Punjab
Faridkot News: ਧਰਨੇ ਦੀ ਚੇਤਾਵਨੀ ਮਗਰੋਂ ਵਿਭਾਗ ਨਾਲ ਅਹਿਮ ਮੀਟਿੰਗ
ਮੰਗਾਂ ’ਤੇ ਤਿੰਨ ਹਫ਼ਤਿਆਂ ਵਿੱਚ ਕਾਰਵਾਈ ਦਾ ਭਰੋਸਾ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਗਵਰਨਮੈਂਟ ਡਰੱਗ ਡੀ-ਐਡੀਕੇਸ਼ਨ ਰਿਹੈਬ ਐਂਡ ਓਟੀ ਆਊਟਸੋਰਸਡ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਸਿਹਤ ਕਰਮਚਾਰੀ ਪੰਜਾਬ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਫ਼ਤਰ ਅੱਗੇ ਦਿੱਤੀ ਧਰਨੇ ਦੀ ਇੰਟੀਮੇਸ਼ਨ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨਾਲ ਕਰੀਬ ਡੇਢ ਘੰਟੇ ਤੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਯੂਨੀਅਨ ਨੇ ਆਪਣੀਆਂ ਮੰਗਾਂ ਦਸਤਾਵੇਜ਼ੀ ਸਬੂਤਾਂ ਤੇ ਸਰਕਾਰੀ ਨਿਯਮਾਂ ਦੇ ਆਧਾਰ ’ਤੇ ਰੱਖੀਆਂ, ਜਿਨ੍ਹਾਂ ’ਤੇ ਵਿਭਾਗ ਵੱਲੋਂ ਸਕਾਰਾਤਮਕ ਰਵੱਈਆ ਅਪਣਾਇਆ ਗਿਆ। ਮੀਟਿੰਗ ’ਚ ਡਾਇਰੈਕਟਰ ਡਾ. ਹਿਤਿੰਦਰ ਕੌਰ, ਡਿਪਟੀ ਡਾਇਰੈਕਟਰ ਡਾ. ਰੋਹਿਣੀ ਗੋਇਲ, ਡਾ. ਭਾਸਕਰ, ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਭੋਲਾ ਤੇ ਹੋਰ ਅਧਿਕਾਰੀ ਮੌਜੂਦ ਰਹੇ। ਯੂਨੀਅਨ ਵੱਲੋਂ ਪਾਰਸ ਮੱਕੜ ਨੇ ਕਰਮਚਾਰੀਆਂ ਦਾ ਪੱਖ ਰੱਖਿਆ। ਵਿਭਾਗ ਨੇ ਕਾਊਂਸਲਰਾਂ ਨੂੰ ਗਰੁੱਪ-ਸੀ ’ਚ ਸ਼ਾਮਲ ਕਰਨ ਦੇ ਮਾਮਲੇ ’ਤੇ ਰਿਕਾਰਡ ਦੀ ਜਾਂਚ ਕਰਕੇ ਲੋੜੀਂਦੀ ਫਾਈਲ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। Protest Warning
Read Also : NEET Toppers: ਨੀਟ ਤੇ ਜੇਈਈ ’ਚ ਚਮਕੇ ਵਿਦਿਆਰਥੀ, ਡੀਸੀ ਨੇ ਕੀਤਾ ਸਨਮਾਨਿਤ
ਇਸ ਤੋਂ ਇਲਾਵਾ 6 ਫੀਸਦੀ ਸਾਲਾਨਾ ਇਨਕਰੀਮੈਂਟ, 9 ਫੀਸਦੀ ਸਪੈਸ਼ਲ ਇਨਕਰੀਮੈਂਟ, ਬੋਨਸ, ‘ਬਰਾਬਰ ਕੰਮ-ਬਰਾਬਰ ਤਨਖ਼ਾਹ’, ਆਊਟਸੋਰਸ ਕਰਮਚਾਰੀਆਂ ਨੂੰ ਹੇਜ਼ਰਡਸ ਕੈਟਾਗਰੀ ਵਿੱਚ ਸ਼ਾਮਲ ਕਰਨ, ਛੁੱਟੀਆਂ ਸਬੰਧੀ ਪੱਤਰ ਮੁੜ ਜਾਰੀ ਕਰਨ ਤੇ ਐਚਆਰਐਮਐਸ ਪੋਰਟਲ ’ਤੇ ਡੀਡੀਆਰਐੱਸ ਕਰਮਚਾਰੀਆਂ ਦਾ ਡਾਟਾ ਅਪਲੋਡ ਕਰਵਾਉਣ ਸਮੇਤ ਹੋਰ ਮੰਗਾਂ ’ਤੇ ਵੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਯੂਨੀਅਨ ਦੀ ਮੰਗ ’ਤੇ ਵਿਭਾਗ ਨੇ ਸਾਰੀਆਂ ਮੰਗਾਂ ਦੇ ਨਿਪਟਾਰੇ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ, ਜਿਸ ਨਾਲ ਸਹਿਮਤੀ ਬਣ ਗਈ। ਫ਼ੈਸਲਾ ਕੀਤਾ ਗਿਆ ਕਿ ਤਿੰਨ ਹਫ਼ਤਿਆਂ ਬਾਅਦ ਦੁਬਾਰਾ ਮੀਟਿੰਗ ਕਰਕੇ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ। ਜੇਕਰ ਮੰਗਾਂ ’ਤੇ ਠੋਸ ਕਾਰਵਾਈ ਨਾ ਹੋਈ ਤਾਂ ਯੂਨੀਅਨ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕਰੇਗੀ। ਮੀਟਿੰਗ ਮੌਕੇ ਤਾਲਮੇਲ ਕਮੇਟੀ ਦੇ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ, ਸਟੇਟ ਪ੍ਰਧਾਨ ਸੁਰਿੰਦਰ ਸਿੰਘ ਲਾਡਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਵਾਈਸ ਪ੍ਰਧਾਨ ਯਾਦਵਿੰਦਰ ਸਿੰਘ, ਪ੍ਰੈਸ ਤੇ ਮੀਡੀਆ ਇੰਚਾਰਜ ਪਾਰਸ ਮੱਕੜ ਸਮੇਤ ਹੋਰ ਯੂਨੀਅਨ ਆਗੂ ਹਾਜ਼ਰ ਸਨ। ਯੂਨੀਅਨ ਨੇ ਵਿਭਾਗ ਵੱਲੋਂ ਮਿਲੇ ਭਰੋਸੇ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਤਿੰਨ ਹਫ਼ਤਿਆਂ ਅੰਦਰ ਮੰਗਾਂ ਨੂੰ ਅਮਲੀ ਰੂਪ ਦਿੱਤੇ ਜਾਣ ਦੀ ਉਮੀਦ ਹੈ, ਨਹੀਂ ਤਾਂ ਮੁੜ ਡਾਇਰੈਕਟਰ ਦਫ਼ਤਰ ਸੈਕਟਰ-34 ਏ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਸੰਘਰਸ਼ ਕੀਤਾ ਜਾਵੇਗਾ।