Shubman Gill Birthday: ਘੱਟ ਉਮਰ ’ਚ ਵੱਡਾ ਮੁਕਾਮ ਹਾਸਲ ਕਰਨ ਵਾਲੇ ਸ਼ੁਭਮਨ ਗਿੱਲ ਦਾ ਅੱਜ ਜਨਮਦਿਨ, ਪੜ੍ਹੋ ਅੰਡਰ-19 ਤੋਂ ਟੀਮ ਇੰਡੀਆ ਤੱਕ ਦਾ ਸਫਰ

ਘੱਟ ਉਮਰ ’ਚ ਮਿਲੀ ਕਪਤਾਨੀ, ਬਣੇ ਭਾਰਤੀ ਕ੍ਰਿਕੇਟ ਦੇ ਸਟਾਰ

Khushdeep Singh Picture
Published On

ਸਪੋਰਟਸ ਡੈਸਕ। Shubman Gill Birthday: ਭਾਰਤੀ ਕ੍ਰਿਕੇਟ ਦੇ ਮੌਜ਼ੂਦਾ ਦੌਰ ’ਚ ਜਿਨ੍ਹਾਂ ਨੌਜਵਾਨ ਖਿਡਾਰੀਆਂ ਨੇ ਆਪਣੀ ਬੱਲੇਬਾਜ਼ੀ ਨਾਲ ਵੱਖਰੀ ਪਛਾਣ ਬਣਾਈ ਹੈ, ਉਨ੍ਹਾਂ ’ਚ ਸ਼ੁਭਮਨ ਗਿੱਲ ਦਾ ਨਾਂਅ ਸਭ ਤੋਂ ਅੱਗੇ ਆਉਂਦਾ ਹੈ। ਅੱਜ 8 ਸਤੰਬਰ ਨੂੰ ਗਿੱਲ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। 8 ਸਤੰਬਰ, 1999 ਨੂੰ ਪੰਜਾਬ ਦੇ ਫਾਜ਼ਿਲਕਾ ’ਚ ਜਨਮੇ ਗਿੱਲ ਨੂੰ ਬਚਪਨ ਤੋਂ ਹੀ ਕ੍ਰਿਕੇਟ ਦਾ ਸ਼ੌਕ ਸੀ। ਉਹ ਅਕਸਰ ਆਪਣੇ ਤੋਂ ਬਹੁਤ ਵੱਡੇ ਖਿਡਾਰੀਆਂ ਵਿਰੁੱਧ ਖੇਡਿਆ ਕਰਦੇ ਸਨ। ਸੱਜੇ ਹੱਥ ਦੇ ਇਸ ਬੱਲੇਬਾਜ਼ ਦੀ ਕਹਾਣੀ ਸਿਰਫ਼ ਦੌੜਾਂ ਤੇ ਸੈਂਕੜਿਆਂ ਦੀ ਨਹੀਂ, ਸਗੋਂ ਲਗਾਤਾਰ ਮਿਹਨਤ, ਤਕਨੀਕ, ਧੀਰਜ ਤੇ ਵੱਡੇ ਮੌਕਿਆਂ ’ਤੇ ਆਪਣੇ ਆਪ ਨੂੰ ਸਾਬਤ ਕਰਨ ਦੀ ਕਹਾਣੀ ਹੈ। 2018 ਦੇ ਅੰਡਰ-19 ਵਿਸ਼ਵ ਕੱਪ ’ਚ ਚਮਕਣ ਵਾਲੇ ਇਹ ਖਿਡਾਰੀ ਅੱਜ ਭਾਰਤੀ ਟੈਸਟ ਤੇ ਵਨਡੇ ਟੀਮ ਦੀ ਅਗਵਾਈ ਕਰਨ ਵਾਲੀ ਪੀੜ੍ਹੀ ਦਾ ਮਹੱਤਵਪੂਰਨ ਚਿਹਰਾ ਬਣ ਚੁੱਕੇ ਹਨ।

