Asian Games 2026: ਏਸ਼ਿਆਈ ਖੇਡਾਂ, ਪੰਜਾਬ ਦੇ ਖਿਡਾਰੀਆਂ ਨੇ ਵਧਾਇਆ ਦੇਸ਼ ਦਾ ਮਾਣ

ਜਪਾਨ ਦੇ ਆਈਚੀ-ਨਾਗੋਇਆ ’ਚ ਹੋਈਆਂ ਏਸ਼ੀਅਨ ਖੇਡਾਂ ’ਚ 85 ਤਮਗੇ ਜਿੱਤ ਕੇ ਭਾਰਤ ਤਮਗਾ ਸੂਚੀ ’ਚ ਚੌਥੇ ਸਥਾਨ ’ਤੇ ਰਿਹਾ

Khushdeep Singh Picture
Published On

ਬਠਿੰਡਾ (ਸੁਖਜੀਤ ਮਾਨ)। ਜਪਾਨ ਦੇ ਆਈਚੀ-ਨਾਗੋਇਆ ’ਚ ਹੋਈਆਂ ਏਸ਼ੀਅਨ ਖੇਡਾਂ ’ਚ 85 ਤਮਗੇ ਜਿੱਤ ਕੇ ਭਾਰਤ ਤਮਗਾ ਸੂਚੀ ’ਚ ਚੌਥੇ ਸਥਾਨ ’ਤੇ ਰਿਹਾ ਹੈ ਭਾਰਤ ਦੀ ਇਸ ਪ੍ਰਾਪਤੀ ’ਚ ਹਰ ਖੇਡ ਦੇ ਖਿਡਾਰੀਆਂ ਨੇ ਪੂਰਾ ਯੋਗਦਾਨ ਪਾਇਆ ਵੱਖ-ਵੱਖ ਟੀਮਾਂ ਅਤੇ ਵਿਅਕਤੀਗਤ ਪੱਧਰ ’ਤੇ ਪੰਜਾਬ ਦੇ ਦੋ ਦਰਜ਼ਨ ਤੋਂ ਵੱਧ ਖਿਡਾਰੀ ਦੇਸ਼ ਲਈ ਖੇਡੇ ਤੇ ਦੇਸ਼ ਨੂੰ ਤਮਗੇ ਜਿਤਾਉਣ ’ਚ ਵਡਮੁੱਲਾ ਯੋਗਦਾਨ ਪਾਇਆ ਹੈ ਪੰਜਾਬ ਦੇ ਖਿਡਾਰੀਆਂ ਨੇ 4 ਸੋਨ, 1 ਚਾਂਦੀ ਤੇ 4 ਕਾਂਸੀ ਦੇ ਤਮਗੇ ਦੇਸ਼ ਲਈ ਜਿੱਤੇ ਹਨ ਪੰਜਾਬ ਦੇ ਇਹ ਖਿਡਾਰੀ ਉਸ ਵੇਲੇ ਪੰਜਾਬ ਦੇ ਨੌਜਵਾਨਾਂ ਲਈ ਰੋਲ ਮਾਡਲ ਬਣੇ ਹਨ ਜਦੋਂ ਪੰਜਾਬ ਨੂੰ ਸਿਰਫ ਉੱਡਦਾ ਪੰਜਾਬ ਕਹਿ ਕੇ ਹੀ ਭੰਡਿਆ ਜਾ ਰਿਹਾ ਹੈ ਖਿਡਾਰੀਆਂ ਦੀ ਪ੍ਰਾਪਤੀ ਨੇ ‘ਖੇਡਦਾ ਪੰਜਾਬ’ ਵੀ ਦਰਸਾ ਦਿੱਤਾ ਹੈ। Asian Games 2026

ਵੇਰਵਿਆਂ ਮੁਤਾਬਿਕ ਭਾਰਤੀ ਪੁਰਸ਼ ਹਾਕੀ ਟੀਮ, ਜਿਸ ਨੇ ਸੋਨ ਤਮਗਾ ਭਾਰਤ ਦੀ ਝੋਲੀ ਪਾਇਆ, ਟੀਮ ’ਚ ਕਪਤਾਨ ਸਮੇਤ 8 ਖਿਡਾਰੀ ਪੰਜਾਬ ਦੇ ਸਨ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਪਤਾਨ ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ, ਜ਼ਿਲ੍ਹਾ ਜਲੰਧਰ ਤੋਂ  ਹਾਰਦਿਕ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਖੇਡੇ। ਭਾਰਤੀ ਮਹਿਲਾ ਹਾਕੀ ਟੀਮ ’ਚ ਪੰਜਾਬ ਦੀ ਇਕਲੌਤੀ ਖਿਡਾਰਨ ਬਲਜੀਤ ਕੌਰ ਜ਼ਿਲ੍ਹਾ ਤਰਨਤਾਰਨ ਦੀ ਸੀ, ਮਹਿਲਾ ਹਾਕੀ ਟੀਮ ਨੇ ਵੀ ਸੋਨ ਤਮਗਾ ਜਿੱਤਿਆ ਹੈ, ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਨੇ ਵੀ ਸੋਨ ਤਮਗੇ ਜਿੱਤੇ, ਪੁਰਸ਼ ਟੀਮ ’ਚ ਮੋਹਾਲੀ ਦੇ ਅਰਸ਼ਦੀਪ ਸਿੰਘ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਭਿਸ਼ੇਕ ਸ਼ਰਮਾ ਸਨ ਜਦੋਂਕਿ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਮੋਗਾ ਤੋਂ ਹੈ। Asian Games 2026

ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੀ ਜੰਮਪਲ ਨਿਸ਼ਾਨੇਬਾਜ਼ ਪਰਿਨਾਜ ਧਾਲੀਵਾਲ ਨੇ ਮਹਿਲਾ ਸਕੀਟ ਟੀਮ ’ਚ ਕਾਂਸੀ ਦਾ ਤਮਗਾ ਜਿੱਤਿਆ  ਨਿਸ਼ਾਨੇਬਾਜ਼ੀ ’ਚ ਹੀ ਪੁਰਸ਼ ਸਕੀਟ ਟੀਮ ’ਚ ਭਵਤੇਗ ਸਿੰਘ ਗਿੱਲ ਨੇ ਕਾਂਸੀ ਦਾ ਤਮਗਾ ਜਿੱਤਿਆ  ਜਲੰਧਰ ਜ਼ਿਲ੍ਹੇ ਦੇ ਗੁਰਿੰਦਰਵੀਰ ਸਿੰਘ ਨੇ ਮਿਕਸਡ ਰਿਲੇਅ ਦੌੜ ’ਚੋਂ ਕਾਂਸੀ ਦਾ ਤਮਗਾ ਜਿੱਤਿਆ ਮੋਗਾ ਜ਼ਿਲ੍ਹੇ ਦੇ ਜੰਮਪਾਲ ਤੇਜਿੰਦਰ ਸਿੰਘ ਤੂਰ ਨੇ 20.64 ਮੀਟਰ ਗੋਲਾ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ ਤੂਰ ਨੇ 2018 ਤੇ 2022 ਦੀਆਂ ਏਸ਼ੀਅਨ ਖੇਡਾਂ ’ਚੋਂ ਸੋਨ ਤਮਗੇ ਜਿੱਤੇ ਸਨ ਰੋਇੰਗ ਟੀਮਾਂ ’ਚ ਸ਼ਾਮਲ ਖਿਡਾਰੀਆਂ ਕਰਕੇ ਮਾਨਸਾ ਦਾ ਨਾਂਅ ਦੇਸ਼ ’ਚ ਜਾਣਿਆ ਜਾਣ ਲੱਗਾ ਹੈ ਰੋਇੰਗ ਟੀਮ ’ਚ ਸ਼ਾਮਲ ਜ਼ਿਲ੍ਹਾ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦੇ ਖਿਡਾਰੀ ਸਤਨਾਮ ਸਿੰਘ ਨੇ ਏਸ਼ੀਆਈ ਖੇਡਾਂ ’ਚੋਂ ਲਗਾਤਾਰ ਦੂਜਾ ਚਾਂਦੀ ਦਾ ਤਮਗਾ ਜਿੱਤਿਆ ਸਤਨਾਮ ਸਿੰਘ ਨੇ ਆਪਣੇ ਜੋੜੀਦਾਰ ਸਲਮਾਨ ਖਾਨ ਨਾਲ ਡਬਲ ਸਕਿੱਲਸ ਦੇ ਫਾਈਨਲ ’ਚ 13.25 ਸੈਕਿੰਡ ਦੇ ਸਮੇਂ ਨਾਲ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ।

ਇਹ ਵੀ ਪੜ੍ਹੋ : Baljit Kaur Asian Games: ਏਸ਼ੀਆਈ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਪਰਤੀ ਹਾਕੀ ਖਿਡਾਰਨ ਬਲਜੀਤ ਕੌਰ ਦਾ ਸ਼ਾਨਦਾਰ ਸਵਾਗਤ

ਪੰਜਾਬ ਸਰਕਾਰ ਖਿਡਾਰੀਆਂ ਨੂੰ ਦੇਵੇਗੀ ਨਗਦ ਇਨਾਮ | Asian Games 2026

ਪੰਜਾਬ ਦੀ ਖੇਡ ਨੀਤੀ ਤਹਿਤ ਏਸ਼ੀਅਨ ਖੇਡਾਂ ’ਚੋਂ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ ਜਿਸ ਵੀ ਖੇਡ ’ਚ ਪੰਜਾਬ ਦਾ ਖਿਡਾਰੀ ਤਮਗਾ ਜਿੱਤਦਾ ਤਾਂ ਖੇਡਾਂ ਦੇ ਸ਼ੌਕੀਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਰੰਤ ਨਗਦ ਰਾਸ਼ੀ ਦਾ ਜ਼ਿਕਰ ਕਰਕੇ ਖਿਡਾਰੀਆਂ ਦਾ ਹੌਂਸਲਾ ਵਧਾਉਂਦੇ ਰਹੇ ਸੋਨ ਤਮਗਾ ਜੇਤੂਆਂ ਨੂੰ 1 ਕਰੋੜ ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲਿਆਂ ਨੂੰ 75 ਲੱਖ ਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 50 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ

ਭਾਰਤੀ ਟੀਮਾਂ ਦੇ ਦੋ ਕਪਤਾਨ ਪੰਜਾਬ ਤੋਂ

ਏਸ਼ੀਅਨ ਖੇਡਾਂ ’ਚ ਹਿੱਸਾ ਲੈਣ ਵਾਲੀਆਂ ਭਾਰਤ ਦੀਆਂ ਦੋ ਟੀਮਾਂ ਦੀ ਅਗਵਾਈ ਪੰਜਾਬ ਦੇ ਖਿਡਾਰੀਆਂ ਨੇ ਕੀਤੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਨ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਹਰਮਨਪ੍ਰੀਤ ਕੌਰ ਨੇ ਕੀਤੀ

About The Author

Related Posts