Punjab
Family Values: ਪਰਿਵਾਰਕ ਰਿਸ਼ਤਿਆਂ ’ਚ ਔਰਤ ਦੀ ਅਹਿਮ ਭੂਮਿਕਾ
ਪਰਿਵਾਰ ਮਨੁੱਖੀ ਸਮਾਜ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਮਜ਼ਬੂਤ ਸੰਸਥਾ ਮੰਨੀ ਜਾਂਦੀ ਹੈ
ਪਰਿਵਾਰ ਮਨੁੱਖੀ ਸਮਾਜ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਮਜ਼ਬੂਤ ਸੰਸਥਾ ਮੰਨੀ ਜਾਂਦੀ ਹੈ। ਮਨੁੱਖ ਦਾ ਪਹਿਲਾ ਸਕੂਲ ਪਰਿਵਾਰ ਹੁੰਦਾ ਹੈ, ਜਿੱਥੇ ਉਹ ਪਿਆਰ, ਤਿਆਗ, ਸਹਿਣਸ਼ੀਲਤਾ, ਜ਼ਿੰਮੇਵਾਰੀ ਤੇ ਆਪਸੀ ਸਤਿਕਾਰ ਵਰਗੀਆਂ ਕਦਰਾਂ-ਕੀਮਤਾਂ ਸਿੱਖਦਾ ਹੈ। ਪਰ ਸਮੇਂ ਦੇ ਨਾਲ ਸਮਾਜ ਵਿੱਚ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਤਕਨੀਕੀ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਨੇ ਪਰਿਵਾਰਾਂ ਦੇ ਢਾਂਚੇ ਤੇ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਾਂਝੇ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰਾਂ ਨੇ ਲੈ ਲਈ ਹੈ, ਰਿਸ਼ਤਿਆਂ ਦੀ ਨੇੜਤਾ ਵਿੱਚ ਕਮੀ ਆਈ ਹੈ ਅਤੇ ਜੀਵਨ ਦੀ ਰਫ਼ਤਾਰ ਪਹਿਲਾਂ ਨਾਲੋਂ ਕਈ ਗੁਣਾ ਤੇਜ਼ ਹੋ ਗਈ ਹੈ। ਅਜਿਹੇ ਬਦਲਦੇ ਦੌਰ ਵਿੱਚ ਔਰਤ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਅਤੇ ਬਹੁਪੱਖੀ ਬਣ ਗਈ ਹੈ। ਇੱਕ ਸਮਾਂ ਸੀ ਜਦੋਂ ਔਰਤ ਦੀ ਪਛਾਣ ਸਿਰਫ਼ ਘਰ ਦੀ ਚਾਰਦੀਵਾਰੀ ਤੱਕ ਸੀਮਤ ਕਰ ਦਿੱਤੀ ਜਾਂਦੀ ਸੀ। ਉਸ ਨੂੰ ਘਰ ਸੰਭਾਲਣ, ਬੱਚਿਆਂ ਦੀ ਪਰਵਰਿਸ਼ ਕਰਨ ਤੇ ਪਰਿਵਾਰ ਦੇ ਬਜ਼ੁਰਗਾਂ ਦੀ ਸੇਵਾ ਕਰਨ ਵਾਲੀ ਮੰਨਿਆ ਜਾਂਦਾ ਸੀ।