ਅੰਡਰ-19 ਵਿਸ਼ਵ ਕੱਪ ਤੋਂ ਸ਼ੁਰੂ ਹੋਇਆ ਸੀ ਸਫਰ

ਸ਼ੁਭਮਨ ਗਿੱਲ ਨੂੰ ਸਭ ਤੋਂ ਵੱਡੀ ਪਛਾਣ 2018 ਦੇ ਅੰਡਰ-19 ਵਿਸ਼ਵ ਕੱਪ ਤੋਂ ਮਿਲੀ। ਨਿਊਜ਼ੀਲੈਂਡ ’ਚ ਹੋਏ ਇਸ ਟੂਰਨਾਮੈਂਟ ’ਚ ਭਾਰਤੀ ਟੀਮ ਨੇ ਪ੍ਰਿਥਵੀ ਸ਼ਾਅ ਦੀ ਕਪਤਾਨੀ ਹੇਠ ਖਿਤਾਬ ਜਿੱਤਿਆ ਸੀ ਤੇ ਗਿੱਲ ਟੀਮ ਦੇ ਸਭ ਤੋਂ ਵੱਡੇ ਸਿਤਾਰੇ ਵਜੋਂ ਉਭਰੇ। ਉਨ੍ਹਾਂ ਨੇ ਟੂਰਨਾਮੈਂਟ ’ਚ 5 ਪਾਰੀਆਂ ’ਚ 372 ਦੌੜਾਂ ਬਣਾਈਆਂ ਤੇ ਉਨ੍ਹਾਂ ਦੀ ਬੱਲੇਬਾਜ਼ੀ ਔਸਤ 124 ਦੀ ਰਹੀ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਤੇ 3 ਅਰਧਸੈਂਕੜੇ ਲਾਏ। ਪਾਕਿਸਤਾਨ ਖਿਲਾਫ਼ ਸੈਮੀਫਾਈਨਲ ’ਚ ਉਨ੍ਹਾਂ ਦੀ ਨਾਬਾਦ 102 ਦੌੜਾਂ ਦੀ ਪਾਰੀ ਖਾਸ ਤੌਰ ’ਤੇ ਯਾਦਗਾਰ ਰਹੀ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਾ ਟੂਰਨਾਮੈਂਟ’ ਚੁਣਿਆ ਗਿਆ। ਭਾਰਤ ਨੇ ਉਸ ਟੂਰਨਾਮੈਂਟ ’ਚ ਸਾਰੇ ਮੁਕਾਬਲੇ ਜਿੱਤੇ ਤੇ ਫਾਈਨਲ ’ਚ ਕੰਗਾਰੂਆਂ ਨੂੰ 8 ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਜਿੱਤਿਆ। ਗਿੱਲ ਦੀ ਇਹ ਕਾਰਗੁਜ਼ਾਰੀ ਉਨ੍ਹਾਂ ਦੇ ਸੀਨੀਅਰ ਕ੍ਰਿਕੇਟ ’ਚ ਆਉਣ ਦਾ ਸਭ ਤੋਂ ਵੱਡਾ ਸੰਕੇਤ ਬਣੀ।

ਟੈਸਟ ਕ੍ਰਿਕੇਟ ’ਚ ਵੀ ਬਣਾਈ ਵੱਖਰੀ ਪਛਾਣ | Shubman Gill Birthday

ਗਿੱਲ ਨੇ 2020 ’ਚ ਅਸਟਰੇਲੀਆ ਦੌਰੇ ਦੌਰਾਨ ਟੈਸਟ ਕ੍ਰਿਕੇਟ ’ਚ ਆਪਣਾ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਭਾਰਤੀ ਟੈਸਟ ਬੱਲੇਬਾਜ਼ੀ ਕ੍ਰਮ ਦਾ ਅਹਿਮ ਹਿੱਸਾ ਬਣਦੇ ਗਏ। ਗਿੱਲ ਨੇ ਆਪਣਾ ਟੈਸਟ ਡੈਬਿਊ ਅਸਟਰੇਲੀਆ ਖਿਲਾਫ਼ 26 ਦਸੰਬਰ 2020 ’ਚ ਬਾਕਸਿੰਗ-ਡੇ ਟੈਸਟ ਦੌਰਾਨ ਕੀਤਾ। ਉਨ੍ਹਾਂ ਨੇ ਉਸ ਮੁਕਾਬਲੇ ’ਚ 45 ਤੇ ਨਾਬਾਦ 35 ਦੌੜਾਂ ਦੀਆਂ ਪਾਰੀਆਂ ਖੇਡੀਆਂ। ਖਾਸ ਗੱਲ ਇਹ ਵੀ ਹੈ ਕਿ ਗਿੱਲ ਨੇ ਉਹ ਹੀ ਸੀਰੀਜ਼ ’ਚ ਭਾਰਤ ਦੀ ਸੀਰੀਜ਼ ਜਿੱਤਣ ’ਚ ਅਹਿਮ ਭੂਮਿਕਾ ਨਿਭਾਈ, ਜਦੋਂ ਭਾਰਤੀ ਟੀਮ ਨੇ ਆਖਰੀ ਟੈਸਟ ਬ੍ਰਿਸਬੇਨ ’ਚ ਜਿੱਤਿਆ ਸੀ, ਉਸ ਵਿੱਚ ਸ਼ੁਭਮਨ ਗਿੱਲ ਨੇ 91 ਦੌੜਾਂ ਦੀ ਪਾਰੀ ਖੇਡੀ ਸੀ। ਖਾਸ ਗੱਲ ਇਹ ਹੈ ਕਿ ਗਿੱਲ ਸਿਰਫ਼ ਸੀਮਿਤ ਓਵਰਾਂ ਦੇ ਹਮਲਾਵਰ ਬੱਲੇਬਾਜ਼ ਨਹੀਂ ਰਹੇ, ਸਗੋਂ ਲੰਬੀ ਪਾਰੀ ਖੇਡਣ ਦੀ ਸਮਰੱਥਾ ਵੀ ਸਾਬਤ ਕੀਤੀ। ਟੈਸਟ ਕ੍ਰਿਕੇਟ ਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 269 ਦੌੜਾਂ ਹੈ। 8 ਸਤੰਬਰ 2026 ਤੱਕ ਉਹ 43 ਟੈਸਟ ਮੈਚਾਂ ’ਚ 3043 ਦੌੜਾਂ ਬਣਾ ਚੁੱਕੇ ਹਨ, ਜਿਸ ’ਚ 11 ਸੈਂਕੜੇ ਤੇ 9 ਅਰਧਸੈਂਕੜੇ ਸ਼ਾਮਲ ਹਨ।

