Punjab
Khedan Watan Punjab Diyan 2026: ਸਰਕਾਰੀ ਡਾਈਟ ਦੀ ਥਾਲੀ, ਕੁਆਲਿਟੀ ਤੋਂ ਰਹਿ ਸਕਦੀ ਐ ਖ਼ਾਲੀ, 100 ਰੁਪਏ ’ਚ ਕਿਵੇਂ ਹੋਏਗਾ ਇੰਤਜ਼ਾਮ!
ਖੇਡਾਂ ਵਤਨ ਪੰਜਾਬ ਦੀਆਂ ’ਚ ਖਿਡਾਰੀਆਂ ਨੂੰ ਚਾਹ-ਪਾਣੀ ਤੋਂ ਲੈ ਕੇ ਖਾਣੇ ਤੱਕ ਲਈ ਮਿਲਣਗੇ ਸਿਰਫ਼ 100 ਰੁਪਏ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਸਤੰਬਰ ਮਹੀਨੇ ਦਰਮਿਆਨ ਹੋਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਸਰਕਾਰੀ ਥਾਲੀ ’ਚੋਂ ਕੁਆਲਿਟੀ ਖ਼ਾਲੀ ਰਹਿ ਸਕਦੀ ਹੈ, ਕਿਉਂਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਪ੍ਰਤੀ ਖਿਡਾਰੀ ਨਾਸ਼ਤੇ ਤੋਂ ਲੈ ਕੇ ਦੁਪਹਿਰ ਦੇੇ ਖ਼ਾਣੇ ਤੱਕ ਦਾ ਇੰਤਜ਼ਾਮ ਕਰਨ ਲਈ ਸਿਰਫ਼ 100 ਰੁਪਏ ਦਾ ਹੀ ਬਜਟ ਰੱਖਿਆ ਹੈ। ਇਸ 100 ਰੁਪਏ ਦੇ ਬਜਟ ਨਾਲ ਖਿਡਾਰੀਆਂ ਨੂੰ ਇੱਕ ਸਮੇਂ ਦਾ ਚੰਗਾ ਖਾਣਾ ਨਹੀਂ ਮਿਲ ਸਕਦਾ ਹੈ ਤਾਂ ਪੰਜਾਬ ਸਰਕਾਰ ਦਾ ਖੇਡ ਵਿਭਾਗ ਇਸ 100 ਰੁਪਏ ’ਚ ਸਵੇਰ ਦੇ ਨਾਸ਼ਤੇ ਸਣੇ ਦੁਪਹਿਰ ਨੂੰ ਖਾਣੇ ’ਚ ਤਿੰਨ ਸਬਜ਼ੀਆਂ ’ਚ ਮਟਰ-ਪਨੀਰ ਤੱਕ ਮੰਗ ਰਿਹਾ ਹੈ।
Read Also : ਵਿਦਿਆਰਥੀਆਂ ਦੀ ਸ਼ਾਨ ਤੋਂ ਵੱਡਾ ਕੁਝ ਨਹੀਂ, ਵਿਵਸਥਾ ਨੂੰ ਬਦਲਣਾ ਪਵੇਗਾ
ਇਸ ਦੇ ਨਾਲ ਹੀ ਖਿਡਾਰੀਆਂ ਨੂੰ ਫਿਲਟਰ ਪਾਣੀ ਵੀ ਠੇਕੇਦਾਰ ਨੂੰ ਹੀ ਮੁਹੱਈਆ ਕਰਵਾਉਣ ਪਏਗਾ, ਜਿਸ ਤੋਂ ਸਾਫ਼ ਹੈ ਕਿ ਖਿਡਾਰੀਆਂ ਦੇ ਖਾਣੇ ’ਚ ਕੁਆਲਿਟੀ ਨਾਲ ਸਮਝੌਤਾ ਹੋਣ ਦੇ ਆਸਾਰ ਬਣ ਸਕਦੇ ਹਨ ਜਾਂ ਫਿਰ ਕੋਈ ਚਮਤਕਾਰੀ ਠੇਕੇਦਾਰ ਹੀ ਇਸ ਤਰ੍ਹਾਂ ਦੀ ਸਰਵਿਸ ਲੱਖਾਂ ਖਿਡਾਰੀਆਂ ਨੂੰ ਦੇ ਸਕਦਾ ਹੈ। ਇਸ ਸਾਰੇ ਮਾਮਲੇ ’ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਨ੍ਹਾਂ ਵੱਲੋਂ 100 ਰੁਪਏ ਤੋਂ ਜਿਆਦਾ ਇੱਕ ਵੀ ਪੈਸਾ ਨਹੀਂ ਦਿੱਤਾ ਜਾਏਗਾ, ਜਦੋਂ ਕਿ ਇਸ ਤੋਂ ਘੱਟ ਲੈਣ ਵਾਲੇ ਠੇਕੇਦਾਰ ਦਾ ਸਰਕਾਰ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਜਾਏਗਾ।
Read Also : ਪੰਜਾਬ ਦੀ ਡਰਾਫਟ ਵੋਟਰ ਸੂਚੀ ਜਾਰੀ, ਆਪਣਾ ਨਾਂਅ ਇਸ ਤਰ੍ਹਾਂ ਕਰੋ ਚੈਕ, ਜੇਕਰ ਨਹੀਂ ਤਾਂ ਇਸ ਤਰ੍ਹਾਂ ਕਰਵਾਓ ਸ਼ਾਮਲ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 3 ਸਤੰਬਰ ਤੋਂ 15 ਸਤੰਬਰ ਤੱਕ ਬਲਾਕ ਪੱਧਰ ’ਤੇ ਪੰਜਾਬ ਭਰ ’ਚ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਖੇਡਾਂ ’ਚ ਵੱਡੇ ਪੱਧਰ ’ਤੇ ਸ਼ਹਿਰਾਂ ਤੇ ਪਿੰਡਾਂ ਦੇ ਖਿਡਾਰੀ ਭਾਗ ਲੈਣਗੇ। ਖੇਡਾਂ ਵਤਨ ਪੰਜਾਬ ਦੀਆਂ ਇਨ੍ਹਾਂ 12 ਦਿਨਾਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਨਾਸ਼ਤੇ ਤੇ ਦੁਪਹਿਰ ਦੇ ਖਾਣੇ (ਡਾਇਟ) ਨੂੰ ਲੈ ਕੇ ਖੇਡ ਵਿਭਾਗ ਵੱਲੋਂ ਇੰਤਜ਼ਾਮ ਕੀਤਾ ਜਾ ਰਿਹਾ ਹੈ।

ਵਿਭਾਗ ਵੱਲੋਂ ਹਰ ਖਿਡਾਰੀਆਂ ਨੂੰ ਚਾਹ ਨਾਸ਼ਤੇ ’ਚ ਸਵੇਰੇ ਇੱਕ ਕੱਪ ਚਾਹ ਤੇ ਮੱਠੀ ਦੇ ਨਾਲ ਦੋ ਕੇਲੇ ਦਿੱਤੇ ਜਾਣਗੇ ਤੇ ਦੁਪਹਿਰ ਦੇ ਖਾਣੇ ’ਚ ਸਲਾਦ, ਪਨੀਰ ਦੀ ਕੋਈ ਵੀ ਇੱਕ ਸਬਜ਼ੀ, ਦਾਲ ਜਾਂ ਫਿਰ ਰਾਜਮਾਂਹ, ਮਿਕਸ ਵੈਜ, 200 ਗ੍ਰਾਮ ਦਹੀ, ਤੰਦੂਰੀ ਫੁੱਲਕੇ ਤੇ ਚੌਲਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਖਿਡਾਰੀਆਂ ਨੂੰ ਰੋਟੀ ਖਿਵਾਉਣ ਮੌਕੇ ਟੈਂਟ ਕੁਰਸੀ, ਭਾਂਡੇ ਤੇ ਹਰ ਤਰ੍ਹਾਂ ਦੇ ਇੰਤਜ਼ਾਮ ਕਰਨ ਲਈ ਠੇਕੇਦਾਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਾਰੇ ਇੰਤਜ਼ਾਮ ਲਈ ਪ੍ਰਤੀ ਖਿਡਾਰੀ 100 ਰੁਪਏ ਤੈਅ ਕੀਤਾ ਗਿਆ ਹੈ। ਜੇਕਰ 500 ਖਿਡਾਰੀ ਭਾਗ ਲੈਂਦਾ ਹੈ ਤਾਂ ਠੇਕੇਦਾਰ ਨੂੰ 50 ਹਜ਼ਾਰ ਹੀ ਮਿਲਣਗੇ ਤੇ ਇਸ ਵਿੱਚ ਹੀ ਹਰ ਤਰ੍ਹਾਂ ਦਾ ਇੰਤਜ਼ਾਮ ਕਰਨਾ ਪਏਗਾ, ਜਿਸ ਕਾਰਨ ਹੀ ਇਹ ਸਵਾਲ ਉੱਠ ਰਿਹਾ ਹੈ ਕਿ ਇੰਨੇ ਘੱਟ ਪੈਸੇ ’ਚ ਕੀ ਕੋਈ ਠੇਕੇਦਾਰ ਖਿਡਾਰੀਆਂ ਨੂੰ ਕੁਆਲਿਟੀ ਖਾਣਾ ਦੇ ਸਕੇਗਾ। ਸਵੇਰ ਦੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦੇ ਖਾਣੇ ਤੱਕ ਜੇਕਰ 100 ਰੁੁਪਏ ’ਚ ਇੰਤਜ਼ਾਮ ਨਹੀਂ ਹੋ ਸਕਦਾ ਹੈ ਤਾਂ ਫਿਰ ਕੁਆਲਿਟੀ ’ਤੇ ਇਸ ਦਾ ਅਸਰ ਪੈਣਾ ਸਾਫ਼ ਦਿਖਾਈ ਦੇ ਸਕਦਾ ਹੈ ਤੇ ਇਹ ਵੱਡੇ ਪੱੱਧਰ ’ਤੇ ਸਵਾਲ ਵੀ ਖੜ੍ਹਾ ਹੋ ਰਿਹਾ ਹੈ।
ਕਿਵੇਂ ਲਿਆ ਗਿਆ ਫੈਸਲਾ ਕੀਤਾ ਜਾਏਗਾ ਚੈੱਕ : ਵਰੁਨ ਰੂਜ਼ਮ
ਖੇਡ ਵਿਭਾਗ ਦੇ ਸਕੱਤਰ ਵਰੁਨ ਰੂਜ਼ਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਖਿਡਾਰੀਆਂ ਦੀ ਖਾਣੇ ਲਈ 100 ਰੁਪਏ ਪ੍ਰਤੀ ਦਿਨ ਕਿਵੇਂ ਤੈਅ ਕੀਤਾ ਗਿਆ ਹੈ, ਕਿਉਂਕਿ ਬੀਤੇ ਦਿਨੀਂ ਹੀ ਵਿਭਾਗ ਦਾ ਚਾਰਜ ਲਿਆ ਹੈ ਪਰ ਖਿਡਾਰੀਆ ਦੇ ਖਾਣੇ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਜਾਏਗਾ, ਇਸ ਲਈ ਉਹ 100 ਰੁਪਏ ਪ੍ਰਤੀ ਦਿਨ ਡਾਈਟ ਦੇ ਫੈਸਲੇ ਆਪਣੇ ਪੱਧਰ ’ਤੇ ਚੈੱਕ ਕਰਵਾਉਣਗੇ।