Baljit Kaur Asian Games: ਏਸ਼ੀਆਈ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਪਰਤੀ ਹਾਕੀ ਖਿਡਾਰਨ ਬਲਜੀਤ ਕੌਰ ਦਾ ਸ਼ਾਨਦਾਰ ਸਵਾਗਤ

ਏਸ਼ਿਆਈ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਪਰਤੀ ਹਾਕੀ ਖਿਡਾਰਨ ਬਲਜੀਤ ਕੌਰ ਦਾ ਸ਼ਾਨਦਾਰ ਸਵਾਗਤ

Khushdeep Singh Picture
Published On

ਤਰਨ ਤਾਰਨ (ਸੱਚ ਕਹੂੰ ਨਿਊਜ਼/ਹਿੰ.ਸ.)। ਏਸ਼ਿਆਈ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਪਰਤੀ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਬਲਜੀਤ ਕੌਰ ਦਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ, ਕੋਚ ਸ਼ਰਨਜੀਤ ਸਿੰਘ ਤੇ ਦਵਿੰਦਰ ਸਿੰਘ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਬਲਜੀਤ ਕੌਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਖੇਡ ਪ੍ਰੇਮੀ ਤੇ ਇਲਾਕਾ ਵਾਸੀ ਵੀ ਵੱਡੀ ਗਿਣਤੀ ’ਚ ਸਵਾਗਤ ਲਈ ਪਹੁੰਚੇ। ਇਸ ਦੌਰਾਨ ਫੁੱਲਾਂ ਦੀ ਵਰਖਾ ਹੋਈ ਤੇ ਢੋਲ ਦੇ ਡਗੇ ’ਤੇ ਭੰਗੜੇ ਵੀ ਪਾਏ ਗਏ। ਜਾਪਾਨ ਦੇ ਆਈਚੀ ਨਾਗੋਆ ਵਿਖੇ ਹੋਈਆਂ 20ਵੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਮੁਕਾਬਲੇ ’ਚ ਚੀਨ ਨੂੰ ਮਾਤ ਦੇ ਕੇ ਚੈਂਪੀਅਨ ਬਣੀ ਭਾਰਤੀ ਮਹਿਲਾ ਹਾਕੀ ਟੀਮ ’ਚ ਬਲਜੀਤ ਕੌਰ ਪੰਜਾਬ ਦੀ ਇਕਲੌਤੀ ਖਿਡਾਰਨ ਸੀ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਛੋਟੇ ਜਿਹੇ ਪਿੰਡ ਕੱਕਾ ਕੰਡਿਆਲਾ ਦੀ ਇਸ ਹੋਣਹਾਰ ਧੀ ਬਲਜੀਤ ਕੌਰ ਨੇ ਇਤਿਹਾਸ ਰਚਦਿਆਂ ਆਪਣੇ ਮਾਪਿਆਂ, ਪਿੰਡ, ਜ਼ਿਲ੍ਹੇ, ਸੂਬੇ ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਹੋਰਨਾਂ ਧੀਆਂ ਨੂੰ ਵੀ ਬਲਜੀਤ ਕੌਰ ਤੋਂ ਪ੍ਰੇਰਨਾ ਲੈ ਕੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਦਾ ਸੁਨੇਹਾ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ’ਚ 44 ਸਾਲਾਂ ਬਾਅਦ ਸੋਨ ਤਗਮਾ ਜਿੱਤਿਆ ਹੈ। ਇਸ ਤਰ੍ਹਾਂ ਟੀਮ ਨੇ 2028 ’ਚ ਹੋਣ ਵਾਲੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧੀ ਯੋਗਤਾ ਹਾਸਲ ਕਰ ਲਈ ਹੈ।

ਇਹ ਵੀ ਪੜ੍ਹੋ : Yemen Explosion News: ਯਮਨ ’ਚ ਲਾਲ ਸਾਗਰ ਤੇ ਅਦਨ ਦੀ ਖਾੜੀ ਦੇ ਮੁਹਾਨੇ ’ਤੇ ਆਇਲ ਟੈਂਕਰ ਨੇੜੇ ਧਮਾਕੇ, ਚੇਤਾਵਨੀ ਜਾਰੀ

About The Author

Related Posts