ਇੱਕਰੋਜ਼ਾ ’ਚ ਜਦੋਂ ਗਿੱਲ ਨੇ ਖੇਡੀ ਸੀ 208 ਦੌੜਾਂ ਦੀ ਤੂਫਾਨੀ ਪਾਰੀ

ਸ਼ੁਭਮਨ ਗਿੱਲ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਪਾਰੀਆਂ ’ਚੋਂ ਇੱਕ 208 ਦੌੜਾਂ ਦੀ ਵਨਡੇ ਪਾਰੀ ਹੈ। ਜਨਵਰੀ 2023 ’ਚ ਨਿਊਜ਼ੀਲੈਂਡ ਖਿਲਾਫ਼ ਹੈਦਰਾਬਾਦ ’ਚ ਖੇਡੀ ਗਈ ਇਸ ਪਾਰੀ ਨੇ ਗਿੱਲ ਨੂੰ ਵਿਸ਼ਵ ਕ੍ਰਿਕੇਟ ’ਚ ਹੋਰ ਵੱਡਾ ਨਾਂਅ ਬਣਾ ਦਿੱਤਾ। ਉਨ੍ਹਾਂ ਦੇ ਇਹ ਡਬਲ ਸੈਂਕੜੇ ਸਿਰਫ਼ ਇੱਕ ਵੱਡਾ ਸਕੋਰ ਨਹੀਂ ਸੀ, ਸਗੋਂ ਇਸ ਨੇ ਸਾਬਤ ਕੀਤਾ ਕਿ ਗਿੱਲ ਲੰਬੀ ਪਾਰੀ ਨੂੰ ਤੇਜ਼ ਰਫ਼ਤਾਰ ਨਾਲ ਵੀ ਅੱਗੇ ਲਿਜਾ ਸਕਦੇ ਹਨ। 8 ਸਤੰਬਰ 2026 ਤੱਕ ਗਿੱਲ ਨੇ 67 ਵਨਡੇ ਮੈਚਾਂ ’ਚ 3379 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਵਨਡੇ ਔਸਤ 59.28 ਹੈ, ਜਦਕਿ ਸਟ੍ਰਾਈਕ ਰੇਟ 100.96 ਹੈ। ਉਨ੍ਹਾਂ ਦੇ ਨਾਂਅ 9 ਸੈਂਕੜੇ ਤੇ 20 ਅਰਧਸੈਂਕੜੇ ਹਨ। ਵਨਡੇ ’ਚ ਉਨ੍ਹਾਂ ਦਾ ਸਰਵੋਤਮ ਸਕੋਰ 208 ਹੈ।

