Punjab
Punjab Final Voter List: ਪੰਜਾਬ ਦੀ ਵੋਟਰ ਸੂਚੀ ’ਚੋਂ 13.60 ਲੱਖ ਨਾਂਅ ਘਟੇ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਸੁਧਾਈ ਨੇ ਸੂਬੇ ਦੇ ਵੋਟਰਾਂ ਦੀ ਗਿਣਤੀ ਵਿੱਚ ਵੱਡਾ ਫ਼ਰਕ ਦਰਜ ਕੀਤਾ ਜਾ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਅੰਤਿਮ ਵੋਟਰ ਸੂਚੀ ਮੁਤਾਬਕ ਪੰਜਾਬ ਵਿੱਚ ਹੁਣ 2 ਕਰੋੜ 1 ਲੱਖ 727 ਵੋਟਰ ਰਹਿ ਗਏ ਹਨ, ਜਦਕਿ ਪਹਿਲਾਂ ਇਹ ਗਿਣਤੀ 2 ਕਰੋੜ 14 ਲੱਖ 61 ਹਜ਼ਾਰ 043 ਸੀ। ਇਸ ਤਰ੍ਹਾਂ ਪਹਿਲਾਂ ਦੇ ਮੁਕਾਬਲੇ ਵੋਟਰਾਂ ਦੀ ਗਿਣਤੀ 13 ਲੱਖ 60 ਹਜ਼ਾਰ 316 ਘਟ ਗਈ ਹੈ।
ਸਵਾਲ ਇਹ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਵੋਟਰਾਂ ਦੀ ਕਮੀ ਦੇ ਬਾਵਜੂਦ ਕੀ ਹਰ ਯੋਗ ਨਾਗਰਿਕ ਦਾ ਨਾਂਅ ਸੂਚੀ ਵਿੱਚ ਦਰਜ ਹੋਣਾ ਯਕੀਨੀ ਬਣਾਇਆ ਗਿਆ ਹੈ? ਅੰਤਿਮ ਸੂਚੀ ਵਿੱਚ 1 ਕਰੋੜ 03 ਲੱਖ 76 ਹਜ਼ਾਰ 026 ਪੁਰਸ਼ ਅਤੇ 97 ਲੱਖ 24 ਹਜ਼ਾਰ 195 ਔਰਤਾਂ ਸਣੇ ਤੀਜੇ ਜੈਂਡਰ ਦੇ 506 ਵੋਟਰ ਸ਼ਾਮਲ ਹਨ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਵਿੱਚ ਆਈ ਇਹ ਤਬਦੀਲੀ ਸਿਆਸੀ ਪਾਰਟੀਆਂ ਅਤੇ ਵੋਟਰਾਂ ਦੋਵਾਂ ਲਈ ਅਹਿਮ ਹੈ। 13 ਅਗਸਤ ਨੂੰ ਜਾਰੀ ਕੀਤੀ ਖਰੜਾ ਸੂਚੀ ਵਿੱਚ ਸਿਰਫ਼ 1 ਕਰੋੜ 93 ਲੱਖ 94 ਹਜ਼ਾਰ 435 ਵੋਟਰ ਦਰਜ ਸਨ। Punjab Final Voter List
ਉਸ ਸਮੇਂ ਪਹਿਲਾਂ ਦੀ ਸੂਚੀ ਵਿੱਚੋਂ 20 ਲੱਖ 66 ਹਜ਼ਾਰ 608 ਨਾਂਅ ਹਟਾਏ ਗਏ ਸਨ। ਇਸ ਤੋਂ ਬਾਅਦ ਦਾਅਵੇ ਅਤੇ ਇਤਰਾਜ਼ ਲੈਣ ਦੀ ਕਾਰਵਾਈ ਹੋਈ ਅਤੇ ਨਵੇਂ ਨਾਂਅ ਦਰਜ ਕੀਤੇ ਗਏ। ਹੁਣ ਅੰਤਿਮ ਸੂਚੀ ਵਿੱਚ ਵੋਟਰਾਂ ਦੀ ਗਿਣਤੀ ਦੋ ਕਰੋੜ ਤੋਂ ਉੱਪਰ ਪਹੁੰਚ ਗਈ ਹੈ, ਪਰ ਪਹਿਲਾਂ ਦੇ ਮੁਕਾਬਲੇ ਕੁੱਲ ਗਿਣਤੀ ਫਿਰ ਵੀ 13.60 ਲੱਖ ਘੱਟ ਹੈ। ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਅਨੁਸਾਰ ਵੋਟਰਾਂ ਦੀ ਗਿਣਤੀ ਘਟਣ ਦੇ ਕਾਰਨਾਂ ਵਿੱਚ ਮੌਤ ਹੋਣਾ, ਪੱਕੇ ਤੌਰ ’ਤੇ ਹੋਰ ਥਾਂ ਚਲੇ ਜਾਣਾ, ਪੁਰਾਣੇ ਪਤੇ ’ਤੇ ਨਾ ਮਿਲਣਾ ਅਤੇ ਇੱਕ ਤੋਂ ਵੱਧ ਥਾਵਾਂ ’ਤੇ ਵੋਟ ਦਰਜ ਹੋਣਾ ਸ਼ਾਮਲ ਹਨ।
ਅਧਿਕਾਰੀਆਂ ਮੁਤਾਬਕ ਲਗਭਗ 34 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਦਾ ਪੱਖ ਸੁਣਿਆ ਗਿਆ ਅਤੇ ਗ਼ਲਤੀਆਂ ਠੀਕ ਕਰਨ ਦੀ ਕਾਰਵਾਈ ਕੀਤੀ ਗਈ। ਵੋਟਰ ਆਪਣਾ ਨਾਂਅ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਸਰਕਾਰੀ ਵੈੱਬਸਾਈਟ ’ਤੇ ਅੰਤਿਮ ਸੂਚੀ ਵਿੱਚ ਜਾਂਚ ਸਕਦੇ ਹਨ। ਚੋਣਾਂ ਵੇਲੇ ਵੋਟ ਪਾਉਣ ਦੇ ਹੱਕ ਤੋਂ ਵਾਂਝੇ ਰਹਿਣ ਤੋਂ ਬਚਣ ਲਈ ਹਰ ਵੋਟਰ ਨੂੰ ਹੁਣੇ ਆਪਣਾ ਨਾਂਅ ਅਤੇ ਵੇਰਵੇ ਜਾਂਚ ਲੈਣੇ ਚਾਹੀਦੇ ਹਨ। Punjab Final Voter List
ਇਹ ਵੀ ਪੜ੍ਹੋ : Rajbir Singh Ghuman Case: ਮਾਨ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਰਾਹਤ, ਗ੍ਰਿਫ਼ਤਾਰੀ ’ਤੇ ਰੋਕ, ਪਰ ਜਾਰੀ ਰਹੇਗੀ CBI ਜਾਂਚ