Janmashtami News: ਜਨਮਾਸ਼ਟਮੀ ਨੂੰ ਲੈ ਕੇ ਅਬੋਹਰ ’ਚ ਪੁਲਿਸ ਅਲਰਟ, ਐਸਐਸਪੀ ਨੇ ਦੇਰ ਰਾਤ ਨਾਕਾਬੰਦੀਆਂ ਦੀ ਕੀਤੀ ਅਚਾਨਕ ਜਾਂਚ

ਫਾਜ਼ਿਲਕਾ ਐਸਐਸਪੀ ਗਗਨ ਅਜੀਤ ਸਿੰਘ ਨੇ ਵੱਖ-ਵੱਖ ਪੁਲਿਸ ਨਾਕਿਆਂ ਦਾ ਲਿਆ ਜਾਇਜ਼ਾ ਲਾਪਰਵਾਹੀ ਜਾਂ ਗੈਰਹਾਜ਼ਰੀ ਬਰਦਾਸ਼ਤ ਨਾ ਕਰਨ ਦੀ ਦਿੱਤੀ ਹਦਾਇਤ

Satinder Mathur  Picture
Published On

Janmashtami News: ਅਬੋਹਰ, (ਹਿੰ.ਸ.)| ਜਨਮਾਸ਼ਟਮੀ ਦੇ ਤਿਉਹਾਰ ਨੂੰ ਦੇਖਦਿਆਂ ਅਬੋਹਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਫਾਜ਼ਿਲਕਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਇਸੇ ਤਹਿਤ ਫਾਜ਼ਿਲਕਾ ਦੇ ਐਸਐਸਪੀ ਗਗਨ ਅਜੀਤ ਸਿੰਘ ਨੇ ਦੇਰ ਰਾਤ ਕਰੀਬ 12 ਵਜੇ ਅਬੋਹਰ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਕੀਤੀਆਂ ਗਈਆਂ ਨਾਕਾਬੰਦੀਆਂ ਦੀ ਅਚਾਨਕ ਜਾਂਚ ਕੀਤੀ।

ਐਸਐਸਪੀ ਨੇ ਫਾਜ਼ਿਲਕਾ ਚੁੰਗੀ, ਹਨੂੰਮਾਨਗੜ੍ਹ ਰੋਡ ਬਾਈਪਾਸ, ਗੁਮਜਾਲ ਅਤੇ ਪੰਜਾਬ-ਰਾਜਸਥਾਨ ਸਰਹੱਦ ਨਾਲ ਜੁੜੇ ਰਾਜਪੁਰਾ ਬੈਰੀਅਰ ਸਮੇਤ ਕਈ ਥਾਵਾਂ ’ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਰੀਬ ਦੋ ਘੰਟੇ ਚੱਲੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਨਾਕਿਆਂ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਡਿਊਟੀ ਸਬੰਧੀ ਪ੍ਰਬੰਧਾਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ: Gold Price Today: ਜਨਮ ਅਸ਼ਟਮੀ ’ਤੇ ਚਮਕਿਆ ਸੋਨਾ, ਚਾਂਦੀ ਨੇ ਵੀ ਲਾਈ ਜ਼ੋਰਦਾਰ ਛਾਲ

ਇਸ ਦੌਰਾਨ ਐਸਐਸਪੀ ਗਗਨ ਅਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਨਾਕਾਬੰਦੀ ਦੌਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਗੈਰਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ SP ਸਤੀਸ਼ ਕੁਮਾਰ ਨੂੰ ਸਾਰੀਆਂ ਨਾਕਾਬੰਦੀਆਂ ਦੀ ਲਗਾਤਾਰ ਨਿਗਰਾਨੀ ਅਤੇ ਜਾਂਚ ਯਕੀਨੀ ਬਣਾਉਣ ਲਈ ਵੀ ਕਿਹਾ।

ਐਸਐਸਪੀ ਨੇ ਦੱਸਿਆ ਕਿ ਇਹ ਜਾਂਚ ਜਨਮਾਸ਼ਟਮੀ ਸਮਾਗਮਾਂ ਦੇ ਮੱਦੇਨਜ਼ਰ ਅਤੇ ਰੋਜ਼ਾਨਾ ਦੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਰੇ ਨਾਕਿਆਂ ’ਤੇ ਪੁਲਿਸ ਮੁਲਾਜ਼ਮ ਮੁਸਤੈਦੀ ਨਾਲ ਡਿਊਟੀ ਨਿਭਾਉਂਦੇ ਮਿਲੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਤਿਉਹਾਰ ਦੇ ਮਾਹੌਲ ਨੂੰ ਖ਼ਰਾਬ ਕਰਨ ਜਾਂ ਕਾਨੂੰਨ-ਵਿਵਸਥਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਨਮਾਸ਼ਟਮੀ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪੀਸੀਆਰ ਟੀਮਾਂ ਵੱਲੋਂ ਦੇਰ ਰਾਤ ਤੱਕ ਲਗਾਤਾਰ ਗਸ਼ਤ ਕੀਤੀ ਜਾਵੇਗੀ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਤਿਉਹਾਰ ਸ਼ਾਂਤੀਪੂਰਨ ਢੰਗ ਨਾਲ ਮਨਾਇਆ ਜਾ ਸਕੇ। ਇਸ ਮੌਕੇ ਡੀਐਸਪੀ ਹਰੀਸ਼ ਕੁਮਾਰ, ਥਾਣਾ ਇੰਚਾਰਜ ਰਵਿੰਦਰ ਸ਼ਰਮਾ, ਬਹਾਵਵਾਲਾ ਥਾਣਾ ਇੰਚਾਰਜ ਰਵਿੰਦਰ, ਥਾਣਾ ਇੰਚਾਰਜ ਅਮਰਿੰਦਰ ਕੁਮਾਰ ਅਤੇ ਖੁਈਆਂ ਸਰਵਰ ਥਾਣਾ ਇੰਚਾਰਜ ਪਰਮਜੀਤ ਸਮੇਤ ਕਈ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।

About The Author

Related Posts