Wheat Sowing Methods: ਪਰਾਲੀ ਵਾਲੇ ਖੇਤਾਂ ’ਚ ਕਣਕ ਬੀਜਣ ਦੇ ਵੱਖ-ਵੱਖ ਤਰੀਕੇ

ਪਰਾਲੀ ਵਾਲੇ ਖੇਤਾਂ ’ਚ ਕਣਕ ਬੀਜਣ ਦੇ ਵੱਖ-ਵੱਖ ਤਰੀਕੇ

Khushdeep Singh Picture
Published On

ਤਜਰਬੇ ਇਹ ਦੱਸਦੇ ਹਨ ਕਿ ਝੋਨੇ-ਕਣਕ ਫਸਲੀ ਚੱਕਰ ਵਿੱਚ ਝੋਨੇ ਦੀ ਪਰਾਲੀ ਲਗਾਤਾਰ ਤਿੰਨ ਸਾਲ ਲਈ ਖੇਤ ਵਿਚ ਵਾਹੁਣ ਜਾਂ ਰੱਖਣ ਨਾਲ ਕਣਕ ਦਾ ਝਾੜ ਵਧਦਾ ਹੈ, ਜ਼ਮੀਨ ਦੀ ਸਿਹਤ ਸੁਧਰਦੀ ਹੈ ਤੇ ਖਾਦਾਂ ਦੀ ਵਰਤੋਂ ਵੀ ਘਟਦੀ ਹੈ। ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਲਈ ‘ਹੈਪੀ ਸੀਡਰ’ ਜਾਂ ‘ਸੁਪਰ ਸੀਡਰ ਜਾਂ ਪੀਏਯੂ ਸਮਾਰਟ ਸੀਡਰ ਜਾਂ ‘ਪੀਏਯੂ. ਸਰਫੇਸ ਸੀਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਤੋਂ ਪਹਿਲਾਂ ਕੰਬਾਈਨ ਵਿੱਚੋਂ ਡਿੱਗੀ ਪਰਾਲੀ ਨੂੰ ਇੱਕਸਾਰ ਖਿਲਾਰਨਾ ਪੈਂਦਾ ਹੈ। ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਦੇ ਢੰਗ

ਸੁਪਰ ਸੀਡਰ ਨਾਲ ਬਿਜਾਈ | Wheat Sowing Methods

ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿੱਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਪਰ ਸੀਡਰ ਮਸ਼ੀਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਨਾਲ ਕਣਕ ਦੀ ਬਿਜਾਈ ਬਿਨਾਂ ਪਰਾਲੀ ਸਾੜੇ ਹੋ ਜਾਂਦੀ ਹੈ। ਇਹ ਮਸ਼ੀਨ ਡਰਿੱਲ ਨਾਲ ਬਿਜਾਈ ਕਰਨ ਵੇਲੇ ਪਰਾਲੀ ਨੂੰ ਕੁਤਰ ਕੇ ਮਿੱਟੀ ਵਿਚ ਮਿਲਾ ਦਿੰਦੀ ਹੈ ਅਤੇ ਨਾਲ ਹੀ ਬੀਜ ਪੋਰ ਦਿੰਦੀ ਹੈ। ਇਹ ਮਸ਼ੀਨ 55- 65 ਹਾਰਸ ਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ।

