Sunam News: ਮੋਹਨਜੀਤ ਸ਼ੇਰੋਂ ਦੇ ਹੱਕ ’ਚ ਮੰਤਰੀ ਅਮਨ ਅਰੋੜਾ ਦੇ ਘਰ ਕਾਲਾ ਝੰਡਾ ਲੈ ਕੇ ਪਹੁੰਚੀ ਦਮਨ ਬਾਜਵਾ
ਮੈ ਇੱਕਲੀ ਕਾਲਾ ਝੰਡਾ ਲੈ ਕੇ ਪਹੁੰਚੀ ਹਾਂ, ਜੇਕਰ ਹਿੰਮਤ ਹੈ ਤਾਂ ਪੁਲਿਸ ਮੈਨੂੰ ਗ੍ਰਿਫਤਾਰ ਕਰੇ : ਦਮਨ ਬਾਜਵਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਦਿਨੀਂ ਪਿੰਡ ਸ਼ੇਰੋਂ ਵਿਖੇ ਪੁਲਿਸ ਵਲੋਂ ਮੋਹਨਜੀਤ ਸਿੰਘ ਸ਼ੇਰੋਂ ਨੂੰ ਗ੍ਰਿਫ਼ਤਾਰ ਕਰਨ ਤੇ ਪੁਲਿਸ ਵੱਲੋਂ ਉਸ ਦੀ ਕੀਤੀ ਗਈ ਕਥਿਤ ਕੁੱਟਮਾਰ ਦੇ ਰੋਸ ਵਜੋਂ ਅੱਜ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਮਨ ਬਾਜਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਬਾਹਰ ਕਾਲਾ ਝੰਡਾ ਲੈ ਕੇ ਪਹੁੰਚੀ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਅੱਜ ਮੈ ਇੱਕਲੀ ਮੰਤਰੀ ਦੀ ਕੋਠੀ ਅੱਗੇ ਕਾਲਾ ਝੰਡਾ ਲੈ ਕੇ ਪਹੁੰਚੀ ਹਾਂ, ਜੇਕਰ ਹਿੰਮਤ ਹੈ ਤਾਂ ਪੁਲਿਸ ਮੈਨੂੰ ਗ੍ਰਿਫਤਾਰ ਕਰੇ ਤੇ ਮੇਰੇ ’ਤੇ ਕੇਸ ਦਰਜ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਾ ਹਰੇਕ ਵਿਅਕਤੀ ਦਾ ਹੱਕ ਹੈ ਤੇ ਇਹ ਰੋਸ ਪ੍ਰਦਰਸ਼ਨ ਸਰਕਾਰਾਂ ਖਿਲਾਫ਼ ਪਹਿਲਾਂ ਵੀ ਹੁੰਦੇ ਰਹੇ ਹਨ ਤੇ ਇਸ ਦਾ ਇਹ ਮਤਲਬ ਨਹੀਂ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਸ਼ਹਿ ’ਤੇ ਇਕ ਵਿਅਕਤੀ ’ਤੇ ਤਸ਼ੱਦਦ ਕਰੇ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੋਹਨਜੀਤ ਸਿੰਘ ਸ਼ੇਰੋਂ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਵੇਗਾ। ਇਥੇ ਜਿਕਰਯੋਗ ਹੈ ਕਿ ਦਮਨ ਬਾਜਵਾ ਪਿਛਲੇ ਦਿਨਾਂ ਤੋਂ ਮੋਹਨਜੀਤ ਨੂੰ ਇਨਸਾਫ਼ ਦਿਵਾਉਣ ’ਚ ਲੱਗੀ ਹੋਈ ਹੈ ਤੇ ਅੱਜ ਇਕੱਲੀ ਹੀ ਆਪਣੇ ਪਤੀ ਹਰਮਨ ਬਾਜਵਾ ਨਾਲ ਕਾਲਾ ਝੰਡਾ ਲਹਿਰਾਉਂਦੀ ਹੋਈ ਮੰਤਰੀ ਅਮਨ ਅਰੋੜਾ ਦੀ ਕੋਠੀ ਪਹੁੰਚੀ ਤੇ ਮੰਤਰੀ ਦੀ ਕੋਠੀ ਪਹੁੰਚਣ ਮੌਕੇ ’ਤੇ ਕੋਠੀ ਦਾ ਗੇਟ ਬੰਦ ਹੋ ਗਿਆ ਤੇ ਵੱਡੀ ਗਿਣਤੀ ’ਚ ਪੁਲਿਸ ਪਹੁੰਚ ਗਈ। Sunam News
ਇਹ ਵੀ ਪੜ੍ਹੋ : Punjab Weather: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਨਾਲ ਗਰਮੀ ਤੋਂ ਰਾਹਤ