2025 ’ਚ ਮਿਲੀ ਟੈਸਟ ਕਪਤਾਨੀ, ਪਹਿਲੇ ਹੀ ਵੱਡੇ ਇਮਤਿਹਾਨ ’ਚ ਦਿਖਾਇਆ ਦਮ

ਸ਼ੁਭਮਨ ਗਿੱਲ ਦੇ ਕਰੀਅਰ ’ਚ 2025 ਇੱਕ ਵੱਡਾ ਮੋੜ ਲੈ ਕੇ ਆਇਆ, ਜਦੋਂ ਉਨ੍ਹਾਂ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਸੌਂਪੀ ਗਈ। ਇੰਗਲੈਂਡ ਦੌਰੇ ’ਤੇ ਉਨ੍ਹਾਂ ਨੇ ਪਹਿਲੀ ਵਾਰ ਟੈਸਟ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ। ਬੀਸੀਸੀਆਈ ਨੇ ਉਨ੍ਹਾਂ ਨੂੰ ਇੰਗਲੈਂਡ ਖਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਕਪਤਾਨ ਨਿਯੁਕਤ ਕੀਤਾ ਸੀ। ਇਸ ਸੀਰੀਜ਼ ’ਚ ਗਿੱਲ ਨੇ ਬੱਲੇ ਨਾਲ ਵੀ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਪੰਜ ਟੈਸਟਾਂ ਦੀਆਂ 10 ਪਾਰੀਆਂ ’ਚ 754 ਦੌੜਾਂ ਬਣਾਈਆਂ ਤੇ ਉਨ੍ਹਾਂ ਦੀ ਔਸਤ 75.40 ਰਹੀ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਆਰ ਆਫ ਦਾ ਸੀਰੀਜ਼’ ਚੁਣਿਆ ਗਿਆ। ਇਸ ਦੌਰੇ ਦੌਰਾਨ ਗਿੱਲ ਨੇ ਇੰਗਲੈਂਡ ਦੀ ਧਰਤੀ ’ਤੇ ਇੱਕ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਵੱਡੇ ਟੈਸਟ ਸਕੋਰ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ। ਉਨ੍ਹਾਂ ਨੇ 269 ਦੌੜਾਂ ਦੀ ਪਾਰੀ ਖੇਡੀ, ਜਿਸ ਨੇ ਸੁਨੀਲ ਗਾਵਸਕਰ ਦੇ ਪੁਰਾਣੇ ਰਿਕਾਰਡ ਨੂੰ ਤੋੜਿਆ। ਇਸੇ ਸੀਰੀਜ਼ ਦੇ ਮੈਨਚੈਸਟਰ ਟੈਸਟ ’ਚ ਉਨ੍ਹਾਂ ਨੇ ਦੂਜੀ ਪਾਰੀ ’ਚ 103 ਦੌੜਾਂ ਬਣਾ ਕੇ ਭਾਰਤ ਨੂੰ ਮੁਸ਼ਕਲ ਹਾਲਾਤਾਂ ’ਚੋਂ ਕੱਢਣ ’ਚ ਅਹਿਮ ਭੂਮਿਕਾ ਨਿਭਾਈ। ਉਹ ਟੈਸਟ ਸੀਰੀਜ਼ 2-2 ਨਾਲ ਡਰਾਅ ਰਹੀ ਸੀ।

