Crime News: ਜਾਇਦਾਦ ਵਿਵਾਦ ’ਚ ਅਪਾਹਜ ਭਰਾ ਦਾ ਕਤਲ, ਪਤੀ-ਪਤਨੀ ਗ੍ਰਿਫ਼ਤਾਰ
ਪੰਜਾਬ ਦੇ ਜਲੰਧਰ ’ਚ ਵਾਪਰਿਆ ਭਿਆਨਕ ਹਾਦਸਾ
ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। ਥਾਣਾ ਸਦਰ ਪੁਲਿਸ ਨੇ ਕਤਲ ਦੇ ਇੱਕ ਮਾਮਲੇ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਰੇਲੂ ਜਾਇਦਾਦ ਦੀ ਵੰਡ ਨੂੰ ਲੈ ਕੇ ਹੋਏ ਵਿਵਾਦ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਹੀ 35 ਸਾਲਾ ਅਪਾਹਜ ਛੋਟੇ ਭਰਾ ਦਾ ਕਤਲ ਕਰ ਦਿੱਤਾ। ਪੁਲਿਸ ਨੇ ਵਾਰਦਾਤ +ਚ ਵਰਤਿਆ ਗਿਆ ਸਾਮਾਨ ਵੀ ਬਰਾਮਦ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ-2 ਮਾਧਵੀ ਸ਼ਰਮਾ ਨੇ ਦੱਸਿਆ ਕਿ ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਤੇ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ। ਇਹ ਘਟਨਾ ਜਲੰਧਰ ਦੇ ਧਰਮਪੁਰਾ ਆਬਾਦੀ (ਖਾਂਬੜਾ) ਇਲਾਕੇ ਦੀ ਹੈ। ਇੱਥੇ ਰਹਿਣ ਵਾਲੇ ਸੋਹਾਂਗ ਉਰਫ਼ ਭੋਲਾ, ਪੁੱਤਰ ਸਵਰਗੀ ਪ੍ਰੀਤਮ ਦਾਸ, ਦਾ ਆਪਣੇ 35 ਸਾਲਾ ਅਪਾਹਜ ਛੋਟੇ ਭਰਾ ਟਹਿਲ ਦਾਸ ਨਾਲ ਘਰੇਲੂ ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਵਿਵਾਦ ਦੇ ਚਲਦਿਆਂ ਸੋਹਾਂਗ ਨੇ ਆਪਣੀ ਪਤਨੀ ਕਮਲਜੀਤ ਕੌਰ ਨਾਲ ਮਿਲ ਕੇ ਟਹਿਲ ਦਾਸ ’ਤੇ ਤੇਜ਼ਧਾਰ ਹਥਿਆਰ, ਡੰਡੇ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਟਹਿਲ ਦਾਸ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਟਹਿਲ ਦਾਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਮਾਤਾ ਹਰਬੰਸ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ’ਚ ਮੁਲਜ਼ਮ ਸੋਹਾਂਗ ਉਰਫ਼ ਭੋਲਾ ਤੇ ਉਸ ਦੀ ਪਤਨੀ ਕਮਲਜੀਤ ਕੌਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਮਾਮਲਾ ਦਰਜ ਹੋਣ ਤੋਂ ਬਾਅਦ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤੁਰੰਤ ਛਾਪੇਮਾਰੀ ਸ਼ੁਰੂ ਕੀਤੀ ਤੇ 24 ਘੰਟਿਆਂ ਦੇ ਅੰਦਰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਖੂਨ ਨਾਲ ਲਿਬੜਿਆ ਇੱਕ ਡੰਡਾ, ਇੱਕ ਟੁੱਟੀ ਹੋਈ ਕਰਦ (ਤੇਜ਼ਧਾਰ ਹਥਿਆਰ), ਖੂਨ ਨਾਲ ਲਿਬੜੀ ਸੀਮੈਂਟ ਦੀ ਇੱਕ ਇੱਟ ਤੇ ਇੱਕ ਆਟੋ ਰਿਕਸ਼ਾ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ। Crime News
ਇਹ ਵੀ ਪੜ੍ਹੋ : Respiratory Health: ਸਾਹ ਦੀ ਸਿਹਤ ਦਾ ਰੱਖੋ ਧਿਆਨ, ਧੂੜ ਤੇ ਧੂੰਏਂ ਤੋਂ ਬਚਾਅ ਨਾਲ ਅਪਣਾਓ ਇਹ ਸੌਖੇ ਤਰੀਕੇ