Punjab Bandh: ਬੰਦ ਦੌਰਾਨ ਵਿਕ ਰਿਹਾ ਸੀ ਨਸ਼ਾ, ਧਰਨਾਕਾਰੀਆਂ ਵੱਲੋਂ ਛਾਪੇਮਾਰੀ ਦੌਰਾਨ 240 ਕੈਪਸੂਲ ਬਰਾਮਦ
ਪਰਵਿੰਦਰ ਸਿੰਘ ਝੋਟਾ ਦੇ ਕਤਲ ਸਬੰਧੀ ਜਿੱਥੇ ਪੂਰੇ ਸੂਬੇ ਵਿੱਚ ਰੋਸ ਪ੍ਰਦਰਸ਼ਨ
ਮਹਿਲ ਕਲਾਂ (ਜਸਵੀਰ ਗਹਿਲ)। ਪੰਜਾਬ ਭਰ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਸਬੰਧੀ ਜਿੱਥੇ ਪੂਰੇ ਸੂਬੇ ਵਿੱਚ ਰੋਸ ਪ੍ਰਦਰਸ਼ਨ ਜਾਰੀ ਹਨ, ਉੱਥੇ ਹੀ ਮਹਿਲ ਕਲਾਂ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਸ ਸਟੈਂਡ ਨੇੜੇ ਚੱਲ ਰਹੇ ਇਨਸਾਫ਼ ਮੋਰਚੇ ਦੇ ਬਿਲਕੁਲ ਨੱਕ ਹੇਠਾਂ ਚਿੱਟੇ ਦਿਨ ਨਸ਼ਾ ਵਿਕਦਾ ਫੜਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਅਨਾਜ ਮੰਡੀ ਦੇ ਗੇਟ ਨੰਬਰ 2 ’ਤੇ ਸਥਿਤ ਇੱਕ ਚਾਹ ਵਾਲੇ ਖੋਖੇ ਤੋਂ 240 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ ਹਨ।
ਟੀਮ ਆਗੂ ਗੁਰਜੀਤ ਸਿੰਘ ਮਾਹਮਦਪੁਰ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਆਪਣੇ ਇੱਕ ਸਾਥੀ ਨੂੰ ਫ਼ਰਜ਼ੀ ਗਾਹਕ ਬਣਾ ਕੇ ਚਾਹ ਵਾਲੇ ਖੋਖੇ ’ਤੇ ਭੇਜਿਆ। ਉਸ ਨੇ ‘ਸਰੀਰ ਟੁੱਟਣ’ ਦਾ ਬਹਾਨਾ ਲਾ ਕੇ ਨਸ਼ੇ ਦੀ ਮੰਗ ਕੀਤੀ, ਜਿਸ ’ਤੇ ਖੋਖਾ ਚਲਾਉਣ ਵਾਲੇ ਵਿਅਕਤੀ ਨੇ 2500 ਰੁਪਏ ਲੈ ਕੇ ਉਸ ਨੂੰ 5 ਪੱਤੇ ‘ਘੋੜਾ ਕੈਪਸੂਲ’ ਦੇ ਦਿੱਤੇ। ਸੌਦਾ ਹੁੰਦਿਆਂ ਹੀ ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ਖੋਖੇ ਦੀ ਤਲਾਸ਼ੀ ਲਈ, ਜਿੱਥੋਂ ਕੁੱਲ 16 ਪੱਤੇ (240 ਕੈਪਸੂਲ) ਬਰਾਮਦ ਹੋਏ।
ਪ੍ਰੈਗਾਬਾਲਿਨ ਕੈਪਸੂਲ ਦੀ ਬਰਾਮਦਗੀ ਤੋਂ ਬਾਅਦ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਕੌਰ ਸਿੰਘ ਵਜੋਂ ਹੋਈ ਹੈ। ਥਾਣਾ ਮਹਿਲ ਕਲਾਂ ਦੀ ਐੱਸਐੱਚਓ ਕਮਲਜੀਤ ਕੌਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਕੋਲੋਂ 16 ਪੱਤੇ ਪ੍ਰੀਗਾਬਾਲਿਨ ਦੇ ਨਾਲ-ਨਾਲ 2 ਪੱਤੇ ਹੋਰ ਨਸ਼ੀਲੀਆਂ ਗੋਲੀਆਂ ਦੇ ਵੀ ਮਿਲੇ ਹਨ ਅਤੇ ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।