Punjab
Crime News: ਅੰਮ੍ਰਿਤਸਰ ’ਚ ਈ-ਰਿਕਸ਼ਾ ਚਾਲਕ ਦਾ ਕਤਲ, ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ
ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼/ਹਿੰ.ਸ.)। ਅੰਮ੍ਰਿਤਸਰ ਵਿੱਚ ਇੱਕ ਈ-ਰਿਕਸ਼ਾ ਚਾਲਕ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੂੰ ਉਸ ਦਾ ਇੱਕ ਦੋਸਤ ਘਰੋਂ ਆਪਣੇ ਨਾਲ ਲੈ ਕੇ ਗਿਆ ਸੀ। ਕੁਝ ਸਮੇਂ ਬਾਅਦ ਉਹ ਗੰਭੀਰ ਜ਼ਖ਼ਮੀ ਹਾਲਤ ’ਚ ਮਿਲਿਆ। ਉਸ ਦੇ ਸਿਰ ਤੇ ਸਰੀਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ ਤੇ ਕਾਫੀ ਖੂਨ ਵਹਿ ਰਿਹਾ ਸੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (40) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਲੜਾਈ-ਝਗੜੇ ਨਾਲ ਸਬੰਧਤ ਕਰੀਬ 5-6 ਮਾਮਲੇ ਦਰਜ ਸਨ। ਉਹ ਸੋਮਵਾਰ ਨੂੰ ਵੀ ਇੱਕ ਮਾਮਲੇ ’ਚ ਅਦਾਲਤ ’ਚ ਪੇਸ਼ ਹੋ ਕੇ ਵਾਪਸ ਆਇਆ ਸੀ। ਸੰਦੀਪ ਅਣਵਿਆਹਿਆ ਸੀ ਤੇ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 8 ਵਜੇ ਹੈੱਪੀ ਵਾਸੀ ਭਰਾਡੀਵਾਲ ਉਨ੍ਹਾਂ ਦੇ ਘਰ ਆਇਆ ਤੇ ਸੰਦੀਪ ਨੂੰ ਆਪਣੇ ਨਾਲ ਲੈ ਗਿਆ। Crime News
ਇਹ ਵੀ ਪੜ੍ਹੋ : Saint Dr MSG: ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ
ਦੋਵੇਂ ਸੰਦੀਪ ਦੇ ਈ-ਰਿਕਸ਼ਾ ’ਤੇ ਸਵਾਰ ਹੋ ਕੇ ਢਪਈ ਰੋਡ ਵੱਲ ਗਏ। ਪਰਿਵਾਰ ਮੁਤਾਬਕ ਉੱਥੇ ਨੌਨੀ ਤੇ ਮੋਹਿਤ ਆਪਣੇ 10-15 ਸਾਥੀਆਂ ਸਮੇਤ ਮੌਜੂਦ ਸਨ। ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਸੰਦੀਪ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਦੇ ਸਿਰ ’ਤੇ ਕਰੀਬ 10-12 ਵਾਰ ਕੀਤੇ ਗਏ। ਇਸ ਤੋਂ ਇਲਾਵਾ ਮੂੰਹ, ਗਰਦਨ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੇ ਨਿਸ਼ਾਨ ਮਿਲੇ। ਸੂਚਨਾ ਮਿਲਣ ’ਤੇ ਪਰਿਵਾਰ ਮੌਕੇ ’ਤੇ ਪਹੁੰਚਿਆ ਤੇ ਸੰਦੀਪ ਨੂੰ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਭੈਣ ਬਲਜੀਤ ਕੌਰ ਨੇ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਸੰਦੀਪ ਘਰ ਆਇਆ ਸੀ। ਬਾਅਦ ਵਿੱਚ ਪਰਿਵਾਰ ਨੂੰ ਉਸ ਨਾਲ ਕੁੱਟਮਾਰ ਹੋਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚ ਕੇ ਪਰਿਵਾਰ ਨੇ ਸੰਦੀਪ ਨੂੰ ਖੂਨ ਨਾਲ ਲਥਪਥ ਹਾਲਤ ’ਚ ਵੇਖਿਆ। ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਮੌਜੂਦ ਲੋਕ ਮਦਦ ਕਰਨ ਦੀ ਬਜਾਏ ਮੋਬਾਈਲ ਫੋਨਾਂ ਨਾਲ ਵੀਡੀਓ ਬਣਾਉਂਦੇ ਰਹੇ।
ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਸੰਦੀਪ ’ਤੇ ਕਈ ਵਾਰ ਕੀਤੇ ਗਏ, ਜਦਕਿ ਉਸ ਦੇ ਨਾਲ ਗਿਆ ਹੈੱਪੀ ਬਿਲਕੁਲ ਠੀਕ ਸੀ ਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ। ਇਸ ਕਾਰਨ ਪਰਿਵਾਰ ਨੇ ਹੈੱਪੀ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਐੱਸਐੱਚਓ ਮਨਜੀਤ ਕੌਰ ਨੇ ਦੱਸਿਆ ਕਿ ਸੰਦੀਪ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਪੁਲਿਸ ਪਰਿਵਾਰ ਦੇ ਬਿਆਨਾਂ ਦੇ ਨਾਲ-ਨਾਲ ਸੀਸੀਟੀਵੀ ਫੁਟੇਜ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕਰਕੇ ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। Crime News