Mohali News: ਮੋਹਾਲੀ ’ਚ ਪ੍ਰਾਈਵੇਟ ਤੇ ਟੂਰਿਸਟ ਬੱਸਾਂ ’ਤੇ ਕਾਰਵਾਈ, 20 ਤੋਂ ਵੱਧ ਬੱਸਾਂ ਦੀ ਚੈਕਿੰਗ

ਮੋਹਾਲੀ ’ਚ ਪ੍ਰਾਈਵੇਟ ਤੇ ਟੂਰਿਸਟ ਬੱਸਾਂ ’ਤੇ ਕਾਰਵਾਈ, 20 ਤੋਂ ਵੱਧ ਬੱਸਾਂ ਦੀ ਚੈਕਿੰਗ

Khushdeep Singh Picture
Published On

ਜ਼ੀਰਕਪੁਰ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ਦੇ ਜ਼ੀਰਕਪੁਰ ਇਲਾਕੇ ’ਚ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਵੱਲੋਂ ਪ੍ਰਾਈਵੇਟ ਤੇ ਟੂਰਿਸਟ ਬੱਸਾਂ ਖਿਲਾਫ਼ ਕਾਰਵਾਈ ਕੀਤੀ ਗਈ। ਵਿਭਾਗੀ ਟੀਮਾਂ ਨੇ ਵੱਖ-ਵੱਖ ਰਸਤਿਆਂ ’ਤੇ 20 ਤੋਂ ਵੱਧ ਬੱਸਾਂ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕਈ ਬੱਸਾਂ ਦੇ ਚਲਾਨ ਕੀਤੇ ਗਏ ਤੇ ਕਰੀਬ 60 ਹਜ਼ਾਰ ਰੁਪਏ ਦੇ ਜੁਰਮਾਨੇ ਵਸੂਲੇ ਗਏ। ਆਰਟੀਏ ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਬੱਸਾਂ ਟੂਰਿਸਟ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਿਆਂ ਚਲਾਈਆਂ ਜਾ ਰਹੀਆਂ ਹਨ। ਕੁਝ ਮਾਮਲਿਆਂ ’ਚ ਟੈਕਸ ਦਾ ਭੁਗਤਾਨ ਨਾ ਕਰਨ ਤੇ ਬੱਸਾਂ ’ਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਸਨ। Mohali News

ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ। ਆਰਟੀਏ ਮੋਹਾਲੀ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਅਸਿਸਟੈਂਟ ਆਰਟੀਓ ਗਗਨਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਜ਼ੀਰਕਪੁਰ ਦੇ ਵੱਖ-ਵੱਖ ਰਸਤਿਆਂ ’ਤੇ ਬੱਸਾਂ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖਿਲਾਫ਼ ਅੱਗੇ ਵੀ ਕਾਰਵਾਈ ਜਾਰੀ ਰਹੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਜਾਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਦੀਆਂ ਟੀਮਾਂ ਪੂਰੇ ਜ਼ਿਲ੍ਹੇ ’ਚ ਸਰਗਰਮ ਹਨ ਤੇ ਆਉਣ ਵਾਲੇ ਦਿਨਾਂ ’ਚ ਵੀ ਬੱਸਾਂ ਦੀ ਜਾਂਚ ਜਾਰੀ ਰਹੇਗੀ। ਅਧਿਕਾਰੀਆਂ ਅਨੁਸਾਰ ਇਹ ਬੱਸਾਂ ਆਲ ਇੰਡੀਆ ਟੂਰਿਸਟ ਪਰਮਿਟ ਤਹਿਤ ਚਲਦੀਆਂ ਹਨ। ਇਸ ਲਈ ਨਿਰਧਾਰਤ ਟੈਕਸ ਅਦਾ ਕਰਨਾ ਲਾਜ਼ਮੀ ਹੁੰਦਾ ਹੈ। ਟੈਕਸ ਜਮ੍ਹਾਂ ਹੋਣ ਤੋਂ ਬਾਅਦ ਵੀ ਬੱਸ ਨੂੰ ਪਰਮਿਟ ’ਚ ਦਰਜ ਸ਼ਰਤਾਂ ਤੇ ਨਿਯਮਾਂ ਅਨੁਸਾਰ ਹੀ ਚਲਾਇਆ ਜਾ ਸਕਦਾ ਹੈ। Mohali News

ਇਹ ਵੀ ਪੜ੍ਹੋ : Mukh Mantri Sehat Yojana: ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਅੰਗ ਬਚਾਉਣ ਦਾ ਮੌਕਾ ਦਿੱਤਾ

ਇਸੇ ਤਰ੍ਹਾਂ ਬੱਸ ਵਿੱਚ ਪਰਮਿਟ ਅਨੁਸਾਰ ਨਿਰਧਾਰਤ ਗਿਣਤੀ ’ਚ ਹੀ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ। ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਢਾਬਿਆਂ ਜਾਂ ਹੋਟਲਾਂ ਤੋਂ ਆਮ ਤੌਰ ’ਤੇ ਸਵਾਰੀਆਂ ਚੁੱਕਣ ਦੀ ਇਜਾਜ਼ਤ ਨਹੀਂ ਹੁੰਦੀ। ਜੇਕਰ ਕਿਸੇ ਬੱਸ ਵੱਲੋਂ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਜਾਂ ਪੰਜਾਬ ਮੋਟਰ ਵਹੀਕਲ ਟੈਕਸ ਦਾ ਭੁਗਤਾਨ ਨਾ ਕੀਤਾ ਗਿਆ ਹੋਵੇ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਪੁਰਾਣੀਆਂ ਜਾਂ ਅਣਫਿੱਟ ਬੱਸਾਂ ਨੂੰ ਨਿਯਮਾਂ ਅਨੁਸਾਰ ਪਰਮਿਟ ਜਾਰੀ ਨਹੀਂ ਕੀਤਾ ਜਾਂਦਾ। ਪਰਮਿਟ ਆਨਲਾਈਨ ਤੇ ਕੇਂਦਰੀ ਸਿਸਟਮ ਰਾਹੀਂ ਜਾਰੀ ਕੀਤੇ ਜਾਂਦੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੀਆਂ ਬੱਸਾਂ ਖਿਲਾਫ਼ ਜਾਂਚ ਤੇ ਕਾਰਵਾਈ ਲਗਾਤਾਰ ਜਾਰੀ ਰਹੇਗੀ।

About The Author

Related Posts