Punjab
Health News: ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਵਲੋਂ ਸੀਐੱਚਸੀ ਫਿਰੋਜ਼ਸ਼ਾਹ 'ਚ ਸਿਹਤ ਸੇਵਾਵਾਂ ਦੀ ਸਮੀਖਿਆ
ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸੁਝਾਅ ਲਏ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਵੱਲੋਂ ਭੇਜੀ ਗਈ ਦੋ ਮੈਂਬਰੀ ਕੇਂਦਰੀ ਟੀਮ ਨੇ ਅੱਜ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਦੌਰਾ ਕੀਤਾ। ਟੀਮ 'ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਡਿਪਟੀ ਡਾਇਰੈਕਟਰ ਦੀਕਸ਼ਾ ਸਚਦੇਵਾ ਅਤੇ ਜੂਨੀਅਰ ਸਟੈਟੀਕਲ ਅਫ਼ਸਰ ਸ਼ੇਸ਼ ਕੁਮਾਰ ਮੋਰਿਆ ਸ਼ਾਮਲ ਸਨ।
Read Also : ਸਰਹੱਦੀ ਪਿੰਡ ਜੱਟਾਂ 'ਚ ਘਰ 'ਤੇ ਗਰਨੇਡ ਹਮਲੇ 'ਚ ਤਿੰਨ ਜ਼ਖ਼ਮੀ
ਟੀਮ ਵਲੋਂ ਸੀਐੱਚਸੀ ਦੇ ਸੀਨੀਅਰ ਮੈਡੀਕਲ ਅਫ਼ਸਰ , ਮੈਡੀਕਲ ਅਫ਼ਸਰ ਅਤੇ ਪੈਰਾ-ਮੈਡੀਕਲ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਡਿਪਟੀ ਡਾਇਰੈਕਟਰ ਦੀਕਸ਼ਾ ਸਚਦੇਵਾ ਵੱਲੋਂ ਗ਼ੈਰ-ਸੰਚਾਰੀ ਰੋਗਾਂ, ਜਨਮ ਤੇ ਮੌਤ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਨਾਲ ਸਬੰਧਤ ਪੋਰਟਲਾਂ 'ਤੇ ਦਰਜ ਅੰਕੜਿਆਂ ਦੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਕਮਿਊਨਿਟੀ ਸਿਹਤ ਕੇਂਦਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ, ਮਰੀਜ਼ਾਂ ਦੀ ਸਹੂਲਤ ਅਤੇ ਰਿਕਾਰਡ ਦੀ ਸਾਂਭ-ਸੰਭਾਲ ਦਾ ਜਾਇਜ਼ਾ ਲਿਆ।

ਉਨ੍ਹਾਂ ਵੱਲੋਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸੁਝਾਅ ਲਏ । ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਸਬੰਧਤ ਸਹੀ ਅਤੇ ਭਰੋਸੇਯੋਗ ਅੰਕੜੇ ਕੇਂਦਰ ਸਰਕਾਰ ਨੂੰ ਸਿਹਤ ਸਬੰਧੀ ਨੀਤੀਆਂ ਬਣਾਉਣ 'ਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੇ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਜਨੀਸ਼ ਗੋਇਲ ਨੇ ਕੇਂਦਰੀ ਟੀਮ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਗੈਰ-ਸੰਚਾਰੀ ਰੋਗ ਪ੍ਰੋਗਰਾਮ, ਜਨਮ-ਮੌਤ ਰਜਿਸਟਰੇਸ਼ਨ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਸਬੰਧਤ ਕਰਮਚਾਰੀ ਵੀ ਹਾਜ਼ਰ ਸਨ।