ਹੈਪੀ ਸੀਡਰ ਨਾਲ ਬਿਜਾਈ | Wheat Sowing Methods

ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਲਈ ਯੂਨੀਵਰਸਿਟੀ ਵੱਲੋਂ ਹੈਪੀ ਸੀਡਰ ਨਾਂਅ ਦੀ ਮਸ਼ੀਨ ਵਿਕਸਿਤ ਕੀਤੀ ਗਈ ਹੈ। ਇਸ ਨਾਲ ਕਣਕ ਦੀ ਬਿਜਾਈ ਬਿਨਾਂ ਪਰਾਲੀ ਸਾੜੇ ਹੋ ਜਾਂਦੀ ਹੈ। ਇਸ ਮਸ਼ੀਨ ਵਿੱਚ ਫਲੇਲ ਕਿਸਮ ਦੇ ਬਲੇਡ ਲੱਗੇ ਹੋਏ ਹਨ ਜੋ ਕਿ ਡਰਿੱਲ ਨਾਲ ਬਿਜਾਈ ਕਰਨ ਵਾਲੇ ਫਾਲੇ ਦੇ ਸਾਜਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਤੇ ਪਿੱਛੇ ਵੱਲ ਧੱਕਦੇ ਹਨ, ਜਿਸ ਨਾਲ ਮਸ਼ੀਨ ਦੇ ਫਾਲਿਆਂ ਵਿੱਚ ਪਰਾਲੀ ਨਹੀਂ ਫਸਦੀ ਤੇ ਬੀਜ ਸਹੀ ਤਰੀਕੇ ਨਾਲ ਪੋਰਿਆ ਜਾਂਦਾ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਝੋਨੇ ਦਾ ਪੂਰਾ ਪਰਾਲ ਮਲਚ ਦੇ ਰੂਪ ਵਿੱਚ ਸਿਆੜਾਂ ਵਿਚਕਾਰ ਪਿਆ ਹੋਣ ਕਰਕੇ ਨਦੀਨ ਘਟ ਜੰਮਦੇ ਹਨ, ਜਿਸ ਨਾਲ ਨਦੀਨ ਨਾਸ਼ਕਾਂ ਤੇ ਹੋਣ ਵਾਲਾ ਖਰਚਾ ਵੀ ਘੱਟ ਜਾਂਦਾ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਬਿਜਾਈ ਤੋਂ ਪਹਿਲਾਂ ਰੌਣੀ ਲਈ ਵਰਤਣ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ, ਧਰਤੀ ਵਿਚ ਖੁਰਾਕੀ ਤੇ ਜੈਵਿਕ ਸੁਧਾਰ ਹੁੰਦਾ ਹੈ, ਪਰਾਲੀ ਨੂੰ ਸਾੜਨ ਤੋਂ ਪੈਦਾ ਹੋਣ ਵਾਲੇ ਧੂੰਏ ਤੋਂ ਮੁਕਤੀ ਮਿਲਦੀ ਹੈ ਤੇ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ।

ਇਹ ਵੀ ਪੜ੍ਹੋ : Agriculture News: ਸਰਦ ਰੁੱਤ ਦੀਆਂ ਸਬਜ਼ੀਆਂ ਦੀ ਬਿਜਾਈ ਲਈ ਢੁਕਵਾਂ ਸਮਾਂ

ਪੀਏਯੂ ਸਮਾਰਟ ਸੀਡਰ ਨਾਲ ਬਿਜਾਈ

ਖੇਤ ਵਿੱਚ ਪਰਾਲੀ ਦੇ ਪ੍ਰਬੰਧਨ ਤਹਿਤ ਤਿਆਰ ਕੀਤੀ ਇਸ ਮਸ਼ੀਨ ਵਿੱਚ ਹੈਪੀ ਸੀਡਰ ਅਤੇ ਸੁਪਰ ਸੀਡਰ ਦੋਵਾਂ ਦੇ ਗੁਣ ਹਨ। ਇਸ ਦੀ ਵਰਤੋਂ ਨਾਲ ਖੇਤ ਦੀ ਪਰਾਲੀ ਖੇਤ ਵਿੱਚ ਹੀ ਰਹਿੰਦੀ ਹੈ, ਕਣਕ ਦਾ ਜੰਮ ਵਧੀਆ ਹੁੰਦਾ ਹੈ ਤੇ ਜਲਦੀ ਦਿਸਣ ਲੱਗ ਜਾਂਦਾ ਹੈ। ਇਹ ਮਸ਼ੀਨ 45-50 ਹਾਰਸ ਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ। ਬਿਜਾਈ ਉਪਰੰਤ ਬੀਜ ਨੂੰ ਰੋਲਰ ਫੇਰ ਕੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ। ਪੀਏਯੂ ਸਮਾਰਟ ਸੀਡਰ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਹੋ ਜਾਂਦੀ ਹੈ। Wheat Sowing Methods

