Punjab
SIR Punjab: ਪੰਜਾਬ ਦੀ ਡਰਾਫਟ ਵੋਟਰ ਸੂਚੀ ਜਾਰੀ, ਆਪਣਾ ਨਾਂਅ ਇਸ ਤਰ੍ਹਾਂ ਕਰੋ ਚੈਕ, ਜੇਕਰ ਨਹੀਂ ਤਾਂ ਇਸ ਤਰ੍ਹਾਂ ਕਰਵਾਓ ਸ਼ਾਮਲ
12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਾਖ਼ਲ ਕੀਤੇ ਜਾ ਸਕਣਗੇ, 16 ਅਗਸਤ ਨੂੰ ਸਾਰੇ ਬੂਥਾਂ ’ਤੇ ਵਿਸ਼ੇਸ਼ ਕੈਂਪ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਾਰਤੀ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) 2026 ਤਹਿਤ ਡਰਾਫਟ ਵੋਟਰ ਸੂਚੀ ਅੱਜ ਜਾਰੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਵੋਟਰ ਸੂਚੀ ਦੀ ਸੋਧ ਪ੍ਰਕਿਰਿਆ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਡਰਾਫਟ ਸੂਚੀ ’ਤੇ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਾਖ਼ਲ ਕੀਤੇ ਜਾ ਸਕਣਗੇ, ਜਦੋਂਕਿ ਇਨਾਂ ਦੇ ਨਿਪਟਾਰੇ ਦੀ ਪ੍ਰਕਿਰਿਆ 8 ਅਕਤੂਬਰ ਤੱਕ ਚੱਲੇਗੀ।
ਮੁੱਖ ਚੋਣ ਅਧਿਕਾਰੀ ਪੰਜਾਬ ਅਨਿੰਦਿਤਾ ਮਿੱਤਰਾ ਦੀ ਪ੍ਰਧਾਨਗੀ ਹੇਠ ਅੱਜ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਨੂੰ ਡਰਾਫਟ ਵੋਟਰ ਸੂਚੀ ਸੌਂਪੀ ਗਈ ਅਤੇ ਐੱਸਆਈਆਰ ਦੀ ਅਗਲੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਵੋਟਰਾਂ ਦੀ ਸਹੂਲਤ ਲਈ 16 ਅਗਸਤ ਨੂੰ ਸੂਬੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਇੱਕ ਰੋਜ਼ਾ ਵਿਸ਼ੇਸ਼ ਕੈਂਪ ਲਾਇਆ ਜਾਵੇਗਾ। ਇਸ ਦੌਰਾਨ ਬੂਥ ਲੈਵਲ ਅਧਿਕਾਰੀ (ਬੀਅੱੈਲਓ) ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪੋਲਿੰਗ ਸਟੇਸ਼ਨਾਂ ’ਤੇ ਮੌਜ਼ੂਦ ਰਹਿਣਗੇ।
Read Also : ਚੀਨ ਵਾਲੇ ਪਾਸੇ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਨਾਲ ਨੇਪਾਲ ਦੀ ਭੋਟੇਕੋਸ਼ੀ ਨਦੀ ਦਾ ਵਹਾਅ ਪ੍ਰਭਾਵਿਤ
ਵੋਟਰ ਇੱਥੇ ਡਰਾਫਟ ਸੂਚੀ ਵਿੱਚ ਆਪਣੇ ਨਾਂਅ ਅਤੇ ਹੋਰ ਵੇਰਵਿਆਂ ਦੀ ਜਾਂਚ ਕਰਵਾ ਸਕਣਗੇ। ਸੂਬੇ ਭਰ ਦੇ ਡੀਈਓ ਅਤੇ ਈਆਰਓ ਦਫ਼ਤਰਾਂ ਵਿੱਚ ਵੀ ਹੈਲਪ ਡੈਸਕ ਸਥਾਪਤ ਕੀਤੇ ਜਾਣਗੇ। ਇਨ੍ਹਾਂ ਰਾਹੀਂ ਵੋਟਰਾਂ ਨੂੰ ਡਰਾਫਟ ਸੂਚੀ ਵਿੱਚ ਨਾਂਅ ਲੱਭਣ ਅਤੇ ਚੋਣ ਸੇਵਾਵਾਂ ਸਬੰਧੀ ਜਾਣਕਾਰੀ ਹਾਸਲ ਕਰਨ ਵਿੱਚ ਸਹਾਇਤਾ ਦਿੱਤੀ ਜਾਵੇਗੀ। ਡਰਾਫਟ ਵੋਟਰ ਸੂਚੀ ਸੀਈਓ ਪੰਜਾਬ ਦੀ ਵੈੱਬਸਾਈਟ ਅਤੇ ਭਾਰਤੀ ਚੋਣ ਕਮਿਸ਼ਨ ਦੇ ਵੋਟਰ ਪੋਰਟਲ ’ਤੇ ਮੁਹੱਈਆ ਹੈ।
ਇਸ ਤਰ੍ਹਾਂ ਨਾਂਅ ਕਰਵਾਓ ਸ਼ਾਮਲ
ਚੋਣ ਵਿਭਾਗ ਮੁਤਾਬਕ ਵੋਟਰ ਸੂਚੀ ਵਿੱਚ ਨਾਂਅ ਸ਼ਾਮਲ ਕਰਵਾਉਣ ਲਈ ਫਾਰਮ-6, ਐੱਨਆਰਆਈ ਵੋਟਰਾਂ ਲਈ ਫਾਰਮ-6ਏ, ਨਾਮ ਹਟਾਉਣ ਲਈ ਫਾਰਮ-7 ਅਤੇ ਵੇਰਵਿਆਂ ਵਿੱਚ ਸੋਧ ਜਾਂ ਪਤਾ ਤਬਦੀਲ ਕਰਨ ਲਈ ਫਾਰਮ-8 ਦੀ ਵਰਤੋਂ ਕੀਤੀ ਜਾ ਸਕਦੀ ਹੈ। 1 ਅਕਤੂਬਰ 2026 ਨੂੰ ਯੋਗਤਾ ਮਿਤੀ ਮੰਨਦਿਆਂ ਯੋਗ ਹੋਣ ਵਾਲੇ ਨੌਜਵਾਨ ਵੀ ਆਪਣਾ ਨਾਂਅ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਣਗੇ।