Haryana News: ਹਰਿਆਣਾ ’ਚ 10 ਲੱਖ ਏਕੜ ਜ਼ਮੀਨ ਦੇ ਸੁਧਾਰ ਲਈ 25 ਹਜ਼ਾਰ ਟਨ ਜਿਪਸਮ ਖਰੀਦਣ ਨੂੰ ਮਨਜ਼ੂਰੀ
ਕਿਸਾਨਾਂ ਨੂੰ 50 ਫੀਸਦੀ ਸਬਸਿਡੀ ’ਤੇ ਮਿਲੇਗਾ ਜਿਪਸਮ, ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ’ਚ ਕਈ ਅਹਿਮ ਪ੍ਰਾਜੈਕਟਾਂ ਨੂੰ ਮਨਜ਼ੂਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਕਿਸਾਨਾਂ ਦੀ 10 ਲੱਖ ਏਕੜ ਜ਼ਮੀਨ ਦੇ ਸੁਧਾਰ ਲਈ 25 ਹਜ਼ਾਰ ਮੀਟ੍ਰਿਕ ਟਨ ਜਿਪਸਮ ਖਰੀਦਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਤੇ ਕਰੀਬ 15.63 ਕਰੋੜ ਰੁਪਏ ਦੀ ਲਾਗਤ ਆਵੇਗੀ। ਕਿਸਾਨਾਂ ਨੂੰ ਹਰਿਆਣਾ ਭੂਮੀ ਸੁਧਾਰ ਨਿਗਮ ਰਾਹੀਂ ਇਹ ਜਿਪਸਮ 50 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਇਹ ਫੈਸਲਾ ਚੰਡੀਗੜ੍ਹ ’ਚ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲਾ ਜਿਪਸਮ ਆਸਾਨੀ ਨਾਲ ਉਪਲਬਧ ਕਰਵਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਸੁਧਾਰ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਕੈਥਲ ਦੇ ਹੈਫੇਡ ਕੰਪਲੈਕਸ ’ਚ 9.80 ਕਰੋੜ ਰੁਪਏ ਦੀ ਲਾਗਤ ਨਾਲ 21,680 ਮੀਟ੍ਰਿਕ ਟਨ ਸਮਰੱਥਾ ਵਾਲਾ ਗੋਦਾਮ ਤੇ ਕੁਆਲਿਟੀ ਕੰਟਰੋਲ ਲੈਬ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਇਹ ਵੀ ਪੜ੍ਹੋ : Ludhiana News: ਮਾਮੂਲੀ ਵਿਵਾਦ ਮਗਰੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮੀਟਿੰਗ ’ਚ ਪਾਣੀ, ਸੜਕਾਂ, ਸਿਹਤ, ਸਿੱਖਿਆ ਤੇ ਜ਼ੇਲ੍ਹਾਂ ਨਾਲ ਸਬੰਧਤ ਕਈ ਪ੍ਰਾਜੈਕਟਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਪਾਣੀਪਤ ਜ਼ਿਲ੍ਹੇ ਦੇ 9 ਪਿੰਡਾਂ ’ਚ ਮਹਾਗ੍ਰਾਮ ਯੋਜਨਾ ਤਹਿਤ 75.50 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਮਨਜ਼ੂਰ ਕੀਤੀਆਂ ਗਈਆਂ। ਗੋਹਾਣਾ ’ਚ ਸੀਵਰੇਜ ਲਾਈਨ ਵਿਛਾਉਣ ਦੇ ਕੰਮ ਲਈ 16.30 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ। ਪਿੰਜੌਰ-ਕਾਲਕਾ ਦੇ ਸੈਕਟਰ-27 ਵਿੱਚ 22.70 ਕਰੋੜ ਰੁਪਏ ਦੀ ਲਾਗਤ ਨਾਲ ਜੁਡੀਸ਼ੀਅਲ ਕੰਪਲੈਕਸ ਬਣਾਇਆ ਜਾਵੇਗਾ। ਅੰਬਾਲਾ ਸ਼ਹਿਰ ’ਚ ਲਘੂ ਸਕੱਤਰੇਤ ਦੇ ਪ੍ਰਸ਼ਾਸਕੀ ਬਲਾਕ ਦੇ ਤੀਜੇ ਪੜਾਅ ਲਈ 34 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸੇ ਤਰ੍ਹਾਂ ਅੰਬਾਲਾ ਕੈਂਟ ’ਚ ਬੈਂਕ ਸਕਵੇਅਰ ਭਵਨ ਦੇ ਪਹਿਲੇ ਪੜਾਅ ਲਈ 52 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। Haryana Farming News