BJP Punjab: ਨਸ਼ਾ ਪੀੜਤ ਪਰਿਵਾਰਾਂ ਦੀ ਪੁਕਾਰ, ਸਾਨੂੰ ਨਹੀਂ ਚਾਹੀਦੀਆਂ ਮੁਫ਼ਤ ਸਕੀਮਾਂ, ਨਸ਼ਾ ਤਸਕਰਾਂ ਨੂੰ ਬਚਾਉਣ ਦੀ ਥਾਂ ਕਾਰਵਾਈ ਕਰੇ ਸਰਕਾਰ
ਨਸ਼ੇ ਨਾਲ ਉੱਜੜੇ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਪੁਲਿਸ ’ਤੇ ਲਾਏ ਗੰਭੀਰ ਦੋਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਸਰਕਾਰ ਦੀਆਂ ਵੱਡੀਆਂ ਕਾਰਵਾਈਆਂ ਦੇ ਦਾਅਵਿਆਂ ਵਿਚਕਾਰ ਅੱਜ ਉਨ੍ਹਾਂ ਘਰਾਂ ਦਾ ਦਰਦ ਸਾਹਮਣੇ ਆਇਆ, ਜਿਨ੍ਹਾਂ ਦੇ ਪੁੱਤ ਨਸ਼ੇ ਨੇ ਖੋਹ ਲਏ ਹਨ ਤੇ ਜਿਨ੍ਹਾਂ ਨੇ ਨਸ਼ਾ ਤਸਕਰਾਂ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੌਜਵਾਨਾਂ ਨੂੰ ਹੀ ਕਤਲ ਕਰਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ ਪਰ ਪੰਜਾਬ ਪੁਲਿਸ ਇਸ ਮਾਮਲੇ ’ਚ ਕਾਰਵਾਈ ਕਰਨ ਦੀ ਥਾਂ ’ਤੇ ਪੀੜਤ ਪਰਿਵਾਰਾਂ ’ਤੇ ਹੀ ਦਬਾਅ ਬਣਾਉਣ ਦਾ ਕੰਮ ਕਰ ਰਹੀ ਹੈ।
ਪੰਜਾਬ ਭਾਜਪਾ ਵੱਲੋਂ ‘ਜਵਾਬ ਮੰਗਦੀਆਂ ਮਾਵਾਂ’ ਦੇ ਬੈਨਰ ਹੇਠ ਕਰਵਾਈ ਪ੍ਰੈੱਸ ਕਾਨਫ਼ਰੰਸ ’ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਰੀਬ 50 ਨਸ਼ਾ ਪੀੜਤ ਪਰਿਵਾਰਾਂ ਨੇ ਆਪਣੀਆਂ ਹੱਡਬੀਤੀਆਂ ਸੁਣਾਉਂਦੇ ਹੋਏ ਸਾਰਾ ਮਾਹੌਲ ਹੀ ਭਾਵੁਕ ਕਰ ਦਿੱਤਾ। ਮੌਕੇ ’ਤੇ ਅੱਧੀ ਦਰਜ਼ਨ ਮਾਂਵਾਂ ਨੇ ਪੁੱਤ ਗੁਆਉਣ ਦਾ ਦਰਦ ਬਿਆਨ ਕੀਤਾ, ਕਈ ਪਰਿਵਾਰਾਂ ਨੇ ਪੁਲਿਸ ’ਤੇ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਤੇ ਕਿਸੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਅਜੇ ਵੀ ਨਸ਼ੇ ਦੀ ਲਪੇਟ ’ਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ।
