Jalalabad News: ਸੇਫ ਸਕੂਲ ਵਾਹਨ ਟੀਮ ਵੱਲੋਂ ਜਲਾਲਾਬਾਦ ਵਿਖੇ ਸਕੂਲੀ ਵੈਨਾਂ ਦੀ ਚੈਕਿੰਗ, 8 ਸਕੂਲੀ ਵੈਨਾਂ ਦੇ ਚਲਾਨ

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਤਹਿਤ ਕੀਤੀ ਗਈ ਚੈਂਕਿੰਗ

Khushdeep Singh Picture
Published On

ਫਾਜ਼ਿਲਕਾ (ਸੱਚ ਕਹੂੰ ਨਿਊਜ਼/ਹਿੰ.ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਤਹਿਤ ਜ਼ਿਲ੍ਹੇ ’ਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਕੂਲੀ ਵਾਹਨਾਂ ਦੀ ਚੈਕਿੰਗ ਮੁਹਿੰਮ ਜਾਰੀ ਹੈ। ਇਸੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੇ ਸੇਫ ਸਕੂਲ ਵਾਹਨ ਟੀਮ ਵੱਲੋਂ ਜਲਾਲਾਬਾਦ ’ਚ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 8 ਸਕੂਲੀ ਵੈਨਾਂ ਦੇ ਚਲਾਨ ਕੀਤੇ ਗਏ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਸਕੂਲੀ ਵਾਹਨਾਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖ਼ਰਾਬ ਹਾਲਤ ਵਾਲੀਆਂ ਬੱਸਾਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ। ਚੈਕਿੰਗ ਦੌਰਾਨ ਸਕੂਲੀ ਵੈਨ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਸਕੂਲੀ ਵਾਹਨਾਂ ਵਿੱਚ ਨਿਰਧਾਰਤ ਸਾਰੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲੀ ਬੱਸਾਂ ਦੇ ਸ਼ੀਸ਼ਿਆਂ ਦੇ ਬਾਹਰ ਗਰਿੱਲ, ਸਪੀਡ ਗਵਰਨਰ, ਦਰਵਾਜ਼ਿਆਂ ਦੇ ਲੌਕ ਤੇ ਫਸਟ ਏਡ ਬਾਕਸ ਲਾਜ਼ਮੀ ਹਨ। ਬੱਚਿਆਂ ਦੇ ਬੈਗ ਰੱਖਣ ਲਈ ਢੁਕਵੀਂ ਜਗ੍ਹਾ ਤੇ ਅੱਗੇ ਤੇ ਪਿੱਛੇ ਐਮਰਜੈਂਸੀ ਦਰਵਾਜ਼ੇ ਵੀ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਡਰਾਈਵਰ ਕੋਲ ਘੱਟੋ-ਘੱਟ 4 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। ਬੱਸ ਦਾ ਰੰਗ ਸੁਨਿਹਰੀ ਪੀਲਾ ਹੋਵੇ ਤੇ ਚਾਰੇ ਪਾਸੇ ‘ਸਕੂਲ ਬੱਸ’ ਲਿਖਿਆ ਹੋਣਾ ਚਾਹੀਦਾ ਹੈ। ਬੱਸ ’ਤੇ ਸਕੂਲ ਦਾ ਨਾਂਅ ਤੇ ਫੋਨ ਨੰਬਰ ਵੀ ਦਰਜ ਹੋਣਾ ਲਾਜ਼ਮੀ ਹੈ। Jalalabad News

ਸਕੂਲ ਬੱਸ ’ਚ ਸੀਸੀਟੀਵੀ ਕੈਮਰੇ ਤੇ 60 ਦਿਨ ਦੀ ਫੁਟੇਜ ਸੰਭਾਲਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਜੇਕਰ ਬੱਸ ਕਿਰਾਏ ’ਤੇ ਲਈ ਗਈ ਹੈ ਤਾਂ ਉਸ ’ਤੇ ‘ਆਨ ਡਿਊਟੀ’ ਲਿਖਿਆ ਹੋਣਾ ਜ਼ਰੂਰੀ ਹੈ। ਬੱਸ ’ਚ ਨਿਰਧਾਰਤ ਸਮਰੱਥਾ ਤੋਂ ਵੱਧ ਬੱਚੇ ਨਹੀਂ ਬਿਠਾਏ ਜਾ ਸਕਦੇ ਤੇ ਡਰਾਈਵਰ ਕੋਲ ਬੱਚਿਆਂ ਦੇ ਨਾਂਅ, ਪਤਾ ਤੇ ਕਲਾਸ ਦੀ ਸੂਚੀ ਹੋਣੀ ਚਾਹੀਦੀ ਹੈ। ਡਰਾਈਵਰ ਲਈ ਫਿੱਕੇ ਨੀਲੇ ਰੰਗ ਦੀ ਕਮੀਜ਼-ਪੈਂਟ, ਕਾਲੇ ਬੂਟ ਤੇ ਨਾਮ ਵਾਲੀ ਨੇਮ ਪਲੇਟ ਪਹਿਨਣਾ ਵੀ ਲਾਜ਼ਮੀ ਹੈ। ਬੱਸ ਦੇ ਫੁੱਟ ਸਟੈਪ ਦੀ ਉਚਾਈ 200 ਮਿਲੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਮੈਂਬਰ ਨਿਸ਼ਾਨ ਸਿੰਘ, ਸੋਸ਼ਲ ਵਰਕਰ, ਟ੍ਰੈਫਿਕ ਪੁਲਿਸ ਇੰਚਾਰਜ ਏਐਸਆਈ ਚੰਨ ਲਾਲ, ਬਲਵੰਤ ਸਿੰਘ ਤੇ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਨੁਮਾਇੰਦੇ ਜਸਵਿੰਦਰ ਸਿੰਘ ਹਾਜ਼ਰ ਸਨ। Jalalabad News

About The Author

Related Posts