Latest Mansa News: ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਸੀਬੀਆਈ ਟੀਮ ਮਾਨਸਾ ਪੁੱਜੀ
ਥਾਣਾ ਸਿਟੀ-2 ਪੁਲਿਸ ਕੋਲੋ ਰਿਕਾਰਡ ਕੀਤਾ ਹਾਸਿਲ
Latest Mansa News: ਮਾਨਸਾ (ਸੁਖਜੀਤ ਮਾਨ)। ਐਂਟੀ ਡਰੱਗ ਟਾਸਕ ਫੋਰਸ ਦੇ ਮੈਂਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਸੀਬੀਆਈ ਦੀ ਟੀਮ ਲੰਘੀ ਅੱਧੀ ਰਾਤ ਨੂੰ ਹੀ ਮਾਨਸਾ ਪੁੱਜ ਗਈ। ਟੀਮ ਨੇ ਨਿਯਮਾਂ ਮੁਤਾਬਿਕ ਕੇਸ ਨਾਲ ਸਬੰਧਿਤ ਥਾਣਾ ਸਿਟੀ-2 ’ਚ ਕਾਰਵਾਈ ਪਾਉਂਦਿਆਂ ਉੱਥੋਂ ਰਿਕਾਰਡ ਵੀ ਹਾਸਿਲ ਕਰ ਲਿਆ ਹੈ। ਟੀਮ ਵੱਲੋਂ ਅੱਜ ਝੋਟੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦੀ ਸੰਭਾਵਨਾ ਹੈ।
ਵੇਰਵਿਆਂ ਮੁਤਾਬਿਕ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੱਲ੍ਹ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕਰਦਿਆਂ ਕਿਹਾ ਗਿਆ ਸੀ ਕਿ ਸੀਬੀਆਈ ਟੀਮ ਬੁੱਧਵਾਰ ਨੂੰ ਮਾਨਸਾ ਪੁੱਜ ਜਾਵੇਗੀ ਪਰ ਟੀਮ ਨੇ ਮੰਗਲਵਾਰ ਅੱਧੀ ਰਾਤ ਨੂੰ ਹੀ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਥਾਣਾ ਸਿਟੀ-2 ’ਚੋਂ ਕੇਸ ਨਾਲ ਸਬੰਧਿਤ ਕੁੱਝ ਰਿਕਾਰਡ ਵੀ ਹਾਸਿਲ ਕੀਤਾ ਹੈ। ਅੱਜ ਟੀਮ ਪਰਵਿੰਦਰ ਸਿੰਘ ਝੋਟਾ ਦੇ ਮਾਪਿਆਂ ਨੂੰ ਮਿਲੇਗੀ। ਡੀ. ਐਸ. ਪੀ. ਮਾਨਸਾ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਪੁੱਜੀ ਸੀਬੀਆਈ ਦੀ ਟੀਮ ਨੂੰ ਕੇਸ ਨਾਲ ਸਬੰਧਿਤ ਫਾਈਲ ਦੇ ਦਿੱਤੀ ਹੈ ਤੇ ਜਾਂਚ ਦੌਰਾਨ ਟੀਮ ਨੂੰ ਪੁਲਿਸ ਦੀ ਤਰਫੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸੰਚਾਲਕ ਅਸ਼ਵਨੀ ਕੁਮਾਰ ਨੇ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਉਹ ਨਸ਼ੀਲੀਆਂ ਦਵਾਈਆਂ ਨਾ ਵੇਚਣ ਲਈ ਕਹਿ ਰਿਹਾ ਸੀ। ਪਰਵਿੰਦਰ ਸਿੰਘ ਦੇ ਕਤਲ ਵਾਲੇ ਦਿਨ ਤੋਂ ਹੀ ਉਸਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਜਥੇਬੰਦੀਆਂ ਤੇ ਆਮ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਨੇੜੇ ਤਿਕੋਣੀ ’ਤੇ ਪੱਕਾ ਧਰਨਾ ਲਗਾਇਆ ਹੋਇਆ ਹੈ।
Read Also : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਨਸ਼ਾ ਰੂਪੀ ਰਾਵਣ ਦਾ ਪੁਤਲਾ ਸਾੜਿਆ