Punjab
Garbage Landslide: ਗਿਨੀ ’ਚ ਕੂੜੇ ਦਾ ਪਹਾੜ ਡਿੱਗਿਆ, ਢਿੱਗਾਂ ਡਿੱਗਣ ਨਾਲ 22 ਮੌਤਾਂ
ਭਾਰੀ ਮੀਂਹ ਕਾਰਨ ਵਾਪਰਿਆ ਹਾਦਸਾ
ਕੋਨਾਕਰੀ (ਸੱਚ ਕਹੂੰ ਨਿਊਜ਼/ਹਿੰ.ਸ.)। ਗਿਨੀ ਦੀ ਰਾਜਧਾਨੀ ਕੋਨਾਕਰੀ ’ਚ ਐਤਵਾਰ ਸਵੇਰੇ ਭਾਰੀ ਮੀਂਹ ਤੋਂ ਬਾਅਦ ਇੱਕ ਵੱਡੇ ਲੈਂਡਫਿਲ ’ਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਹਿਰ ਦੇ ਮੁੱਖ ਕੂੜਾ ਡੰਪਿੰਗ ਸਾਈਟ ’ਤੇ ਦਾਰ ਐਸ ਸਲਾਮ ਖੇਤਰ ’ਚ ਵਾਪਰਿਆ, ਜਿੱਥੇ ਕੂੜੇ ਦਾ ਇੱਕ ਵੱਡਾ ਢੇਰ ਢਹਿ ਗਿਆ ਤੇ ਨੇੜੇ ਦੀਆਂ ਝੌਂਪੜੀਆਂ ’ਤੇ ਡਿੱਗ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਗਿਨੀ ਦੀ ਸਿਵਲ ਪ੍ਰੋਟੈਕਸ਼ਨ ਸਰਵਿਸ ਨੇ ਘੱਟੋ-ਘੱਟ 22 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਘਟਨਾ ਦੇ ਸਮੇਂ ਸਵੇਰੇ 3 ਵਜੇ ਕਰੀਬ ਭਾਰੀ ਮੀਂਹ ਪੈ ਰਿਹਾ ਸੀ। ਮੀਂਹ ਕਾਰਨ ਕੂੜੇ ਦਾ ਵੱਡਾ ਢੇਰ ਖਿਸਕਣ ਲੱਗਿਆ ਤੇ ਵੇਖਦੇ ਹੀ ਵੇਖਦੇ ਢਿੱਗਾਂ ਡਿੱਗਣ ਦੀ ਸਥਿਤੀ ਪੈਦਾ ਹੋ ਗਈ। ਕਈ ਝੌਂਪੜੀਆਂ ਮਲਬੇ ਹੇਠ ਦੱਬ ਗਈਆਂ। ਰਾਹਤ ਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਤੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਇਹ ਖਦਸ਼ਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। Guinea Disaster News
ਮਿਲਟਰੀ ਇੰਜੀਨੀਅਰਿੰਗ ਬਟਾਲੀਅਨ ਦੇ ਸੈਨੀਟੇਸ਼ਨ ਅਫਸਰ ਲੈਫਟੀਨੈਂਟ ਕਰਨਲ ਬਾਲਡੇ ਮਾਮਾਦੌ ਬੈਲੋ ਨੇ ਦੱਸਿਆ ਕਿ ਇਸ ਲੈਂਡਫਿਲ ਐਤਵਾਰ ਨੂੰ ਬੰਦ ਕਰਨ ਦਾ ਪ੍ਰੋਗਰਾਮ ਸੀ। ਅਧਿਕਾਰੀਆਂ ਨੇ ਪਹਿਲਾਂ ਹੀ ਨੇੜੇ ਰਹਿਣ ਵਾਲੇ ਨਿਵਾਸੀਆਂ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ ਕਰ ਦਿੱਤੇ ਸਨ। ਬਾਅਦ ’ਚ ਬਹੁਤ ਸਾਰੇ ਪਰਿਵਾਰ ਹੋਰ ਜਗ੍ਹਾ ਚਲੇ ਗਏ ਸਨ, ਪਰ ਹਾਦਸੇ ਦੇ ਸਮੇਂ ਵੱਡੀ ਗਿਣਤੀ ’ਚ ਲੋਕ ਅਜੇ ਵੀ ਮੌਜ਼ੂਦ ਸਨ। ਗਿਨੀ ਦੇ ਖੇਤਰੀ ਪ੍ਰਸ਼ਾਸਨ ਤੇ ਵਿਕੇਂਦਰੀਕਰਣ ਮੰਤਰੀ, ਡਾਇਨਬੋ ਟੂਰ, ਜੋ ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ, ਨੇ ਕਿਹਾ ਕਿ ਪ੍ਰਸ਼ਾਸਨ ਬਾਕੀ ਸਾਰੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰਨ ਦੇ ਪ੍ਰਬੰਧ ਕਰੇਗਾ। ਇਸ ਸਮੇਂ, ਸਾਈਟ ’ਤੇ ਖੋਜ ਤੇ ਬਚਾਅ ਕਾਰਜ ਚੱਲ ਰਿਹਾ ਹੈ, ਤੇ ਪ੍ਰਸ਼ਾਸਨ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। Guinea Disaster News
ਇਹ ਵੀ ਪੜ੍ਹੋ : US Kashmir Policy: ਕਸ਼ਮੀਰ ਬਾਰੇ ਬਦਲਿਆ ਅਮਰੀਕੀ ਰੁਖ, ਭਾਰਤ ਦਾ ਵਧਿਆ ਕੂਟਨੀਤਿਕ ਪ੍ਰਭਾਵ