Mobile Recharge Online: ਮੋਬਾਇਲ ਰੀਚਾਰਜ਼ ਕਰਨ ’ਤੇ ਵੱਡੀ ਰਾਹਤ, ਹੁਣ ਨਹੀਂ ਦੇਣਾ ਪਵੇਗਾ ਫਾਲਤੂ ਦੇ ਡਾਟਾ ਦਾ ਪੈਸਾ
Mobile Recharge Online: ਮੋਬਾਇਲ ਉਪਭੋਗਤਾਵਾਂ ਨੂੰ ਮਿਲੇਗਾ ਸਸਤਾ ਕਾਲ-ਐੱਸਐੱਮਐੱਸ ਰੀਚਾਰਜ ਪਲਾਨ
Mobile Recharge Online: ਨਵੀਂ ਦਿੱਲੀ (ਏਜੰਸੀ)। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ ਮੋਬਾਇਲ ਉਪਭੋਗਤਾਵਾਂ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਟ੍ਰਾਈ ਨੇ ਟੈਲੀਕਾਮ ਖਪਤਕਾਰ ਸੁਰੱਖਿਆ (ਤੇਰ੍ਹਵਾਂ ਸੋਧ) ਨਿਯਮ, 2026 ਜਾਰੀ ਕੀਤਾ ਹੈ। ਇਸ ਨਵੇਂ ਨਿਯਮ ਦੇ ਤਹਿਤ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਹੁਣ ਅਜਿਹੇ ਰੀਚਾਰਜ ਪਲਾਨ ਪੇਸ਼ ਕਰਨ ਦੀ ਲੋੜ ਹੋਵੇਗੀ, ਜਿਨ੍ਹਾਂ ਵਿੱਚ ਸਿਰਫ਼ ਕਾਲਿੰਗ ਅਤੇ ਐੱਸਐੱਮਐੱਸ ਸੇਵਾਵਾਂ ਸ਼ਾਮਲ ਹਨ, ਭਾਵ ਉਨ੍ਹਾਂ ਵਿੱਚ ਡੇਟਾ ਸ਼ਾਮਲ ਨਹੀਂ ਹੋਵੇਗਾ।
ਟ੍ਰਾਈ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੇ ਪਲਾਨ ਸੀਮਤ ਗਿਣਤੀਆਂ ਵਿੱਚ ਉਪਲਬਧ ਸਨ, ਖਾਸ ਕਰਕੇ ਘੱਟ ਵੈਲਡਿਟੀ ਵਾਲੇ। ਇਸ ਲਈ ਇਹ ਨਵਾਂ ਫੈਸਲਾ ਲਿਆ ਗਿਆ ਹੈ। ਨਵੇਂ ਨਿਯਮ ਅਨੁਸਾਰ ਕੰਪਨੀਆਂ ਨੂੰ ਉਨ੍ਹਾਂ ਗਾਹਕਾਂ ਲਈ ਵਾਇਸ ਅਤੇ ਐੱਸਐੱਮਐੱਸ ਪਲਾਨ ਪੇਸ਼ ਕਰਨ ਦੀ ਲੋੜ ਹੋਵੇਗੀ, ਜਿਨ੍ਹਾਂ ਨੂੰ 30 ਦਿਨ ਜਾਂ ਇਸ ਤੋਂ ਘੱਟ ਦੀ ਵੈਲਡਿਟੀ ਵਾਲੇ ਰੀਚਾਰਜ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਕੰਪਨੀਆਂ ਨੂੰ ਗਾਹਕਾਂ ਨੂੰ ਹਰ ਮਹੀਨੇ ਇੱਕ ਨਿਸ਼ਚਿਤ ਮਿਤੀ ’ਤੇ ਆਪਣੇ ਰੀਚਾਰਜ ਰੀਨਿਊ ਕਰਨ ਦਾ ਬਦਲ ਪ੍ਰਦਾਨ ਕਰਨ ਦੀ ਲੋੜ ਹੋਵੇਗੀ।
