Punjab
Sugar Price: ਇਕਦਮ ਵਧੇ ਭਾਅ ਕਾਰਨ ਮਿੱਠੀ ਖੰਡ ਹੋ ਗਈ ‘ਕੌੜੀ’
ਆਮ ਲੋਕਾਂ ਦੇ ਨਾਲ ਥੋਕ ਤੇ ਛੋਟੇ ਵਪਾਰੀਆਂ ਨੂੰ ਪਈ ਵੱਡੀ ਮਾਰ
ਸੰਗਰੂਰ (ਗੁਰਪ੍ਰੀਤ ਸਿੰਘ)। ਪਛਲੇ ਇੱਕ ਹਫ਼ਤੇ ਤੋਂ ਖੰਡ ਦੇ ਭਾਅ ’ਚ ਹੋਏ ਹੈਰਾਨੀਜਨਕ ਵਾਧੇ ਕਾਰਨ ਆਮ ਲੋਕਾਂ ਦੇ ਨਾਲ ਵੱਡੇ ਥੋਕ ਦੇ ਅਤੇ ਛੋਟੇ ਵਪਾਰੀਆਂ ਨੂੰ ਵੱਡਾ ਝਟਕਾ ਲੱਗਿਆ ਹੈ, ਜਿਸ ਕਾਰਨ ਮੁਨਾਫ਼ੇ ’ਚ ਚੱਲ ਰਹੇ ਉਨ੍ਹਾਂ ਦੇ ਕਾਰੋਬਾਰ ਇਕਦਮ ਨਿਵਾਣ ਵੱਲ ਨੂੰ ਆ ਗਏ ਹਨ। ਖੰਡ ਦੇ ਇਕਦਮ ਉਪਰ-ਥੱਲੇ ਵਧੇ ਭਾਅ ਕਾਰਨ ਖੰਡਾਂ ਮਿੱਲਾਂ ਤੇ ਵਪਾਰੀਆਂ ਵਿਚਲਾ ਤਾਲਮੇਲ ਵੀ ਬੁਰੀ ਤਰ੍ਹਾਂ ਵਿਗੜ ਗਿਆ ਹੈ। ਖੰਡ ਮਿੱਲਾਂ ਅਗਾਊਂ (ਐਡਵਾਂਸ) ’ਚ ਅਦਾਇਗੀ ਕਰਵਾਉਣ ਤੋਂ ਬਾਅਦ ਹੀ ਵਪਾਰੀਆਂ ਨੂੰ ਮਾਲ ਦੀ ਸਪਲਾਈ ਦੇ ਰਹੇ ਹਨ। ਉੱਥੇ ਛੋਟੇ ਪੱਧਰ ’ਤੇ ਆਮ ਲੋਕਾਂ ਨੂੰ ਵੀ ਇਸ ਕਾਰਨ ਵੱਡਾ ਝਟਕਾ ਲੱਗਿਆ ਹੈ।
ਖੰਡ ਦੇ ਭਾਅ ’ਚ ਹੋਏ ਅਚਾਨਕ ਵਾਧੇ ਸਬੰਧੀ ਸੰਗਰੂਰ ’ਚ ਥੋਕ ਦਾ ਵਪਾਰ ਕਰਨ ਵਾਲੇ ਸੂਬਾਈ ਵਪਾਰੀ ਆਗੂ ਅਮਰਜੀਤ ਸਿੰਘ ਟੀਟੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਫ਼ੀ ਸਮੇਂ ਬਾਅਦ ਖੰਡ ਦੇ ਭਾਅ ’ਚ ਇਸ ਤਰ੍ਹਾਂ ਅਚਾਨਕ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਕਾਰਨ ਪਹਿਲੀ ਵਾਰ ਉਨ੍ਹਾਂ ਦਾ ਧੰਦਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਇੱਕ ਕੁਇੰਟਲ ਦੇ ਪਿੱਛੇ ਦੋ ਹਜ਼ਾਰ ਰੁਪਏ ਦਾ ਫਰਕ ਸੀ, ਪਰ ਹੁਣ ਇਹ ਦੋ ਹਜ਼ਾਰ ਉਨ੍ਹਾਂ ਨੂੰ ਲੱਖਾਂ ’ਚ ਪੈਣ ਲੱਗਿਆ ਹੈ। ਪਹਿਲਾਂ ਜਿਹੜਾ ਮਾਲ ਉਹ 7 ਲੱਖ ਰੁਪਏ ਦਾ ਖਰੀਦਦੇ ਸਨ ਅੱਜ ਉਸ ਖੰਡ ਦੀ ਕੀਮਤ 10 ਲੱਖ ਰੁਪਏ ਤੱਕ ਪਹੁੰਚ ਗਈ ਹੈ।
Read Also : ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਅੱਜ ਮੀਂਹ ਦੀ ਸੰਭਾਵਨਾ, ਬਠਿੰਡਾ ਸਭ ਤੋਂ ਗਰਮ
ਉਨ੍ਹਾਂ ਦੱਸਿਆ ਕਿ ਪੰਜਾਬ ’ਚ ਜ਼ਿਆਦਾਤਰ ਖੰਡ ਉੱਤਰ ਪ੍ਰਦੇਸ਼ ਦੀਆਂ ਖੰਡ ਮਿੱਲਾਂ ਤੋਂ ਹੀ ਸਪਲਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਮਿੱਲਾਂ ਨਾਲ ਵਧੀਆ ਲੈਣ-ਦੇਣ ਚੱਲ ਰਿਹਾ ਸੀ, ਪਰ ਹੁਣ ਖੰਡ ਮਿੱਲਾਂ ਵੱਲੋਂ ਐਡਵਾਂਸ ਪੇਮੈਂਟ ਲੈਣ ਤੋਂ ਬਾਅਦ ਹੀ ਸਪਲਾਈ ਦਿੱਤੀ ਜਾ ਰਹੀ ਹੈ, ਜਦੋਂ ਕਿ ਪਹਿਲਾਂ ਕਈ-ਕਈ ਹਫ਼ਤੇ ਬਾਅਦ ’ਚ ਅਦਾਇਗੀ ਕਰਦੇ ਸੀ। ਉਨ੍ਹਾਂ ਦੱਸਿਆ ਕਿ ਖੰਡ ਦੇ ਭਾਅ ਵਧਣ ਦਾ ਹੇਠਲੇ ਪੱਧਰ ’ਤੇ ਵੀ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੀ ਨਾਮਵਰ ਦੁਕਾਨ ਮੇਲਾ ਰਾਮ ਐਂਡ ਸੰਨਜ਼ ਸਵੀਟ ਸ਼ਾਪ ਦੇ ਹਨੀ ਨੇ ਦੱਸਿਆ ਕਿ ਖੰਡ ਦੇ ਭਾਅ ਵਧਣ ਕਾਰਨ ਉਨ੍ਹਾਂ ਦਾ ਧੰਦਾ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਕਦਮ ਵਧੇ ਭਾਅ ਕਾਰਨ ਉਨ੍ਹਾਂ ਦਾ ਮੁਨਾਫ਼ਾ ਹੁਣ ਘਾਟੇ ’ਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਉਨ੍ਹਾਂ ਦੀ ਦੁਕਾਨ ’ਤੇ ਖੰਡ ਦੀ ਰੋਜ਼ਾਨਾ ਦੀ ਖਪਤ ਡੇਢ ਕੁਇੰਟਲ ਦੇ ਕਰੀਬ ਹੁੰਦੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਖੰਡ ਦੇ ਭਾਅ ਵਧਣ ਕਾਰਨ ਉਨ੍ਹਾਂ ਨੂੰ 1 ਲੱਖ ਤੋਂ ਡੇਢ ਲੱਖ ਰੁਪਏ ਪ੍ਰਤੀ ਮਹੀਨਾ ਘਾਟਾ ਸਹਿਣ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਮਠਿਆਈ ਦੇ ਭਾਅ ਵਧਾਉਂਦੇ ਹਾਂ ਤਾਂ ਉਸ ’ਚ ਸਾਡੇ ਗਾਹਕ ਖਰਾਬ ਹੋਣ ਦੇ ਆਸਾਰ ਹਨ, ਕਿਉਂਕਿ ਖੰਡ ਦਾ ਭਾਅ ਕੱਲ੍ਹ ਨੂੰ ਘਟ ਜਾਂ ਵਧ ਸਕਦਾ ਹੈ ਪਰ ਅਸੀਂ ਮਠਿਆਈ ਦਾ ਭਾਅ ਰੋਜ਼-ਰੋਜ਼ ਨਹੀਂ ਤਬਦੀਲ ਕਰ ਸਕਦੇ।
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਛੋਟੇ ਦੁਕਾਨਦਾਰ ਨਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਖੰਡ ਦੇ ਵਾਧੇ ਦੀ ਮਾਰ ਸਹਿਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਵਧ ਹੋਏ ਭਾਅ ਕਾਰਨ ਲੋਕਾਂ ’ਚ ਖੰਡ ਦੀ ਖਰੀਦ ਪਹਿਲਾਂ ਨਾਲੋਂ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਇਸ ਕਾਰਨ ਘਾਟਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਕੰਮ ਕਰਦੇ ਹਲਵਾਈਆਂ ਨੂੰ ਵੀ ਮਹਿੰਗੀ ਹੋਈ ਖੰਡ ਦੀ ਮਾਰ ਸਹਿਣੀ ਪੈ ਰਹੀ ਹੈ, ਕਿਉਂਕਿ 400 ਰੁਪਏ ਪ੍ਰਤੀ ਕਿੱਲੋ ਬਰਫ਼ੀ ਤਿਆਰ ਕਰਨ ਵਾਲੇ ਹਲਵਾਈ ਨੂੰ ਵੀ ਕਾਫ਼ੀ ਚੰਗਾ ਮੁਨਾਫ਼ਾ ਮਿਲਦਾ ਸੀ ਪਰ ਹੁਣ ਉਸ ’ਤੇ ਵੀ ਫਰਕ ਪਵੇਗਾ, ਜੇਕਰ ਮਠਿਆਈ ਦਾ ਭਾਅ ਉਹੀ ਰਹਿੰਦਾ ਹੈ ਤੇ ਖੰਡ ਦਾ ਭਾਅ ਤੇਜ਼ ਹੋ ਗਿਆ ਤਾਂ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਦਿਹਾੜੀ ’ਤੇ ਪੈਂਦਾ ਹੈ।