Punjab
Faridkot News: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਕਈ ਅਹਿਮ ਫ਼ੈਸਲੇ
ਪੁਰਾਣੇ ਮੈਂਬਰਾਂ ਨੂੰ ਮੁੜ ਜੋੜਨ, ਨਵੀਂ ਮੈਂਬਰਸ਼ਿਪ ਤੋਂ ਪਹਿਲਾਂ ਜਾਂਚ-ਪੜਤਾਲ ਤੇ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕਰਨ ਦਾ ਫ਼ੈਸਲਾ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਐਗਜ਼ੈਕਟਿਵ ਕਮੇਟੀ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਛਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ, ਅਨੁਸ਼ਾਸਿਤ ਅਤੇ ਸਰਗਰਮ ਬਣਾਉਣ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਕੇ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਵਿੱਚ ਪੁਰਾਣੇ ਮੈਂਬਰਾਂ ਨੂੰ ਮੁੜ ਐਸੋਸੀਏਸ਼ਨ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਜਿਨ੍ਹਾਂ ਮੈਂਬਰਾਂ ਦੀਆਂ ਲੋੜੀਂਦੀਆਂ ਹਾਜ਼ਰੀਆਂ ਪੂਰੀਆਂ ਹੋਣਗੀਆਂ, ਉਨ੍ਹਾਂ ਦੇ ਫਾਰਮ ਸਟੇਟ ਪੱਧਰ ’ਤੇ ਜਮ੍ਹਾਂ ਕਰਵਾਉਣ ਸਬੰਧੀ ਵੀ ਵਿਚਾਰ ਕੀਤਾ ਗਿਆ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਟੇਟ ਪੱਧਰ ’ਤੇ ਹੋਈ ਗੱਲਬਾਤ ਦੇ ਸਿੱਟੇ ਵਜੋਂ ਟ੍ਰੇਨਿੰਗ ਮੁਕੰਮਲ ਕਰਕੇ ਆਪਣੀ ਪ੍ਰੈਕਟਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਐਗਜ਼ੈਕਟਿਵ ਕਮੇਟੀ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੀ ਹਰ ਮੀਟਿੰਗ ਤੇ ਹੋਰ ਗਤੀਵਿਧੀਆਂ ਸਬੰਧੀ ਜਾਣਕਾਰੀ ਕੈਬਨਿਟ ਗਰੁੱਪ ’ਚ ਸਮੇਂ ਸਿਰ ਸਾਂਝੀ ਕੀਤੀ ਜਾਵੇਗੀ, ਤਾਂ ਜੋ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਵਿਚਕਾਰ ਬਿਹਤਰ ਤਾਲਮੇਲ ਬਣਿਆ ਰਹੇ। ਬਲਾਕ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਨੂੰ ਸਮੇਂ-ਸਮੇਂ ’ਤੇ ਹਿਸਾਬ-ਕਿਤਾਬ ਤੇ ਸੰਗਠਨਾਤਮਕ ਗਤੀਵਿਧੀਆਂ ਦੀ ਪੂਰੀ ਜਾਣਕਾਰੀ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ’ਚ ਸਹਿਮਤੀ ਬਣੀ ਕਿ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹਰ ਤਿੰਨ ਮਹੀਨੇ ਬਾਅਦ ਨਿਯਮਿਤ ਤੌਰ ’ਤੇ ਕਰਵਾਈ ਜਾਵੇਗੀ। ਇਸ ਦੌਰਾਨ ਪਿਛਲੀਆਂ ਮੀਟਿੰਗਾਂ ’ਚ ਲਏ ਫ਼ੈਸਲਿਆਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਭਵਿੱਖ ਦੀਆਂ ਗਤੀਵਿਧੀਆਂ ਦੀ ਰੂਪ-ਰੇਖਾ ਵੀ ਤਿਆਰ ਕੀਤੀ ਜਾਵੇਗੀ। ਨਵੀਂ ਮੈਂਬਰਸ਼ਿਪ ਸਬੰਧੀ ਵੀ ਅਹਿਮ ਫ਼ੈਸਲਾ ਲਿਆ ਗਿਆ। ਐਗਜ਼ੈਕਟਿਵ ਕਮੇਟੀ ਦੀ ਸਹਿਮਤੀ ਨਾਲ ਬਲਾਕ ਫਰੀਦਕੋਟ ’ਚ ਨਵੀਂ ਮੈਂਬਰਸ਼ਿਪ ਫੀਸ ਲੈਣ ਦਾ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : Ludhiana News: ਲੁਧਿਆਣਾ ’ਚ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
ਇਸ ਤੋਂ ਇਲਾਵਾ ਕਿਸੇ ਵੀ ਨਵੇਂ ਵਿਅਕਤੀ ਨੂੰ ਮੈਂਬਰਸ਼ਿਪ ਦੇਣ ਤੋਂ ਪਹਿਲਾਂ ਉਸ ਦੀ ਲੋੜੀਂਦੀ ਜਾਂਚ-ਪੜਤਾਲ ਕਰਨ ’ਤੇ ਵੀ ਸਹਿਮਤੀ ਬਣੀ, ਤਾਂ ਜੋ ਐਸੋਸੀਏਸ਼ਨ ਦੀ ਭਰੋਸੇਯੋਗਤਾ, ਪਾਰਦਰਸ਼ਤਾ ਅਤੇ ਅਨੁਸ਼ਾਸਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਅਤੇ ਸਮਾਜ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਆਪਸੀ ਏਕਤਾ, ਅਨੁਸ਼ਾਸਨ ਤੇ ਸਮਰਪਣ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮਜ਼ਬੂਤ ਸੰਗਠਨ ਹੀ ਮੈਂਬਰਾਂ ਦੀ ਆਵਾਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾ ਸਕਦਾ ਹੈ। ਮੀਟਿੰਗ ਦੇ ਆਖਰ ’ਚ ਸਾਰੇ ਅਹੁਦੇਦਾਰਾਂ ਨੇ ਲਏ ਗਏ ਫ਼ੈਸਲਿਆਂ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਅਤੇ ਬਲਾਕ ਫਰੀਦਕੋਟ ’ਚ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਟਹਿਣਾ, ਜ਼ਿਲ੍ਹਾ ਪ੍ਰਧਾਨ ਡਾ. ਰਛਪਾਲ ਸਿੰਘ ਸੰਧੂ, ਡਾ. ਕੁਲਵੰਤ ਸਿੰਘ ਜਨਰਲ ਸਕੱਤਰ, ਡਾ. ਸੇਵਕ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਡਾ. ਗੁਰਵਿੰਦਰ ਸਿੰਘ ਸਹਾਇਕ ਸਕੱਤਰ, ਡਾ. ਵਿਜੇ ਕੁਮਾਰ ਜ਼ਿਲ੍ਹਾ ਡੈਲੀਗੇਟ, ਡਾ. ਜਗਦੀਸ਼ ਦੂਆ ਸਹਾਇਕ ਸਕੱਤਰ, ਡਾ. ਬੂਟਾ ਸਿੰਘ ਮੀਤ ਪ੍ਰਧਾਨ, ਡਾ. ਪ੍ਰੇਮ ਢੁੱਡੀ ਜ਼ਿਲ੍ਹਾ ਕੈਸ਼ੀਅਰ, ਡਾ. ਸੰਦੀਪ ਸੁੱਖਣਵਾਲਾ, ਡਾ. ਹਰਭਜਨ ਸਿੰਘ ਮੰਡਵਾਲਾ ਬਲਾਕ ਸਲਾਹਕਾਰ ਤੇ ਜ਼ਿਲ੍ਹਾ ਡੈਲੀਗੇਟ, ਡਾ. ਨਰੇਸ਼ ਭਾਣਾਂ ਜ਼ਿਲ੍ਹਾ ਡੈਲੀਗੇਟ, ਡਾ. ਗੁਰਤੇਜ ਸਿੰਘ ਦਾਨਾ ਰੋਮਾਣਾ ਜ਼ਿਲ੍ਹਾ ਡੈਲੀਗੇਟ, ਡਾ. ਗੁਰਮੀਤ ਸਿੰਘ ਢੁੱਡੀ ਬਲਾਕ ਕੈਸ਼ੀਅਰ, ਡਾ. ਯਸ਼ਪਾਲ ਗੁਲਾਟੀ ਪ੍ਰੈਸ ਸਕੱਤਰ, ਡਾ. ਰਜਿੰਦਰ ਅਰੋੜਾ ਸਹਾਇਕ ਜਨਰਲ ਸਕੱਤਰ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।