Punjab
Patiala News: ਪਟਿਆਲਾ ਦੇ ਸੁਨਿਆਰਹੇੜੀ ’ਚ ਸਨੌਰ ਸੂਆ ਟੁੱਟਣ ਨਾਲ 100 ਏਕੜ ਝੋਨੇ ਦੀ ਫਸਲ ਪਾਣੀ ’ਚ ਡੁੱਬੀ
ਕਿਸਾਨਾਂ ਬੋਲੇ, ਘਟਨਾ ਨੂੰ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਬਾਵਜੂਦ ਸੂਏ ਦੀ ਪੱਕੀ ਮੁਰੰਮਤ ਨਹੀਂ ਹੋਈ
Patiala News: ਪਟਿਆਲਾ (ਸੱਚ ਕਹੂੰ ਨਿਊਜ਼/ਹਿੰ.ਸ.)। ਪਟਿਆਲਾ ਜ਼ਿਲ੍ਹੇ ਦੇ ਪਿੰਡ ਸੁਨਿਆਰਹੇੜੀ ’ਚ ਸਨੌਰ ਸੂਆ ਟੁੱਟਣ ਕਾਰਨ ਕਰੀਬ 100 ਏਕੜ ’ਚ ਲੱਗੀ ਝੋਨੇ ਦੀ ਫਸਲ ਪਾਣੀ ’ਚ ਡੁੱਬ ਗਈ ਹੈ। ਕਿਸਾਨਾਂ ਨੇ ਨਹਿਰੀ ਵਿਭਾਗ ’ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਵਿਭਾਗ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨਾਂ ਮੁਤਾਬਕ ਸੂਆ ਟੁੱਟਣ ਤੋਂ ਬਾਅਦ ਵੱਡੀ ਮਾਤਰਾ ’ਚ ਪਾਣੀ ਖੇਤਾਂ ’ਚ ਦਾਖ਼ਲ ਹੋ ਗਿਆ। ਸੂਚਨਾ ਮਿਲਣ ’ਤੇ ਨਹਿਰੀ ਵਿਭਾਗ ਦੇ ਸਿਰਫ਼ ਦੋ ਬੇਲਦਾਰ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਮਿੱਟੀ ਨਾਲ ਭਰੀਆਂ ਬੋਰੀਆਂ ਲਾ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਕੋਸ਼ਿਸ਼ ਨਾਕਾਮ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਘਟਨਾ ਨੂੰ 24 ਘੰਟਿਆਂ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੂਏ ਦੀ ਪੱਕੀ ਮੁਰੰਮਤ ਨਹੀਂ ਕੀਤੀ ਗਈ।
ਇਹ ਖਬਰ ਵੀ ਪੜ੍ਹੋ : Raksha Bandhan 2026: ਡਾਕ ਵਿਭਾਗ ਨੇ ਡਾਕਘਰਾਂ 'ਚ ਰੱਖੜੀ ਬੁਕਿੰਗ ਲਈ ਕੀਤੀ ਵਿਸ਼ੇਸ਼ ਵਿਵਸਥਾ
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੂਆ ਪਹਿਲਾਂ ਵੀ ਦੋ ਵਾਰ ਟੁੱਟ ਚੁੱਕਾ ਹੈ। ਇਸ ਬਾਵਜੂਦ ਨਹਿਰੀ ਵਿਭਾਗ ਵੱਲੋਂ ਇਸ ਦੀ ਸਥਾਈ ਮੁਰੰਮਤ ਵੱਲ ਕੋਈ ਢੁਕਵਾਂ ਧਿਆਨ ਨਹੀਂ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸੂਏ ਦੀ ਮੁਰੰਮਤ ਕਰ ਦਿੱਤੀ ਜਾਂਦੀ ਤਾਂ ਫਸਲ ਦੇ ਹੋਏ ਇਸ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਦੂਜੇ ਪਾਸੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਵਾਰ ਪਾਣੀ ਬੰਦ ਕਰਵਾਇਆ ਗਿਆ ਸੀ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਰਾਤ ਸਮੇਂ ਕਿਸੇ ਅਣਪਛਾਤੇ ਵਿਅਕਤੀ ਨੇ ਸੂਏ ਦੇ ਫੱਟੇ ਮੁੜ ਖੋਲ੍ਹ ਦਿੱਤੇ, ਜਿਸ ਕਾਰਨ ਪਾਣੀ ਦੁਬਾਰਾ ਖੇਤਾਂ ਵੱਲ ਵਹਿ ਗਿਆ। ਕਿਸਾਨਾਂ ਨੇ ਵਿਭਾਗ ਦੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਵਿਭਾਗ ਦੀ ਜਾਣਕਾਰੀ ਤੋਂ ਬਿਨਾਂ ਅਜਿਹਾ ਹੋਣਾ ਸੰਭਵ ਨਹੀਂ ਹੈ। ਪ੍ਰਭਾਵਿਤ ਕਿਸਾਨਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ, ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਤੇ ਪਾਣੀ ’ਚ ਡੁੱਬ ਕੇ ਖਰਾਬ ਹੋਈ ਝੋਨੇ ਦੀ ਫਸਲ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। Patiala News