ਪ੍ਰੈੱਸ ਕਾਨਫ਼ਰੰਸ ’ਚ ਮੰਚ ’ਤੇ ਦਰਜਨਾਂ ਕੁਰਸੀਆਂ ਖਾਲੀ ਰੱਖੀਆਂ ਗਈਆਂ ਸਨ। ਇਨ੍ਹਾਂ ਕੁਰਸੀਆਂ ’ਤੇ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਨਾਲ ਸਬੰਧਿਤ ਖ਼ਬਰਾਂ ਰੱਖੀਆਂ ਗਈਆਂ। ਇਹ ਤਸਵੀਰ ਉਸ ਪੰਜਾਬ ਦੀ ਸੀ, ਜਿੱਥੇ ਕਈ ਘਰਾਂ ’ਚ ਪੁੱਤਾਂ ਦੀ ਥਾਂ ਹੁਣ ਉਨ੍ਹਾਂ ਦੀਆਂ ਤਸਵੀਰਾਂ ਰਹਿ ਗਈਆਂ ਹਨ।
ਅਬੋਹਰ ਦੇ ਇੱਕ ਪਿੰਡ ਤੋਂ ਆਈ ਨਸ਼ੇ ਨਾਲ ਆਪਣੇ ਪੁੱਤ ਨੂੰ ਗੁਆਉਣ ਵਾਲੀ ਮਾਂ ਨੇ ਕਿਹਾ ਕਿ ਨਾ ਮੈਨੂੰ ਮੁਫ਼ਤ ਆਟਾ-ਦਾਲ ਚਾਹੀਦਾ ਹੈ, ਨਾ ਮੁਫ਼ਤ ਯਾਤਰਾ ਤੇ ਨਾ ਮੁਫ਼ਤ ਬਿਜਲੀ। ਅਸੀਂ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸੀ। ਸਾਨੂੰ ਮੁਫ਼ਤ ਸਕੀਮਾਂ ਨਹੀਂ, ਚਿੱਟੇ ਤੋਂ ਛੁਟਕਾਰਾ ਚਾਹੀਦਾ ਹੈ। ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਐਲਾਨਾਂ ਤੋਂ ਵੱਧ ਆਪਣੇ ਬੱਚਿਆਂ ਦੀ ਜ਼ਿੰਦਗੀ ਤੇ ਮਰੇ ਹੋਏ ਪਰਿਵਾਰਕ ਮੈਂਬਰਾਂ ਲਈ ਇਨਸਾਫ਼ ਚਾਹੀਦਾ ਹੈ।
ਅਬੋਹਰ ਤੋਂ ਪਹੁੰਚੀ ਇੱਕ ਲੜਕੀ ਨੇ ਪੁਲਿਸ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਆਪਣੇ ਭਰਾ ਦੇ ਨਸ਼ਾ ਕਰਨ ਤੇ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਉਸ ਦੇ ਮੁਤਾਬਿਕ ਜਦੋਂ ਉਸ ਨੇ ਪੁਲਿਸ ਦੇ 100 ਨੰਬਰ ’ਤੇ ਫੋਨ ਕੀਤਾ ਤਾਂ ਉਸ ਨੂੰ ਕਿਹਾ ਗਿਆ ਕਿ ਤੁਸੀਂ ਨਸ਼ਾ ਖਰੀਦੋ, ਅਸੀਂ ਮੌਕੇ ’ਤੇ ਜਾ ਕੇ ਫੜਾਂਗੇ। ਲੜਕੀ ਨੇ ਸਵਾਲ ਕੀਤਾ ਕਿ ਜਦੋਂ ਪੁਲਿਸ ਨੂੰ ਪਹਿਲਾਂ ਹੀ ਪਤਾ ਦਿੱਤਾ ਗਿਆ ਸੀ ਕਿ ਨਸ਼ਾ ਕਿੱਥੇ ਵਿਕ ਰਿਹਾ ਹੈ ਤਾਂ ਇੱਕ ਆਮ ਪਰਿਵਾਰ ਨੂੰ ਖੁਦ ਨਸ਼ਾ ਖਰੀਦਣ ਤੇ ਤਸਕਰਾਂ ਦਾ ਸਾਹਮਣਾ ਕਰਨ ਲਈ ਕਿਉਂ ਕਿਹਾ ਗਿਆ?
ਉਸ ਦੀ ਮਾਂ ਨੇ ਆਪਣੇ ਇਕਲੌਤੇ ਪੁੱਤਰ ਦੀ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਨੂੰ ਸੜਕ ਕਿਨਾਰੇ ਬੁਰੀ ਤਰ੍ਹਾਂ ਮਾਰ ਕੇ ਸੁੱਟ ਦਿੱਤਾ ਗਿਆ, ਉਹ ਮੇਰਾ ਇਕਲੌਤਾ ਪੁੱਤਰ ਸੀ। ਪੁਲਿਸ ਵਾਲੇ ਕਹਿੰਦੇ ਲਾਸ਼ ਨੂੰ ਚਾਰ ਘੰਟੇ ਨਹੀਂ ਚੁੱਕ ਸਕਦੇ, ਉਨ੍ਹਾਂ ਕੋਲ ਗੱਡੀ ਨਹੀਂ ਹੈ। ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਕਿ ਪੋਸਟਮਾਰਟਮ ਕਰਵਾਉਣ ਦੀ ਥਾਂ ਉਨ੍ਹਾਂ ’ਤੇ ਅੰਤਿਮ ਸਸਕਾਰ ਲਈ ਦਬਾਅ ਪਾਇਆ ਗਿਆ ਤੇ ਅੱਜ ਤੱਕ ਇਨਸਾਫ਼ ਨਹੀਂ ਮਿਲਿਆ।
ਇੱਕ ਹੋਰ ਮਹਿਲਾ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਨਸ਼ਿਆਂ ਦੀ ਲਪੇਟ ’ਚ ਆ ਕੇ ਮਰ ਚੁੱਕੇ ਹਨ। ਹੁਣ ਉਹ ਘਰਾਂ ’ਚ ਝਾੜੂ-ਪੋਚਾ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਮੋਰਿੰਡਾ ਤੋਂ ਆਏ ਵਿਅਕਤੀ ਨੇ ਦੱਸਿਆ ਕਿ ਉਸ ਦਾ ਪੁੱਤਰ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਨਸ਼ੇ ਦੀ ਦਲਦਲ ’ਚ ਫਸ ਗਿਆ।ਇੱਕ ਵਿਅਕਤੀ ਰੋਂਦੇ ਹੋਏ ਦੱਸਣ ਲੱਗਾ ਕਿ ਉਸ ਦਾ 21 ਸਾਲ ਦਾ ਪੁੱਤਰ ਨਸ਼ੇ ਨਾਲ ਤੜਫ਼ ਰਿਹਾ ਹੈ ਤੇ ਹੁਣ ਮੌਤ ਦੀ ਦੁਆ ਮੰਗ ਰਿਹਾ ਹੈ। ਉਸ ਨੇ ਕਿਹਾ ਕਿ ਪੂਰੇ ਪਿੰਡ ਨੂੰ ਪਤਾ ਹੈ ਕਿ ਨਸ਼ਾ ਕਿੱਥੋਂ ਆਉਂਦਾ ਹੈ ਪਰ ਪੁਲਿਸ ਕਾਰਵਾਈ ਨਹੀਂ ਕਰ ਰਹੀ। ਘੜੂੰਆਂ ਤੋਂ ਆਏ ਇੱਕ ਨੌਜਵਾਨ ਨੇ ਖੁਦ ਨਸ਼ਾ ਕਰਨ ਦੀ ਗੱਲ ਕਬੂਲ ਕਰਦਿਆਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ। ਸ਼ਹੀਦ ਭਗਤ ਸਿੰਘ ਨਗਰ ਤੋਂ ਆਏ ਪਰਿਵਾਰ ਨੇ ਵੀ ਪੁਲਿਸ ’ਤੇ ਇਹੋ ਜਿਹਾ ਦੋਸ਼ ਲਾਇਆ ਕਿ ਉਨ੍ਹਾਂ ਨੂੰ ਤਸਕਰ ਫੜਵਾਉਣ ਲਈ ਪਹਿਲਾਂ ਖੁਦ ਨਸ਼ਾ ਖਰੀਦਣ ਲਈ ਕਿਹਾ ਗਿਆ।
ਭਾਜਪਾ ਆਗੂ ਨੇ ਪੁਲਿਸ ਨੂੰ ਘੇਰਦਿਆਂ ਪੁੱਛਿਆ, ਜਵਾਬਦੇਹੀ ਕੌਣ ਲਵੇਗਾ?
ਸੁਨੀਲ ਜਾਖੜ ਨੇ ਕਿਹਾ ਕਿ ਮੰਚ ’ਤੇ ਰੱਖੀਆਂ ਖਾਲੀ ਕੁਰਸੀਆਂ ਸਿਰਫ਼ ਕੁਰਸੀਆਂ ਨਹੀਂ, ਸਗੋਂ ਉਨ੍ਹਾਂ ਘਰਾਂ ਦੀ ਤਸਵੀਰ ਹਨ ਜਿੱਥੇ ਨਸ਼ਿਆਂ ਨੇ ਪੁੱਤ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਮਕਸਦ ਇਹ ਹੈ ਕਿ ਕਿਸੇ ਹੋਰ ਮਾਂ ਦਾ ਪੁੱਤ ਨਸ਼ੇ ਕਾਰਨ ਨਾ ਜਾਵੇ। ਸੁਨੀਲ ਜਾਖੜ ਨੇ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲੇ ਤਿੰਨ ਮਹੀਨਿਆਂ ’ਚ 8344 ਮਾਮਲੇ ਤੇ 13 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਦਾ ਦਾਅਵਾ ਕੀਤਾ ਗਿਆ ਸੀ, ਜਦਕਿ ਹੁਣ ਸਰਕਾਰ ਵੱਲੋਂ ਗ੍ਰਿਫ਼ਤਾਰੀਆਂ ਦੀ ਗਿਣਤੀ ਕਰੀਬ 79 ਹਜ਼ਾਰ ਦੱਸੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇੰਨੀ ਵੱਡੀ ਕਾਰਵਾਈ ਹੋਈ ਹੈ ਤਾਂ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ? ਉਨ੍ਹਾਂ ਡੀਜੀਪੀ ਵੱਲੋਂ ਨਸ਼ਾ ਬਰਾਮਦ ਹੋਣ ਵਾਲੇ ਇਲਾਕਿਆਂ ਦੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੇ ਪੁਰਾਣੇ ਐਲਾਨ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਅੱਜ ਤੱਕ ਕਿੰਨੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਗਈ
ਆਪ ਸਰਕਾਰ ਨੂੰ ਸੱਤਾ ’ਚ ਰਹਿਣ ਦਾ ਨੈਤਿਕ ਹੱਕ ਨਹੀਂ : ਕੇਵਲ ਸਿੰਘ ਢਿੱਲੋਂ
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਕਾਰਨ ਜਿੰਨੇ ਨਿਰਦੋਸ਼ ਲੋਕ ਮਾਰੇ ਗਏ ਹਨ, ਉਨ੍ਹਾਂ ਦੀ ਗਿਣਤੀ 1984 ’ਚ ਮਾਰੇ ਗਏ ਲੋਕਾਂ ਨਾਲੋਂ ਕਈ ਗੁਣਾਂ ਵੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸੱਤਾ ’ਚ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਹੈ ਤੇ ਮਾਨ ਨੂੰ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦਾ ਦਰਦ ਪੰਜਾਬ ਦੇ ਘਰ-ਘਰ ਦੀ ਕਹਾਣੀ ਹੈ ਤੇ ਭਾਜਪਾ ਇਸ ਦਰਦ ਨੂੰ ਲੋਕ ਅੰਦੋਲਨ ’ਚ ਬਦਲੇਗੀ।
ਉਨ੍ਹਾਂ 18 ਸਤੰਬਰ ਤੋਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਦੋ ਸਾਲਾਂ ’ਚ ਪੰਜਾਬ ’ਚੋਂ ਨਸ਼ੇ ਨੂੰ ਜੜੋ੍ਹਂ ਪੁੱਟਣ ਦਾ ਵਾਅਦਾ ਕੀਤਾ ਜਾਵੇਗਾ। ਉਨ੍ਹਾਂ ਭਾਜਪਾ ਦੇ ਹੋਰ ਸੂਬਿਆਂ ’ਚ ਹਿੰਸਾ ਤੇ ਗੈਂਗਸਟਰਵਾਦ ਨਾਲ ਨਜਿੱਠਣ ਦੇ ਦਾਅਵੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸੇ ਤਜ਼ਰਬੇ ਦੇ ਆਧਾਰ ’ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਰੱਖਿਆ ਜਾਵੇਗਾ।