ਵਰਤੇ ਜਾਣ ਵਾਲੇ ਵਾਹਨਾਂ ’ਤੇ ਨਜ਼ਰ ਰੱਖਣਾ ਹੈ।

About The Author

Related Posts