Parvinder Jhota Case: ਅਮਿਤ ਸ਼ਾਹ ਵੱਲੋਂ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ
ਕਿਹਾ, ਭਲਕੇ ਮਾਨਸਾ ਪੁੱਜ ਜਾਣਗੀਆਂ ਸੀਬੀਆਈ ਟੀਮਾਂ, ਜਾਂਚ ਟੀਮਾਂ ਵੱਲੋਂ ਹਰ ਪਹਿਲੂ ਤੋਂ ਕੀਤੀ ਜਾਵੇਗੀ ਜਾਂਚ
ਮਾਨਸਾ (ਸੁਖਜੀਤ ਮਾਨ)। Parvinder Jhota Case: ਨਸ਼ਿਆਂ ਖਿਲਾਫ਼ ਲੜਾਈ ਲੜਦਿਆਂ ਆਪਣੀ ਜਾਨ ਗੁਆਉਣ ਵਾਲੇ ਐਂਟੀ ਡਰੱਗ ਟਾਸਕ ਫੋਰਸ ਦੇ ਪਰਵਿੰਦਰ ਸਿੰਘ ਝੋਟਾ ਦੇ ਘਰ ਪੁੱਜ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉਨ੍ਹਾਂ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਫੌਜੀ, ਮਾਤਾ ਅਮਰਜੀਤ ਕੌਰ, ਪਤਨੀ ਮਨਪ੍ਰੀਤ ਕੌਰ ਤੇ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਲਕੇ 21 ਅਕਤੂਬਰ ਨੂੰ ਸੀਬੀਆਈ ਦੀਆਂ ਟੀਮਾਂ ਮਾਨਸਾ ਪਹੁੰਚ ਜਾਣਗੀਆਂ ਉਨ੍ਹਾਂ ਵੱਲੋਂ ਕੀਤੇ ਇਸ ਐਲਾਨ ਨਾਲ ਕਤਲ ਕਾਂਡ ਦੀ ਜਾਂਚ ਵਿੱਚ ਤੇਜ਼ੀ ਅਤੇ ਕਤਲ ਪਿਛਲੀਆਂ ਸਾਜਿਸ਼ਾਂ ਤੋਂ ਪਰਦਾ ਚੁੱਕੇ ਜਾਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਤਲ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਲ-ਨਾਲ ਇਸ ਪਿੱਛੇ ਕਿਸੇ ਵੱਡੀ ਸਾਜ਼ਿਸ਼ ਦੀ ਸੰਭਾਵਨਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਜਿਸ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਜਾਂਚ ਟੀਮਾਂ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।
ਗ੍ਰਹਿ ਮੰਤਰੀ ਨਾਲ ਮੌਜ਼ੂਦ ਰਹੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਸ਼ਾਹ ਨੇ ਪਰਿਵਾਰ ਨੂੰ ਕਿਹਾ ਹੈ ਕਿ ਭਲਕੇ ਸੀਬੀਆਈ ਦੇ ਅਫ਼ਸਰਾਂ ਵੱਲੋਂ ਉਨ੍ਹਾਂ ਦੇ ਬਿਆਨ ਦਰਜ ਕਰਕੇ ਕਿ ਉਨ੍ਹਾਂ ਨੂੰ ਕਿਸ-ਕਿਸ ’ਤੇ ਸ਼ੱਕ ਹੈ ਜਾਂ ਜੋ ਵੀ ਬਿਆਨ ਉਹ ਦੇਣਗੇ, ਉਸ ਮੁਤਾਬਿਕ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਮੌਕੇ ਗ੍ਰਹਿ ਮੰਤਰੀ ਨਾਲ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਸਮੇਤ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਮਾਨਸਾ ਦੌਰੇ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਐਲਾਨ ਕਰ ਦਿੱਤਾ ਸੀ। Parvinder Jhota Case
ਇਹ ਵੀ ਪੜ੍ਹੋ : Latest Mansa News: ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਸੀਬੀਆਈ ਟੀਮ ਮਾਨਸਾ ਪੁੱਜੀ
ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਐਲਾਨ | Parvinder Jhota Case
ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਅਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪਾਈ ਪੋਸਟ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਪਰਿਵਾਰ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਸਰਕਾਰ ਇਹ ਕੇਸ ਸੀਬੀਆਈ ਨੂੰ ਸੌਂਪ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਰਕਾਰ ਦੀ ਲੜਾਈ ਆਰ-ਪਾਰ ਦੀ ਹੈ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਸਰਕਾਰ ਪਿੱਛੇ ਨਹੀਂ ਹਟੇਗੀ।
ਗ੍ਰਹਿ ਮੰਤਰੀ ਨੇ ਇਨਸਾਫ਼ ਦਾ ਦਿੱਤਾ ਭਰੋਸਾ : ਭੀਮ ਸਿੰਘ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਸਾਡਾ ਕੋਈ ਸਿਆਸੀ ਮਸਲਾ ਨਹੀਂ, ਗ੍ਰਹਿ ਮੰਤਰੀ ਤਾਂ ਦੁੱਖ ਵੰਡਾਉਣ ਆਏ ਸੀ ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਉਨ੍ਹਾਂ ਇਨਸਾਫ਼ ਦੀ ਮੰਗ ਰੱਖੀ ਤਾਂ ਸ਼ਾਹ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਰਿਵਾਰ ਨੂੰ ਛੇਤੀ ਇਨਸਾਫ਼ ਦਿਵਾਉਣਗੇ