Punjab Weather: ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ
ਪੰਜਾਬ ਸਮੇਤ ਚੰਡੀਗੜ੍ਹ ’ਚ ਹੁਣ ਮਾਨਸੂਨ ਕਮਜ਼ੋਰ ਪੈਣ ਲੱਗਿਆ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਹੁਣ ਕਮਜ਼ੋਰ ਪੈ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਐਤਵਾਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਚੰਡੀਗੜ੍ਹ ’ਚ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗਾ ਤੇ ਇੱਕ-ਦੋ ਵਾਰ ਮੀਂਹ ਜਾਂ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ। ਫਿਲਹਾਲ ਕਿਸੇ ਵੀ ਜ਼ਿਲ੍ਹੇ ਲਈ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਪੂਰੇ ਹਫ਼ਤੇ ਦੌਰਾਨ ਵੀ ਮੌਸਮ ਦੀ ਸਥਿਤੀ ਲਗਭਗ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਮੀਂਹ ਘੱਟ ਹੋਣ ਕਾਰਨ ਤਾਪਮਾਨ ’ਚ ਕਰੀਬ ਇੱਕ ਡਿਗਰੀ ਦਾ ਵਾਧਾ ਹੋਇਆ ਹੈ ਤੇ ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਪੰਜਾਬ ’ਚ ਸਭ ਤੋਂ ਵੱਧ 37 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ’ਚ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮਾਨਸੂਨ ਸੀਜ਼ਨ ਦੌਰਾਨ ਪੰਜਾਬ ’ਚ ਹੁਣ ਤੱਕ ਆਮ ਨਾਲੋਂ 28 ਫੀਸਦੀ ਘੱਟ ਮੀਂਹ ਦਰਜ ਹੋਇਆ ਹੈ।
ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ’ਚ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਫਿਰੋਜ਼ਪੁਰ, ਸੰਗਰੂਰ, ਗੁਰਦਾਸਪੁਰ, ਅੰਮ੍ਰਿਤਸਰ ਤੇ ਨਵਾਂਸ਼ਹਿਰ ’ਚ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ’ਚ ਇੱਕ-ਦੋ ਥਾਵਾਂ ’ਤੇ ਮੀਂਹ ਪੈਣ ਦੇ ਆਸਾਰ ਹਨ। 22 ਅਗਸਤ ਨੂੰ ਮੌਸਮ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਲਈ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ। ਇਸ ਦੌਰਾਨ ਚੰਡੀਗੜ੍ਹ ’ਚ 0.8 ਐਮਐਮ, ਲੁਧਿਆਣਾ ’ਚ 0.5 ਐਮਐਮ, ਪਠਾਨਕੋਟ ’ਚ 0.5 ਐਮਐਮ ਤੇ ਪਟਿਆਲਾ ’ਚ 2.0 ਐਮਐਮ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੋਹਾਲੀ ਤੇ ਖਰੜ ਵਿੱਚ ਵੀ ਮੀਂਹ ਪਿਆ।
ਇਹ ਵੀ ਪੜ੍ਹੋ : IND vs SL: ਭਾਰਤ ਨੇ ਸ਼੍ਰੀਲੰਕਾ ਖਿਲਾਫ਼ ਦੂਜੇ ਟੈਸਟ ’ਚ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਸਾਰਾਂਸ਼ ਜੈਨ ਦਾ ਡੈਬਿਊ
ਮੌਸਮ ਵਿਭਾਗ ਅਨੁਸਾਰ 24 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਹੁਸ਼ਿਆਰਪੁਰ, ਰੂਪਨਗਰ ਤੇ ਐਸਏਐਸ ਨਗਰ (ਮੋਹਾਲੀ) ’ਚ ਇੱਕ-ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 25 ਤੇ 26 ਅਗਸਤ ਨੂੰ ਵੀ ਇਨ੍ਹਾਂ ਜ਼ਿਲ੍ਹਿਆਂ ’ਚ ਇੱਕ-ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਫਿਲਹਾਲ ਕਿਸੇ ਵੀ ਜ਼ਿਲ੍ਹੇ ਲਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਉੱਤਰੀ ਹਰਿਆਣਾ ਤੇ ਆਸ-ਪਾਸ ਦੇ ਖੇਤਰਾਂ ’ਚ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਇਸ ਦਾ ਪ੍ਰਭਾਵ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ’ਤੇ ਵੀ ਪੈ ਸਕਦਾ ਹੈ। ਇਸ ਤੋਂ ਇਲਾਵਾ ਮਾਨਸੂਨ ਦੀ ਟਰਫ ਅੰਮ੍ਰਿਤਸਰ ਤੋਂ ਹੋ ਕੇ ਗੁਜ਼ਰ ਰਹੀ ਹੈ, ਜਿਸ ਕਾਰਨ ਪੰਜਾਬ ’ਚ ਮੀਂਹ ਲਈ ਮੌਸਮ ਅਨੁਕੂਲ ਬਣਿਆ ਹੋਇਆ ਹੈ।