2026 ’ਚ ਵੀ ਜਾਰੀ ਹੈ ‘ਗਿੱਲ’ ਦਾ ਦਬਦਬਾ | Shubman Gill Birthday

2026 ’ਚ ਗਿੱਲ ਨੇ ਭਾਰਤੀ ਟੀਮ ਦੇ ਟੈਸਟ ਤੇ ਵਨਡੇ ਫਾਰਮੈਟ ’ਚ ਆਪਣੀ ਅਹਿਮੀਅਤ ਹੋਰ ਮਜ਼ਬੂਤ ਕੀਤੀ। ਬੀਸੀਸੀਆਈ ਵੱਲੋਂ 2026 ’ਚ ਅਫਗਾਨਿਸਤਾਨ ਖਿਲਾਫ਼ ਟੈਸਟ ਤੇ ਵਨਡੇ ਸੀਰੀਜ਼ ਲਈ ਐਲਾਨੀ ਟੀਮ ’ਚ ਗਿੱਲ ਨੂੰ ਦੋਵੇਂ ਫਾਰਮੈਟਾਂ ਦਾ ਕਪਤਾਨ ਬਣਾਇਆ ਗਿਆ। ਇਸੇ ਸਾਲ ਅਫਗਾਨਿਸਤਾਨ ਖਿਲਾਫ਼ ਟੈਸਟ ’ਚ ਗਿੱਲ ਨੇ 126 ਦੌੜਾਂ ਦੀ ਪਾਰੀ ਖੇਡੀ। ਵਨਡੇ ’ਚ ਵੀ ਉਨ੍ਹਾਂ ਨੇ ਸ਼ਾਨਦਾਰ ਫਾਰਮ ਜਾਰੀ ਰੱਖੀ ਤੇ ਅਫਗਾਨਿਸਤਾਨ ਖਿਲਾਫ਼ 154 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਸ਼ੁਭਮਨ ਗਿੱਲ ਨੇ ਅਫਗਾਨਿਸਤਾਨ ਖਿਲਾਫ਼ ਪਹਿਲੇ ਇੱਕਰੋਜ਼ਾ ਮੁਕਾਬਲੇ ’ਚ ਧਰਮਸ਼ਾਲਾ ਵਿਖੇ 66 ਗੇਂਦਾਂ ’ਤੇ ਨਾਬਾਦ 84 ਦੌੜਾਂ ਦੀ ਪਾਰੀ ਖੇਡੀ, ਦੂਜੇ ਮੁਕਾਬਲੇ ’ਚ ਗਿੱਲ ਨੇ 110 ਗੇਂਦਾਂ ਦਾ ਸਾਹਮਣਾ ਕਰਦੇ ਹੋਏ 154 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਜਿਸ ਕਰਕੇ ਟੀਮ ਇੰਡੀਆ ਇਹ ਸੀਰੀਜ਼ 3-0 ਨਾਲ ਜਿੱਤਣ ’ਚ ਕਾਮਯਾਬ ਰਹੀ। ਗਿੱਲ ਨੇ ਇਸ ਸੀਰੀਜ਼ ’ਚ 238 ਦੌੜਾਂ ਬਣਾਈਆਂ ਸਨ। ਫਿਰ ਇੰਗਲੈਂਡ ਦੌਰੇ ਦੌਰਾਨ ਵੀ ਉਨ੍ਹਾਂ ਸ਼ੁਭਮਨ ਗਿੱਲ ਨੇ 80, 31 ਤੇ 77 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ।

ਅੰਕੜਿਆਂ ’ਚ ਸ਼ੁਭਮਨ ਗਿੱਲ

8 ਸਤੰਬਰ 2026 ਤੱਕ ਅੰਤਰਰਾਸ਼ਟਰੀ ਤੇ ਆਈਪੀਐਲ ਕਰੀਅਰ

  • ਟੈਸਟ : 43 ਮੈਚ, 3043 ਦੌੜਾਂ, ਔਸਤ 42.86, 11 ਸੈਂਕੜੇ, 9 ਅਰਧਸੈਂਕੜੇ, ਸਰਵੋਤਮ : 269
  • ਵਨਡੇ : 67 ਮੈਚ, 3379 ਦੌੜਾਂ, ਔਸਤ 59.28, 9 ਸੈਂਕੜੇ, 20 ਅਰਧਸੈਂਕੜੇ, ਸਰਵੋਤਮ : 208
  • ਟੀ20 : 36 ਮੈਚ, 869 ਦੌੜਾਂ, ਔਸਤ 28.03, 1 ਸੈਂਕੜਾ, 3 ਅਰਧ-ਸੈਂਕੜੇ, ਸਰਵੋਤਮ : 126
  • ਆਈਪੀਐਲ : 134 ਮੈਚ, 4598 ਦੌੜਾਂ, ਔਸਤ 40.33, ਸਟ੍ਰਾਈਕ ਰੇਟ 142.09, 5 ਸੈਂਕੜੇ ਤੇ 32 ਅਰਧਸੈਂਕੜੇ
ਅਗਲਾ ਸਾਲ ਗਿੱਲ ਦਾ ਵੱਡਾ ਇਮਤਿਹਾਨ

ਗਿੱਲ ਦਾ ਸਾਹਮਣਾ 2027 ’ਚ ਇੱਕ ਵੱਡਾ ਇਮਤਿਹਾਨ ਹੈ। ਅਗਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਹੋਣ ਵਾਲਾ ਹੈ। ਭਾਰਤ ਆਖਰੀ ਵਾਰ 2023 ’ਚ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਖਿਤਾਬ ਤੋਂ ਖੁੰਝ ਗਿਆ ਸੀ। ਜੇਕਰ ਭਾਰਤ ਗਿੱਲ ਦੀ ਕਪਤਾਨੀ ’ਚ ਜਿੱਤ ਪ੍ਰਾਪਤ ਕਰਦਾ ਹੈ ਤੇ ਖਿਤਾਬ ਜਿੱਤਣ ’ਚ ਸਫਲ ਹੋ ਜਾਂਦਾ ਹੈ, ਤਾਂ ਗਿੱਲ ਭਾਰਤ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਤੀਜੇ ਭਾਰਤੀ ਕਪਤਾਨ ਬਣ ਜਾਣਗੇ। ਸਿਰਫ਼ ਕਪਿਲ ਦੇਵ (1983) ਤੇ ਮਹਿੰਦਰ ਸਿੰਘ ਧੋਨੀ (2011) ਨੇ ਹੀ ਅਜਿਹਾ ਕੀਤਾ ਹੈ।

ਪੰਜਾਬ ਤੋਂ ਨਿਕਲਿਆ ‘ਪ੍ਰਿੰਸ’ ਹੁਣ ਭਾਰਤੀ ਕ੍ਰਿਕੇਟ ਦਾ ਵੱਡਾ ਚਿਹਰਾ

ਸ਼ੁਭਮਨ ਗਿੱਲ ਦੀ ਕਹਾਣੀ ਪੰਜਾਬ ਦੀ ਕ੍ਰਿਕੇਟ ਪ੍ਰਤਿਭਾ ਦੇ ਉਸ ਸਫਰ ਦੀ ਕਹਾਣੀ ਹੈ ਜਿਸ ’ਚ ਇੱਕ ਨੌਜਵਾਨ ਖਿਡਾਰੀ ਨੇ ਅੰਡਰ-19 ਵਿਸ਼ਵ ਕੱਪ ਵਿੱਚ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ, ਆਈਪੀਐਲ ’ਚ ਆਪਣੀ ਜਗ੍ਹਾ ਬਣਾਈ, ਭਾਰਤੀ ਟੈਸਟ ਟੀਮ ’ਚ ਪੱਕਾ ਸਥਾਨ ਬਣਾਇਆ ਤੇ ਫਿਰ ਟੀਮ ਦੀ ਕਪਤਾਨੀ ਤੱਕ ਪਹੁੰਚੇ। 18 ਸਾਲ ਦੀ ਉਮਰ ’ਚ ਅੰਡਰ-19 ਵਿਸ਼ਵ ਕੱਪ ਦੇ ‘ਪਲੇਆਰ ਆਫ ਦਾ ਟੂਰਨਾਮੈਂਟ’ ਬਣਨ ਤੋਂ ਲੈ ਕੇ 27 ਸਾਲ ਦੀ ਉਮਰ ’ਚ ਭਾਰਤੀ ਟੈਸਟ ਤੇ ਵਨਡੇ ਟੀਮ ਦੀ ਕਪਤਾਨੀ ਕਰਨ ਤੱਕ ਦਾ ਇਹ ਸਫਰ ਗਿੱਲ ਦੀ ਕਾਬਲੀਅਤ ਤੇ ਲਗਾਤਾਰ ਮਿਹਨਤ ਦੀ ਗਵਾਹੀ ਦਿੰਦਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਭਾਰਤੀ ਕ੍ਰਿਕੇਟ ਪ੍ਰੇਮੀਆਂ ਦੀਆਂ ਨਜ਼ਰਾਂ ਵੀ ਇਸ ਗੱਲ ’ਤੇ ਹਨ ਕਿ ਆਉਣ ਵਾਲੇ ਸਾਲਾਂ ’ਚ ਗਿੱਲ ਆਪਣੀ ਬੱਲੇਬਾਜ਼ੀ ਤੇ ਕਪਤਾਨੀ ਨਾਲ ਕਿੰਨੇ ਹੋਰ ਰਿਕਾਰਡ ਆਪਣੇ ਨਾਂਅ ਕਰਦੇ ਹਨ। ਜਿਸ ਤੇਜ਼ੀ ਨਾਲ ਉਹ ਪਿਛਲੇ ਕੁਝ ਸਾਲਾਂ ’ਚ ਅੱਗੇ ਵਧੇ ਹਨ, ਉਸ ਨੂੰ ਵੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਸ਼ੁਭਮਨ ਗਿੱਲ ਦਾ ਅਸਲ ਕ੍ਰਿਕੇਟ ਸਫਰ ਅਜੇ ਸ਼ੁਰੂਆਤੀ ਪੜਾਅ ’ਚ ਹੀ ਹੈ।’

About The Author

Related Posts