Punjab Weather Update: ਪੰਜਾਬ ਤੋਂ ਮਾਨਸੂਨ ਦੀ ਵਾਪਸੀ ਸ਼ੁਰੂ, ਅਗਲੇ 2-3 ਦਿਨਾਂ ’ਚ ਚੰਡੀਗੜ੍ਹ ਤੋਂ ਵੀ ਰੁਖ਼ਸਤ ਹੋਣ ਦੇ ਆਸਾਰ
ਪੰਜਾਬ ’ਚ ਆਮ ਨਾਲੋਂ 36 ਫ਼ੀਸਦੀ ਘੱਟ ਮੀਂਹ, 12 ਸਾਲਾਂ ’ਚ ਸਭ ਤੋਂ ਘੱਟ ਮੀਂਹ ਦਰਜ, 22 ਸਤੰਬਰ ਨੂੰ ਪੂਰੇ ਸੂਬੇ ’ਚ ਮੌਸਮ ਖੁਸ਼ਕ ਰਹੇਗਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। Punjab Weather Update: ਪੰਜਾਬ ਤੋਂ ਹੁਣ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਵਾਪਸੀ ਦੀ ਰੇਖਾ ਪਟਿਆਲਾ ਤੇ ਗੁਰਦਾਸਪੁਰ ਵਿੱਚੋਂ ਲੰਘ ਰਹੀ ਹੈ। ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ ਤੇ ਚੰਡੀਗੜ੍ਹ ਤੋਂ ਮਾਨਸੂਨ ਦੀ ਵਾਪਸੀ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਅੱਜ 22 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਪਟਿਆਲਾ ’ਚ ਸਭ ਤੋਂ ਵੱਧ 35.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਇਸ ਸਾਲ ਪੰਜਾਬ ਵਿੱਚ ਮਾਨਸੂਨ 1 ਜੁਲਾਈ ਨੂੰ ਪਹੁੰਚਿਆ ਸੀ। ਲਗਭਗ 82 ਦਿਨ ਸੂਬੇ ’ਚ ਰਹਿਣ ਤੋਂ ਬਾਅਦ ਹੁਣ ਇਸ ਦੀ ਵਾਪਸੀ ਸ਼ੁਰੂ ਹੋ ਗਈ ਹੈ। Punjab Weather Update
ਇਸ ਮਾਨਸੂਨ ਸੀਜ਼ਨ ਦੌਰਾਨ ਪੰਜਾਬ ’ਚ ਆਮ ਨਾਲੋਂ 36 ਫ਼ੀਸਦੀ ਘੱਟ ਮੀਂਹ ਪਿਆ ਹੈ। 1 ਜੂਨ ਤੋਂ ਹੁਣ ਤੱਕ ਸੂਬੇ ’ਚ 267.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਆਮ ਵਰਖਾ 419.2 ਮਿਲੀਮੀਟਰ ਹੁੰਦੀ ਹੈ। ਵਿਭਾਗ ਮੁਤਾਬਕ ਇਸ ਵਾਰ ਪੰਜਾਬ ’ਚ 12 ਸਾਲਾਂ ਦੌਰਾਨ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਉੱਤਰ-ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਹਵਾ ’ਚ ਨਮੀ ਘੱਟ ਹੋ ਰਹੀ ਹੈ। ਹਾਲਾਂਕਿ ਪੰਜਾਬ ’ਚ ਫਿਲਹਾਲ ਮੀਂਹ ਪੈਣ ਦੇ ਆਸਾਰ ਨਹੀਂ ਹਨ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਵੱਲੋਂ 22 ਸਤੰਬਰ ਨੂੰ ਜਾਰੀ ਕੀਤੇ ਪੂਰਵ ਅਨੁਮਾਨ ’ਚ ਵੀ 22 ਤੋਂ 28 ਸਤੰਬਰ ਤੱਕ ਪੰਜਾਬ ਲਈ ਕਿਸੇ ਤਰ੍ਹਾਂ ਦੀ ਮੌਸਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : Pakistan ’ਚ PTI ਦੇ 27 ਸਤੰਬਰ ਦੇ ਮਾਰਚ ਤੋਂ ਡਰੀ ਸਰਕਾਰ, ਇਸਲਾਮਾਬਾਦ ਨੂੰ ਬਦਲਿਆ ਜਾ ਰਿਹਾ ਹੈ ਛਾਉਣੀ 'ਚ