Read Also : ਕਾਂਤਾ ਗੋਇਲ ਦੀ ਮੌਜ਼ੂਦਗੀ ’ਚ ਸਫਾਈ ਸੇਵਕਾਂ ਦੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਇਸ ਨਾਲ ਗਾਹਕਾਂ ਨੂੰ ਵੱਖ-ਵੱਖ ਤਾਰੀਖਾਂ ’ਤੇ ਵਾਰ-ਵਾਰ ਰੀਚਾਰਜ ਕਰਨ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ। ਇੰਨਾ ਹੀ ਨਹੀਂ, ਹਰ ਕੰਪਨੀ ਨੂੰ ਆਪਣੇ ਗਾਹਕਾਂ ਨੂੰ 30 ਦਿਨਾਂ ਤੋਂ ਵੱਧ ਦੀ ਵੈਲਡਿਟੀ ਵਾਲਾ ਘੱਟੋ-ਘੱਟ ਇੱਕ ਵਾਇਸ-ਐੱਸਐੱਮਐੱਸ ਓਨਲੀ ਪਲਾਨ ਵੀ ਪੇਸ਼ ਕਰਨਾ ਪਵੇਗਾ। ਇਸ ਦਾ ਮਤਲਬ ਹੈ ਕਿ ਲੰਬੀ ਵੈਲਡਿਟੀ ਦੀ ਮੰਗ ਕਰਨ ਵਾਲੇ ਗਾਹਕਾਂ ਕੋਲ ਇੱਕ ਗੈਰ-ਡਾਟਾ ਬਦਲ ਵੀ ਹੋਵੇਗਾ। ਟ੍ਰਾਈ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਪਲਾਨਾਂ ਦੀਆਂ ਕੀਮਤਾਂ ਨੂੰ ਢੁਕਵੇਂ ਢੰਗ ਨਾਲ ਘਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਡਾਟਾ ਪਲਾਨਾਂ ਨਾਲੋਂ ਸਸਤੇ ਹੋਣ।
ਇਸ ਫੈਸਲੇ ਨਾਲ ਉਨ੍ਹਾਂ ਗਾਹਕਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ, ਜੋ ਮੋਬਾਇਲ ਡਾਟਾ ਦੀ ਵਰਤੋਂ ਨਹੀਂ ਕਰਦੇ ਜਾਂ ਬਹੁਤ ਘੱਟ ਕਰਦੇ ਹਨ। ਇਹ ਖਾਸ ਤੌਰ ’ਤੇ ਬਜ਼ੁਰਗ ਉਪਭੋਗਤਾਵਾਂ ਅਤੇ ਘੱਟ ਆਮਦਨ ਵਾਲੇ ਗਾਹਕਾਂ ਲਈ ਰਾਹਤ ਹੈ, ਕਿਉਂਕਿ ਉਨ੍ਹਾਂ ਨੂੰ ਹੁਣ ਬੇਲੋੜੇ ਮਹਿੰਗੇ ਡਾਟਾ ਪਲਾਨ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ। ਉਹ ਆਪਣੀਆਂ ਜ਼ਰੂਰਤਾਂ ਅਤੇ ਬਜਟ ਦੇ ਅਨੁਸਾਰ ਸਹੀ ਪਲਾਨ ਚੁਣ ਸਕਣਗੇ। ਟ੍ਰਾਈ ਨੇ ਕਿਹਾ ਕਿ ਇਸ ਨਿਯਮ ਦੇ ਖਰੜੇ ’ਤੇ ਜਨਤਾ ਤੋਂ ਕੁੱਲ 1,132 ਜਵਾਬ ਪ੍ਰਾਪਤ ਹੋਏ ਹਨ, ਜਿਸ ਦੇ ਅਧਾਰ ’ਤੇ ਇਹ ਅੰਤਿਮ ਫੈਸਲਾ ਲਿਆ ਗਿਆ ਹੈ।