ਸਰਵੇਸ ਸੀਡਿੰਗ-ਕਮ-ਮਲਚਿੰਗ ਤਕਨੀਕ ਨਾਲ ਬਿਜਾਈ

ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾਂਭਣ ਦੀ ਇਹ ਸਸਤੀ ਤੇ ਸੌਖੀ ਤਕਨੀਕ ਹੈ। ਇਸ ਤਕਨੀਕ ਨਾਲ ਬੀਜੀ ਗਈ ਕਣਕ ਦੇ ਪੂਰੇ ਖੇਤ ਵਿੱਚ ਪਰਾਲੀ ਪਈ ਹੋਣ ਕਰਕੇ ਨਦੀਨ ਵੀ ਘੱਟ ਉੱਗਦੇ ਹਨ। ਇਸ ਤਕਨੀਕ ਵਿਚ ਕੰਬਾਈਨ ਨਾਲ ਝੋਨਾ ਵੱਢਣ ਤੋਂ ਬਾਅਦ ਕਣਕ ਦੇ ਬੀਜ ਤੇ ਮੁੱਢਲੀ ਖਾਦ ਦਾ ਇੱਕਸਾਰ ਛੱਟਾ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਖੜ੍ਹੇ ਮੁੱਢਾਂ ਨੂੰ ਕੱਟਣ ਲਈ ਇੱਕ ਵਾਰ 4-5 ਇੰਚ ਉੱਚਾ ਰੱਖ ਕੇ ਕਟਰ-ਕਮ-ਸਪਰੈਡਰ ਚਲਾ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਪਾਣੀ ਲਾ ਦਿੱਤਾ ਜਾਂਦਾ ਹੈ। ਬਿਜਾਈ ਲਈ 45 ਕਿਲੋ ਸੋਧਿਆ ਹੋਇਆ ਬੀਜ ਤੇ 55 ਕਿੱਲੋ ਡੀਏਪੀ ਖਾਦ ਪ੍ਰਤੀ ਏਕੜ ਵਰਤੀ ਜਾਂਦੀ ਹੈ। 

ਪਰਾਲੀ ਦਾ ਕੁਤਰਾ ਕਰਕੇ ਖੇਤ ’ਚ ਮਿਲਾਉਣਾ

ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਖਿਲਾਰਨ ਲਈ ਪਰਾਲੀ ਵਾਲਾ ਚੌਪਰ/ਮਲਚਰ ਵਰਤਿਆ ਜਾਂਦਾ ਹੈ। ਇਹ ਮਸ਼ੀਨ 50-60 ਹਾਰਸ ਪਾਵਰ ਦੇ ਟਰੈਕਟਰ ਨਾਲ ਇੱਕ ਦਿਨ ਵਿੱਚ 6-8 ਏਕੜ ਪਰਾਲੀ ਦਾ ਕੁਤਰਾ ਕਰ ਸਕਦੀ ਹੈ। ਇਸ ਕੁਤਰੀ ਹੋਈ ਪਰਾਲੀ ਨੂੰ ਦੋ ਤਰੀਕਿਆਂ ਨਾਲ ਖੇਤ ’ਚ ਮਿਲਾਇਆ ਜਾ ਸਕਦਾ ਹੈ। ਪਹਿਲੇ ਤਰੀਕੇ ਵਿਚ ਚੋਪਰ ਨਾਲ ਪਰਾਲੀ ਨੂੰ ਕੁਤਰ ਕੇ ਖੇਤ ਨੂੰ ਹਲਕਾ ਪਾਣੀ ਲਾ ਕੇ ਰੋਟਾਵੇਟਰ ਨਾਲ ਜ਼ਮੀਨ ਵਿੱਚ ਮਿਲਾਇਆ ਜਾ ਸਕਦਾ ਹੈ। ਦੁੂਸਰੇ ਤਰੀਕੇ ਵਿਚ ਐੱਮਬੀ ਪਲਾਓ (ਉਲਟਾਵੇਂ ਹਲ) ਨਾਲ ਕੁਤਰੀ ਹੋਈ ਪਰਾਲੀ ਨੂੰ ਵੱਤਰ ਨਮੀ ਤੇ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਇਹ ਹਲ ਦੋ ਕਿਸਮ ਦੇ ਹੁੰਦੇ ਹਨ: ਫਿਕਸ ਅਤੇ ਰਿਵਰਸੀਵਲ। ਫਿਕਸ ਕਿਸਮ ਦਾ ਹਲ ਮਿੱਟੀ ਨੂੰ ਇੱਕ ਪਾਸੇ ਪਲਟਦਾ ਹੈ। ਰਿਵਰਸੀਵਲ ਕਿਸਮ ਦੇ ਹਲ ਨਾਲ ਅਗਲੇ ਗੇੜੇ ਵੇਲੇ ਹਲ ਦਾ ਪਾਸਾ ਬਦਲ ਲਿਆ ਜਾਂਦਾ ਹੈ ਅਤੇ ਉਸੇ ਖਾਲੀ ਵਿੱਚ ਚੱਲਦੇ ਹੋਏ ਮਿੱਟੀ ਨੂੰ ਇੱਕੋ ਪਾਸੇ ਸੁੱਟਦੇ ਹਨ। ਇਸ ਨਾਲ ਸਾਰੇ ਖੇਤ ਦਾ ਪੱਧਰ ਖਰਾਬ ਨਹੀਂ ਹੁੰਦਾ।

ਧੰਨਵਾਦ ਸਹਿਤ ‘ਚੰਗੀ ਖੇਤੀ’

About The Author

Related Posts