Double Murder: ਜ਼ਮੀਨੀ ਵਿਵਾਦ ’ਚ ਦੋ ਵਿਅਕਤੀਆਂ ਦੀ ਮੌਤ, ਇੱਕ ਨੌਜਵਾਨ ਗੰਭੀਰ ਜ਼ਖ਼ਮੀ
ਪੁਲਿਸ ਵੱਲੋਂ ਵਰਤੇ ਗਏ ਹਥਿਆਰਾਂ ਨੂੰ ਲਿਆ ਕਬਜ਼ੇ ’ਚ
Double Murder: (ਰਾਜਨ ਮਾਨ) ਅੰਮ੍ਰਿਤਸਰ। ਸਰਹੱਦੀ ਪਿੰਡ ਪਹੂਵਿੰਡ ’ਚ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਖੂਨੀ ਝੜਪ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਹੂਵਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਅਤੇ ਸੁਖਰਾਜ ਸਿੰਘ ਵਿਚਕਾਰ ਡੇਢ ਕਿੱਲਾ ਜ਼ਮੀਨ ਸਬੰਧੀ ਵਿਵਾਦ ਚੱਲਦਾ ਆ ਰਿਹਾ ਸੀ। ਇਸ ਮਾਮਲੇ ਸਬੰਧੀ ਅਦਾਲਤ ਵੱਲੋਂ ਸਟੇਟਸ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ ਅਤੇ ਮਾਮਲਾ ਉਪ ਮੰਡਲ ਮੈਜਿਸਟਰੇਟ ਭਿੱਖੀਵਿੰਡ ਦੀ ਅਦਾਲਤ ’ਚ ਵੀ ਵਿਚਾਰ ਅਧੀਨ ਹੈ। ਇਸ ਜ਼ਮੀਨ ਉਪਰ ਸੁਖਰਾਜ ਸਿੰਘ ਕਾਬਜ਼ ਸੀ ਅਤੇ ਉਸ ਵੱਲੋਂ ਜ਼ਮੀਨ ਵਿਚ ਬਾਜਰੇ ਦੀ ਫਸਲ ਬੀਜੀ ਗਈ ਸੀ ਅਤੇ ਇਸ ਦੌਰਾਨ ਅੱਜ ਅਮਰਜੀਤ ਸਿੰਘ ਵੱਲੋਂ ਇਹ ਫਸਲ ਕੱਟੀ ਜਾ ਰਹੀ ਸੀ ਅਤੇ ਇਸ ਸਬੰਧੀ ਜਾਣਕਾਰੀ ਮਿਲਣ ’ਤੇ ਸੁਖਰਾਜ ਸਿੰਘ ਅਤੇ ਉਸਦਾ ਪੁੱਤਰ ਹਰਨੂਰ ਸਿੰਘ ਉਥੇ ਪਹੁੰਚ ਗਏ ਜਿਥੇ ਦੋਹਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਗੋਲੀ ਚੱਲਣ ਕਾਰਨ ਸੁਖਰਾਜ ਸਿੰਘ ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਵੱਡੇ ਭਰਾ ਨਿਰਮਲ ਸਿੰਘ ਦੀ ਮੌਤ ਹੋ ਗਈ ਜਦਕਿ ਜ਼ਖ਼ਮੀ ਹਰਨੂਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Gallbladder Stones: ਪਿੱਤੇ ਦੀ ਪੱਥਰੀ ਕਿਉਂ ਬਣਦੀ ਹੈ? ਜਾਣੋ ਕਾਰਨ, ਲੱਛਣ, ਜਾਂਚ ਤੇ ਬਚਾਅ ਦੇ ਸੌਖੇ ਤਰੀਕੇ
ਪੁਲਿਸ ਨੇ ਮ੍ਰਿਤਕ ਸੁਖਰਾਜ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਮਰਜੀਤ ਸਿੰਘ ਪੁੱਤਰ ਸੁੱਚਾ ਸਿੰਘ, ਨਿਰਮਲ ਸਿੰਘ, ਸ਼ਰਨਜੀਤ ਸਿੰਘ ਪੁੱਤਰ ਕਾਰਜ ਸਿੰਘ, ਕੁਲਵੰਤ ਸਿੰਘ, ਦਲਜੀਤ ਕੌਰ ਪਤਨੀ ਅਮਰਜੀਤ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਪਰਗਟ ਸਿੰਘ, ਕਾਲੂ ਪੁੱਤਰ ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਲਾਖਣਾ ਸਮੇਤ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।