Faridkot News: ਫਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ੍ਹ ’ਚੋਂ 3 ਮੋਬਾਈਲ ਫੋਨ ਤੇ ਚਾਰਜਰ ਬਰਾਮਦ
8 ਹਵਾਲਾਤੀਆਂ ਖਿਲਾਫ਼ ਜ਼ੇਲ੍ਹ ਐਕਟ ਤਹਿਤ ਕੇਸ ਦਰਜ, ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਹੋਵੇਗੀ ਪੁੱਛਗਿੱਛ
ਫਰੀਦਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। Faridkot News: ਫਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ੍ਹ ’ਚ ਬੰਦ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ੇਲ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਬੈਰਕਾਂ ’ਚ ਕੀਤੀ ਗਈ ਤਲਾਸ਼ੀ ਦੌਰਾਨ ਇਸ ਵਾਰ 3 ਮੋਬਾਈਲ ਫੋਨ ਤੇ ਇੱਕ ਚਾਰਜਰ ਬਰਾਮਦ ਕੀਤਾ ਗਿਆ ਹੈ। ਮਾਮਲੇ ਸਬੰਧੀ ਜ਼ੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਪੁਲਿਸ ਨੇ 8 ਹਵਾਲਾਤੀਆਂ ਖਿਲਾਫ਼ ਜ਼ੇਲ੍ਹ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਜ਼ੇਲ੍ਹ ਸੁਪਰਡੈਂਟ ਦੇ ਨਿਰਦੇਸ਼ਾਂ ਅਨੁਸਾਰ ਜ਼ੇਲ੍ਹ ਸਟਾਫ ਵੱਲੋਂ ਸਮੇਂ-ਸਮੇਂ ’ਤੇ ਬੈਰਕਾਂ ਤੇ ਜੇਲ੍ਹ ਦੇ ਹੋਰ ਹਿੱਸਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਇਸੇ ਤਹਿਤ ਮੰਗਲਵਾਰ ਦੇਰ ਰਾਤ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ’ਚ ਵਿਆਪਕ ਪੱਧਰ ’ਤੇ ਸਰਚ ਆਪ੍ਰੇਸ਼ਨ ਕੀਤਾ ਗਿਆ। Faridkot Jail News
ਤਲਾਸ਼ੀ ਦੌਰਾਨ ਸੋਨੀਪਤ ਵਾਸੀ ਮਨਪ੍ਰੀਤ ਸਿੰਘ, ਮੋਗਾ ਵਾਸੀ ਹਰਜੀਤ ਸਿੰਘ, ਮਨਪ੍ਰੀਤ ਸਿੰਘ ਬੱਬਲੂ, ਸਤਨਾਮ ਸਿੰਘ ਸੇਠੀ, ਯੋਗੇਸ਼ ਸ਼ਰਮਾ, ਹਰਮਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਤੇ ਸੁਖਦੀਪ ਸਿੰਘ ਕੋਲੋਂ ਕੁੱਲ 3 ਮੋਬਾਈਲ ਫੋਨ ਤੇ ਇੱਕ ਚਾਰਜਰ ਬਰਾਮਦ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਜ਼ੇਲ੍ਹ ਇਨਵੈਸਟੀਗੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਅੱਠਾਂ ਹਵਾਲਾਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਬਰਾਮਦ ਕੀਤੇ ਗਏ ਮੋਬਾਈਲ ਫੋਨ ਜ਼ੇਲ੍ਹ ਦੇ ਅੰਦਰ ਕਿਹੜੇ ਤਰੀਕੇ ਨਾਲ ਪਹੁੰਚੇ ਤੇ ਇਨ੍ਹਾਂ ਨੂੰ ਅੰਦਰ ਪਹੁੰਚਾਉਣ ’ਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। Faridkot News
ਇਹ ਵੀ ਪੜ੍ਹੋ : Punjab Employees Protest: ਪੰਜਾਬ ’ਚ ਮੁਲਾਜ਼ਮਾਂ ਦਾ ਸੰਘਰਸ਼ ਹੋਇਆ ਹੋਰ ਤਿੱਖਾ, ਕਲਮ ਛੋੜ ਹੜਤਾਲ ਸ਼ੁੱਕਰਵਾਰ ਤੱਕ ਵਧੀ