ਉਸ ਦੀਆਂ ਇੱਛਾਵਾਂ ਤੇ ਸੁਫਨਿਆਂ ਨੂੰ ਪਰਿਵਾਰ ਦੀਆਂ ਲੋੜਾਂ ਦੇ ਪਿੱਛੇ ਰੱਖ ਦਿੱਤਾ ਜਾਂਦਾ ਸੀ। ਪਰ ਸਿੱਖਿਆ, ਜਾਗਰੂਕਤਾ ਅਤੇ ਸਮਾਜਿਕ ਬਦਲਾਅ ਨੇ ਔਰਤ ਨੂੰ ਨਵੀਂ ਪਛਾਣ ਦਿੱਤੀ ਹੈ। ਅੱਜ ਉਹ ਡਾਕਟਰ, ਅਧਿਆਪਕਾ, ਵਿਗਿਆਨੀ, ਵਕੀਲ, ਪ੍ਰਸ਼ਾਸਨਿਕ ਅਧਿਕਾਰੀ, ਉਦਯੋਗਪਤੀ, ਕਿਸਾਨ ਤੇ ਰਾਜਨੇਤਾ ਵਜੋਂ ਆਪਣਾ ਯੋਗਦਾਨ ਪਾ ਰਹੀ ਹੈ। ਇਸ ਦੇ ਨਾਲ-ਨਾਲ ਉਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੈ। ਇਹ ਦੋਹਰੀ ਭੂਮਿਕਾ ਉਸ ਦੇ ਸੰਘਰਸ਼ ਅਤੇ ਸਮਰੱਥਾ ਦੋਵਾਂ ਨੂੰ ਦਰਸਾਉਂਦੀ ਹੈ। ਬਦਲਦੇ ਪਰਿਵਾਰਕ ਰਿਸ਼ਤਿਆਂ ਵਿੱਚ ਸਭ ਤੋਂ ਵੱਡੀ ਤਬਦੀਲੀ ਆਪਸੀ ਸੰਵਾਦ ਦੀ ਘਾਟ ਹੈ। ਮੋਬਾਇਲ ਫ਼ੋਨ, ਸੋਸ਼ਲ ਮੀਡੀਆ ਅਤੇ ਰੁਝੇਵੇਂ ਭਰੇ ਜੀਵਨ ਨੇ ਪਰਿਵਾਰ ਦੇ ਮੈਂਬਰਾਂ ਨੂੰ ਇੱਕੋ ਘਰ ਵਿੱਚ ਰਹਿੰਦੇ ਹੋਏ ਵੀ ਇੱਕ-ਦੂਜੇ ਤੋਂ ਦੂਰ ਕਰ ਦਿੱਤਾ ਹੈ। ਪਹਿਲਾਂ ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਬੈਠਦਾ ਸੀ, ਗੱਲਾਂ ਹੁੰਦੀਆਂ ਸਨ, ਦੁੱਖ-ਸੁੱਖ ਸਾਂਝੇ ਕੀਤੇ ਜਾਂਦੇ ਸਨ। ਹੁਣ ਹਰ ਮੈਂਬਰ ਆਪਣੀ ਡਿਜ਼ੀਟਲ ਦੁਨੀਆ ਵਿੱਚ ਰੁੱਝਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਔਰਤ ਹੀ ਉਹ ਕੜੀ ਬਣ ਸਕਦੀ ਹੈ ਜੋ ਪਰਿਵਾਰ ਦੇ ਮੈਂਬਰਾਂ ਨੂੰ ਮੁੜ ਆਪਸ ਵਿੱਚ ਜੋੜੇ।
ਜੇਕਰ ਘਰ ਵਿੱਚ ਸੰਵਾਦ, ਸਾਂਝ ਤੇ ਸਹਿਯੋਗ ਦਾ ਮਾਹੌਲ ਬਣਦਾ ਹੈ ਤਾਂ ਉਸ ਵਿੱਚ ਔਰਤ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਦੀ ਔਰਤ ਸਿਰਫ਼ ਘਰ ਚਲਾਉਣ ਵਾਲੀ ਨਹੀਂ, ਸਗੋਂ ਪਰਿਵਾਰ ਦੇ ਆਰਥਿਕ ਢਾਂਚੇ ਦੀ ਵੀ ਮਹੱਤਵਪੂਰਨ ਸਾਥੀ ਹੈ। ਮਹਿੰਗਾਈ ਅਤੇ ਵਧਦੇ ਖ਼ਰਚਿਆਂ ਦੇ ਦੌਰ ਵਿੱਚ ਪਤੀ-ਪਤਨੀ ਦੋਵਾਂ ਦਾ ਕਮਾਉਣਾ ਕਈ ਪਰਿਵਾਰਾਂ ਦੀ ਲੋੜ ਬਣ ਗਿਆ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਨੌਕਰੀ ਤੋਂ ਘਰ ਆਉਣ ਤੋਂ ਬਾਅਦ ਵੀ ਘਰੇਲੂ ਕੰਮਾਂ ਦਾ ਵੱਡਾ ਹਿੱਸਾ ਅਜੇ ਵੀ ਔਰਤ ਦੇ ਸਿਰ ਹੀ ਰਹਿੰਦਾ ਹੈ। ਜੇ ਪਰਿਵਾਰ ਦੇ ਹੋਰ ਮੈਂਬਰ ਘਰੇਲੂ ਕੰਮਾਂ ’ਚ ਬਰਾਬਰ ਦਾ ਸਹਿਯੋਗ ਦੇਣ ਤਾਂ ਨਾ ਸਿਰਫ਼ ਔਰਤ ਦਾ ਬੋਝ ਘਟੇਗਾ, ਸਗੋਂ ਪਰਿਵਾਰਕ ਰਿਸ਼ਤੇ ਵੀ ਹੋਰ ਮਜ਼ਬੂਤ ਹੋਣਗੇ। ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਬਜ਼ੁਰਗਾਂ ਦੀ ਇਕੱਲਤਾ ਇੱਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਬਹੁਤ ਸਾਰੇ ਬੱਚੇ ਰੁਜ਼ਗਾਰ ਲਈ ਵਿਦੇਸ਼ ਜਾਂ ਮਹਾਨਗਰਾਂ ਵਿੱਚ ਚਲੇ ਜਾਂਦੇ ਹਨ ਅਤੇ ਮਾਪੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਕੱਲੇ ਰਹਿ ਜਾਂਦੇ ਹਨ। ਕਈ ਘਰਾਂ ਵਿੱਚ ਨੂੰਹ ਹੀ ਹੈ ਜੋ ਬਜ਼ੁਰਗਾਂ ਦੀ ਦੇਖਭਾਲ ਕਰਦੀ ਹੈ।
ਜਿੱਥੇ ਆਪਸੀ ਸਤਿਕਾਰ ਅਤੇ ਸਮਝ ਹੁੰਦੀ ਹੈ, ਉੱਥੇ ਪਰਿਵਾਰ ਖ਼ੁਸ਼ਹਾਲ ਰਹਿੰਦਾ ਹੈ। ਪਰ ਜਿੱਥੇ ਸ਼ੱਕ, ਹੰਕਾਰ ਜਾਂ ਦਖ਼ਲਅੰਦਾਜ਼ੀ ਵਧ ਜਾਂਦੀ ਹੈ, ਉੱਥੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਇਸ ਲਈ ਨੂੰਹ-ਸੱਸ ਦੇ ਰਿਸ਼ਤੇ ਨੂੰ ਟਕਰਾਅ ਦੀ ਥਾਂ ਸਾਂਝੇਦਾਰੀ ਦਾ ਰਿਸ਼ਤਾ ਬਣਾਉਣ ਦੀ ਲੋੜ ਹੈ। ਬੱਚਿਆਂ ਦੇ ਚਰਿੱਤਰ ਨਿਰਮਾਣ ਵਿੱਚ ਵੀ ਔਰਤ ਦੀ ਭੂਮਿਕਾ ਬੇਹੱਦ ਅਹਿਮ ਹੈ। ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਬੱਚਾ ਜੋ ਕੁਝ ਘਰ ਵਿੱਚ ਦੇਖਦਾ ਤੇ ਮਹਿਸੂਸ ਕਰਦਾ ਹੈ, ਉਹੀ ਉਸ ਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਜੇ ਘਰ ਵਿੱਚ ਆਪਸੀ ਸਤਿਕਾਰ, ਸਹਿਣਸ਼ੀਲਤਾ, ਬਰਾਬਰੀ ਤੇ ਪਿਆਰ ਦਾ ਮਾਹੌਲ ਹੋਵੇ ਤਾਂ ਬੱਚੇ ਵੀ ਇਹੀ ਮੁੱਲ ਅਪਣਾਉਂਦੇ ਹਨ। ਇਸ ਲਈ ਔਰਤ ਸਿਰਫ਼ ਆਪਣੇ ਪਰਿਵਾਰ ਦਾ ਨਹੀਂ, ਸਗੋਂ ਸਮਾਜ ਦੇ ਭਵਿੱਖ ਦਾ ਵੀ ਨਿਰਮਾਣ ਕਰ ਰਹੀ ਹੁੰਦੀ ਹੈ। ਇਸ ਦੇ ਨਾਲ ਹੀ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਪਰਿਵਾਰ ਨੂੰ ਜੋੜ ਕੇ ਰੱਖਣ ਦੀ ਸਾਰੀ ਜ਼ਿੰਮੇਵਾਰੀ ਕੇਵਲ ਔਰਤ ਦੀ ਹੀ ਨਹੀਂ। ਜੇ ਸਮਾਜ ਹਰ ਸਮੱਸਿਆ ਲਈ ਔਰਤ ਨੂੰ ਹੀ ਜ਼ਿੰਮੇਵਾਰ ਠਹਿਰਾਏ ਅਤੇ ਮਰਦ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰੇ।
ਤਾਂ ਇਹ ਨਿਆਂਸੰਗਤ ਨਹੀਂ। ਮਜ਼ਬੂਤ ਪਰਿਵਾਰ ਤਾਂ ਹੀ ਬਣਦੇ ਹਨ ਜਦੋਂ ਪਤੀ-ਪਤਨੀ ਇੱਕ-ਦੂਜੇ ਨੂੰ ਬਰਾਬਰ ਦਾ ਸਾਥੀ ਮੰਨਣ, ਘਰੇਲੂ ਕੰਮਾਂ ਅਤੇ ਫ਼ੈਸਲਿਆਂ ਵਿੱਚ ਸਾਂਝ ਪਾਉਣ ਤੇ ਇੱਕ-ਦੂਜੇ ਦੇ ਸੁਪਨਿਆਂ ਦਾ ਸਤਿਕਾਰ ਕਰਨ। ਪਰਿਵਾਰਕ ਰਿਸ਼ਤੇ ਇੱਕ ਵਿਅਕਤੀ ਦੀ ਨਹੀਂ, ਸਾਰੇ ਮੈਂਬਰਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦੇ ਹਨ। ਪ੍ਰਵਾਸ ਨੇ ਵੀ ਪਰਿਵਾਰਕ ਰਿਸ਼ਤਿਆਂ ਨੂੰ ਨਵਾਂ ਰੂਪ ਦਿੱਤਾ ਹੈ। ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਵਿੱਚ ਪਤੀ ਵਿਦੇਸ਼ ਹੈ ਤੇ ਪਤਨੀ ਬੱਚਿਆਂ ਤੇ ਬਜ਼ੁਰਗਾਂ ਨਾਲ ਪੰਜਾਬ ਵਿੱਚ ਰਹਿ ਰਹੀ ਹੈ, ਜਾਂ ਇਸ ਦੇ ਉਲਟ। ਲੰਬੀ ਦੂਰੀ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ, ਧੀਰਜ ਤੇ ਭਾਵਨਾਤਮਕ ਸਹਿਯੋਗ ਦੀ ਲੋੜ ਵਧ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਔਰਤ ਘਰ ਦੀਆਂ ਆਰਥਿਕ, ਸਮਾਜਿਕ ਅਤੇ ਭਾਵਨਾਤਮਕ ਜ਼ਿੰਮੇਵਾਰੀਆਂ ਇਕੱਠੀਆਂ ਨਿਭਾਉਂਦੀ ਹੈ। ਉਸ ਦਾ ਇਹ ਯੋਗਦਾਨ ਅਕਸਰ ਚਰਚਾ ਤੋਂ ਬਾਹਰ ਰਹਿ ਜਾਂਦਾ ਹੈ।
ਇਹ ਵੀ ਪੜ੍ਹੋ : Bathinda News: ਤਹਿਸੀਲਦਾਰ ਨੇ ਕੀਤੀ ਸਿਆਸੀ ਪਾਰਟੀਆਂ ਨਾਲ ਬੈਠਕ
