Ludhiana Central Jail: ਲੁਧਿਆਣਾ ਦੀ ਸੈਂਟਰਲ ਤੇ ਬ੍ਰੋਸਟਲ ਜੇਲ੍ਹ ’ਚ ਨਸ਼ਾ ਸਪਲਾਈ ਨੈੱਟਵਰਕ ਦਾ ਖੁਲਾਸਾ, ਦੋ ਪੈਸਕੋ ਕਰਮਚਾਰੀ ਗ੍ਰਿਫ਼ਤਾਰ
ਸੈਂਟਰਲ ਜੇਲ੍ਹ ’ਚ 170 ਗ੍ਰਾਮ ਹੈਰੋਇਨ ਸਮੇਤ ਨਸ਼ੀਲਾ ਪਦਾਰਥ ਬਰਾਮਦ, ਬ੍ਰੋਸਟਲ ਜੇਲ੍ਹ ’ਚ 30 ਨਸ਼ੀਲੇ ਕੈਪਸੂਲ ਮਿਲੇ
Ludhiana Central Jail: ਲੁਧਿਆਣਾ,(ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੀ ਸੈਂਟਰਲ ਜੇਲ੍ਹ ਅਤੇ ਬ੍ਰੋਸਟਲ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਕਥਿਤ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਦੋਵਾਂ ਜੇਲ੍ਹਾਂ ਵਿੱਚ ਹੋਈ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਸੈਂਟਰਲ ਜੇਲ੍ਹ ਵਿੱਚ 170 ਗ੍ਰਾਮ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥ ਮਿਲੇ, ਜਦਕਿ ਬ੍ਰੋਸਟਲ ਜੇਲ੍ਹ ਵਿੱਚ ਇੱਕ ਬੰਦੀ ਕੋਲੋਂ 30 ਲਾਲ ਰੰਗ ਦੇ ਨਸ਼ੀਲੇ ਕੈਪਸੂਲ ਬਰਾਮਦ ਹੋਏ। ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਕੁੱਲ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਦੋ ਪੈਸਕੋ ਕਰਮਚਾਰੀ ਸ਼ਾਮਲ ਹਨ। ਦੋਵੇਂ ਕਰਮਚਾਰੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Nepal Heavy Snowfall: ਭਾਰੀ ਬਰਫ਼ਬਾਰੀ ਕਾਰਨ ਹਿਲਸਾ ਤੇ ਸਿਮਕੋਟ ਸੜਕ ਬੰਦ, ਚੀਨ ਦੇ ਪੁਰੰਗ ’ਚ ਫਸੇ ਲਗਭਗ 300 ਨੇਪਾਲੀ
ਸੈਂਟਰਲ ਜੇਲ੍ਹ ਲੁਧਿਆਣਾ ਦੇ ਸਹਾਇਕ ਸੁਪਰਿੰਟੈਂਡੈਂਟ ਜਸਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਜੇਲ੍ਹ ਵਿੱਚ ਚੈਕਿੰਗ ਦੌਰਾਨ 170 ਗ੍ਰਾਮ ਹੈਰੋਇਨ, 16 ਗ੍ਰਾਮ ਜ਼ਰਦਾ ਅਤੇ 12.5 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਜਾਂਚ ਦੌਰਾਨ ਪੁਲਿਸ ਵੱਲੋਂ ਪੈਸਕੋ ਕਰਮਚਾਰੀ ਪ੍ਰੀਤਪਾਲ ਸਿੰਘ ’ਤੇ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਜੇਲ੍ਹ ਦੇ ਅੰਦਰ ਲਿਆਉਣ ਅਤੇ ਡਿਊਟੀ ਦੌਰਾਨ ਇਸ ਦੀ ਸਪਲਾਈ ਕਰਨ ਦੇ ਦੋਸ਼ ਲਗਾਏ ਗਏ ਹਨ। ਪ੍ਰੀਤਪਾਲ ਸਿੰਘ ਪਿੰਡ ਸ਼ੇਖਪੁਰ ਖੁਡਾਲ, ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਅਤੇ ਜੇਲ੍ਹ ਵਿੱਚ ਰਹਿ ਕੇ ਡਿਊਟੀ ਕਰਦਾ ਸੀ। ਪੁਲਿਸ ਨੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਸੇ ਦਿਨ ਬ੍ਰੋਸਟਲ ਜੇਲ੍ਹ ਵਿੱਚ ਹੋਈ ਚੈਕਿੰਗ ਦੌਰਾਨ ਬੰਦੀ ਮਨਦੀਪ ਸਿੰਘ ਕੋਲੋਂ 30 ਲਾਲ ਰੰਗ ਦੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ। ਬ੍ਰੋਸਟਲ ਜੇਲ੍ਹ ਦੇ ਹੈੱਡ ਵਾਰਡਰ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਕੈਪਸੂਲ ਉਸ ਨੂੰ ਹਵਾਲਾਤੀ ਟੁੰਨਾ ਕੁਮਾਰ ਵੱਲੋਂ ਲਿਆ ਕੇ ਦਿੱਤੇ ਗਏ ਸਨ। ਜਾਂਚ ਦੌਰਾਨ ਪੈਸਕੋ ਕਰਮਚਾਰੀ ਮੁਹੰਮਦ ਅਰਬਾਜ਼ ਦੀ ਕਥਿਤ ਭੂਮਿਕਾ ਵੀ ਸਾਹਮਣੇ ਆਈ। ਪੁਲਿਸ ਨੇ ਇਸ ਮਾਮਲੇ ਵਿੱਚ ਮਨਦੀਪ ਸਿੰਘ, ਟੁੰਨਾ ਕੁਮਾਰ, ਕੈਦੀ ਸਿਮਰਨ ਸਿੰਘ, ਹਵਾਲਾਤੀ ਸੁਰਜੀਤ ਕੁਮਾਰ ਅਤੇ ਪੈਸਕੋ ਕਰਮਚਾਰੀ ਮੁਹੰਮਦ ਅਰਬਾਜ਼ ਨੂੰ ਨਾਮਜ਼ਦ ਕੀਤਾ ਹੈ। ਅਰਬਾਜ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।