Punjab Weather: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਪਿਆ ਕਮਜ਼ੋਰ, ਜ਼ਿਆਦਾਤਰ ਇਲਾਕਿਆਂ ’ਚ ਅੱਜ ਮੀਂਹ ਦੇ ਆਸਾਰ ਨਹੀਂ
ਪਠਾਨਕੋਟ, ਰੂਪਨਗਰ ਤੇ ਹੁਸ਼ਿਆਰਪੁਰ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਮੀਂਹ ਨਾ ਪਿਆ ਤਾਂ ਵਧੇਗੀ ਗਰਮੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਹੁਣ ਕਮਜ਼ੋਰ ਪੈ ਗਿਆ ਹੈ। ਬੁੱਧਵਾਰ ਨੂੰ ਪਠਾਨਕੋਟ, ਰੂਪਨਗਰ ਤੇ ਹੁਸ਼ਿਆਰਪੁਰ ਨੂੰ ਛੱਡ ਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਮੀਂਹ ਪੈਣ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ। ਇਨ੍ਹਾਂ ਤਿੰਨ ਜ਼ਿਲ੍ਹਿਆਂ ’ਚ ਵੀ ਕੁਝ ਥਾਵਾਂ ’ਤੇ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬਾਕੀ ਜ਼ਿਆਦਾਤਰ ਇਲਾਕਿਆਂ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ’ਚ ਵੀ ਮੌਸਮ ਸਾਫ਼ ਰਹਿਣ ਦੇ ਆਸਾਰ ਹਨ। ਮੀਂਹ ਨਾ ਪੈਣ ਕਾਰਨ ਗਰਮੀ ਤੇ ਹੁੰਮਸ ਵਧ ਸਕਦੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਚੱਲ ਰਿਹਾ ਹੈ। ਫਰੀਦਕੋਟ ’ਚ ਸਭ ਤੋਂ ਵੱਧ 36 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੰਗਲਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਸੀ, ਪਰ ਜ਼ਿਆਦਾਤਰ ਇਲਾਕਿਆਂ ’ਚ ਮੀਂਹ ਨਹੀਂ ਪਿਆ।
ਇਹ ਵੀ ਪੜ੍ਹੋ : Ammy Virk: ਕੈਨੇਡਾ ’ਚ ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਫਾਇਰਿੰਗ
ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਕਮਜ਼ੋਰ ਸਥਿਤੀ ’ਚ ਹੈ। ਮੀਂਹ ਲਿਆਉਣ ਵਾਲੀ ਮਾਨਸੂਨ ਟਰਫ਼ ਇਸ ਸਮੇਂ ਪੰਜਾਬ ਦੇ ਫਿਰੋਜ਼ਪੁਰ ਤੋਂ ਹੋ ਕੇ ਲੰਘ ਰਹੀ ਹੈ। ਇਸ ਕਾਰਨ ਵਾਤਾਵਰਣ ’ਚ ਨਮੀ ਬਣੀ ਹੋਈ ਹੈ, ਪਰ ਫਿਲਹਾਲ ਕੋਈ ਮਜ਼ਬੂਤ ਮੌਸਮੀ ਸਿਸਟਮ ਨਹੀਂ ਹੈ, ਜਿਸ ਕਾਰਨ ਪੂਰੇ ਪੰਜਾਬ ਤੇ ਚੰਡੀਗੜ੍ਹ ’ਚ ਚੰਗੀ ਬਾਰਿਸ਼ ਹੋ ਸਕੇ। ਉੱਤਰੀ ਹਰਿਆਣਾ ਤੇ ਆਸ-ਪਾਸ ਦੇ ਇਲਾਕਿਆਂ ’ਚ ਉੱਪਰੀ ਹਵਾਵਾਂ ਵਿੱਚ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ। ਇਸ ਦੇ ਪ੍ਰਭਾਵ ਕਾਰਨ ਪੰਜਾਬ ਦੇ ਕੁਝ ਹਿੱਸਿਆਂ ’ਚ ਬੱਦਲ ਬਣ ਸਕਦੇ ਹਨ ਤੇ ਕਿਤੇ-ਕਿਤੇ ਹਲਕੀ ਬਾਰਿਸ਼ ਜਾਂ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ। ਇਸ ਦੇ ਨਾਲ ਹੀ ਪੱਛਮੀ ਵਿਗਾੜ ਹੁਣ ਉੱਤਰ-ਪੂਰਬ ਵੱਲ ਅੱਗੇ ਵੱਧ ਗਿਆ ਹੈ, ਜਿਸ ਕਾਰਨ ਪੰਜਾਬ ਤੇ ਚੰਡੀਗੜ੍ਹ ’ਤੇ ਇਸ ਦਾ ਸਿੱਧਾ ਪ੍ਰਭਾਵ ਘੱਟ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ 14 ਸਤੰਬਰ ਤੱਕ ਪੰਜਾਬ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਕਿਤੇ-ਕਿਤੇ ਗਰਜ-ਚਮਕ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। Punjab Weather Today