ਆਧੁਨਿਕ ਸਮੇਂ ਵਿੱਚ ਔਰਤਾਂ ਦੀ ਮਾਨਸਿਕ ਸਿਹਤ ਵੀ ਇੱਕ ਮਹੱਤਵਪੂਰਨ ਮੁੱਦਾ ਹੈ। ਨੌਕਰੀ ਦਾ ਦਬਾਅ, ਘਰੇਲੂ ਕੰਮ, ਬੱਚਿਆਂ ਦੀ ਪਰਵਰਿਸ਼, ਬਜ਼ੁਰਗਾਂ ਦੀ ਸੰਭਾਲ ਤੇ ਸਮਾਜਿਕ ਉਮੀਦਾਂ- ਇਹ ਸਭ ਉਸ ਉੱਤੇ ਵਾਧੂ ਬੋਝ ਪਾਂਦੀਆਂ ਹਨ। ਜੇ ਪਰਿਵਾਰ ਉਸ ਦੀਆਂ ਭਾਵਨਾਵਾਂ ਨੂੰ ਸਮਝੇ, ਉਸ ਨੂੰ ਆਰਾਮ, ਸਹਿਯੋਗ ਤੇ ਫ਼ੈਸਲੇ ਕਰਨ ਦੀ ਆਜ਼ਾਦੀ ਦੇਵੇ, ਤਾਂ ਉਹ ਹੋਰ ਵੀ ਵਧੀਆ ਢੰਗ ਨਾਲ ਪਰਿਵਾਰ ਤੇ ਸਮਾਜ ਲਈ ਆਪਣਾ ਯੋਗਦਾਨ ਪਾ ਸਕਦੀ ਹੈ। ਅੱਜ ਦੇ ਬਦਲਦੇ ਸਮਾਜ ਵਿੱਚ ਇਹ ਸੋਚ ਵੀ ਬਦਲਣੀ ਪਵੇਗੀ ਕਿ ਪਰਿਵਾਰ ਨੂੰ ਜੋੜ ਕੇ ਰੱਖਣਾ ਕੇਵਲ ਔਰਤ ਦੀ ਜ਼ਿੰਮੇਵਾਰੀ ਹੈ। ਪਰਿਵਾਰ ਉਦੋਂ ਹੀ ਮਜ਼ਬੂਤ ਬਣਦਾ ਹੈ ਜਦੋਂ ਪਿਆਰ, ਸਤਿਕਾਰ, ਸੰਵਾਦ ਤੇ ਬਰਾਬਰੀ ਚਾਰੇ ਪਾਸਿਆਂ ਤੋਂ ਮਿਲਣ।
ਜਦੋਂ ਮਰਦ ਅਤੇ ਔਰਤ ਇੱਕ-ਦੂਜੇ ਨੂੰ ਮੁਕਾਬਲੇਬਾਜ਼ ਨਹੀਂ, ਸਗੋਂ ਸਾਥੀ ਵਜੋਂ ਦੇਖਦੇ ਹਨ, ਤਾਂ ਰਿਸ਼ਤਿਆਂ ਵਿੱਚ ਭਰੋਸਾ ਅਤੇ ਸਥਿਰਤਾ ਆਪਣੇ-ਆਪ ਆ ਜਾਂਦੀ ਹੈ। ਔਰਤ ਅੱਜ ਵੀ ਪਰਿਵਾਰ ਦੀ ਧੁਰੀ ਹੈ, ਪਰ ਹੁਣ ਉਹ ਇਕੱਲੀ ਧੁਰੀ ਨਹੀਂ। ਉਹ ਪਰਿਵਾਰ ਦੀ ਸਾਥੀ, ਫ਼ੈਸਲਾ ਲੈਣ ਵਾਲੀ, ਕਮਾਉਣ ਵਾਲੀ, ਸੰਭਾਲ ਕਰਨ ਵਾਲੀ ਅਤੇ ਨਵੀਂ ਪੀੜ੍ਹੀ ਦੀ ਮਾਰਗਦਰਸ਼ਕ ਹੈ। ਬਦਲਦੇ ਪਰਿਵਾਰਕ ਰਿਸ਼ਤਿਆਂ ਵਿੱਚ ਉਸ ਦੀ ਭੂਮਿਕਾ ਹੋਰ ਵੀ ਵਿਸ਼ਾਲ ਅਤੇ ਅਰਥਪੂਰਨ ਹੋ ਗਈ ਹੈ। ਲੋੜ ਇਸ ਗੱਲ ਦੀ ਹੈ ਕਿ ਸਮਾਜ ਉਸ ਦੇ ਯੋਗਦਾਨ ਨੂੰ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਬਰਾਬਰੀ, ਸਤਿਕਾਰ ਅਤੇ ਸਹਿਯੋਗ ਨਾਲ ਮਾਨਤਾ ਦੇਵੇ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਮੌੜ ਮੰਡੀ (ਬਠਿੰਡਾ)
ਰਮਨਦੀਪ ਕੌਰ ਮਾਨ